₹2,000 ਤੋਂ ਵੱਧ ਦੇ ਚੋਣਵੇਂ ਮਰਚੈਂਟ ਲੈਣ-ਦੇਣ ’ਤੇ 0.4% MDR ਵਾਪਸ ਲੈਣ ਦੀ ਮੰਗ; ਸਰਕਾਰ ਨੇ ਕਿਹਾ—ਗਾਹਕਾਂ ’ਤੇ ਨਹੀਂ ਲੱਗੇਗਾ ਚਾਰਜ
ਜਲੰਧਰ, 19 ਸਤੰਬਰ: ਜ਼ਿਲ੍ਹਾ ਕਾਂਗਰਸ ਵੱਲੋਂ UPI ਦੇ ਨਵੇਂ Merchant Discount Rate (MDR) ਢਾਂਚੇ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ₹2,000 ਤੋਂ ਵੱਧ ਦੇ UPI ਲੈਣ-ਦੇਣ ਨਾਲ ਸਬੰਧਤ ਨਵੇਂ MDR ਪ੍ਰਬੰਧ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਇਸ ਫ਼ੈਸਲੇ ਦਾ ਅਸਰ ਆਖ਼ਰਕਾਰ ਆਮ ਲੋਕਾਂ, ਮੱਧ ਵਰਗ ਅਤੇ ਛੋਟੇ ਵਪਾਰੀਆਂ ’ਤੇ ਪੈ ਸਕਦਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਬਿਜਲੀ ਬਿੱਲ, ਸਕੂਲ ਫੀਸ, ਦਵਾਈਆਂ, ਘਰੇਲੂ ਰਾਸ਼ਨ ਅਤੇ ਵਪਾਰਕ ਲੈਣ-ਦੇਣ ਵਿੱਚ ₹2,000 ਤੋਂ ਵੱਧ ਦੀ ਅਦਾਇਗੀ ਆਮ ਗੱਲ ਹੈ। ਉਨ੍ਹਾਂ ਸਵਾਲ ਉਠਾਇਆ ਕਿ ਇੱਕ ਪਾਸੇ ਸਰਕਾਰ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰ ਰਹੀ ਹੈ, ਜਦਕਿ ਦੂਜੇ ਪਾਸੇ ਵੱਡੇ ਮਰਚੈਂਟ ਲੈਣ-ਦੇਣ ’ਤੇ MDR ਲਾਗੂ ਕੀਤਾ ਜਾ ਰਿਹਾ ਹੈ।
ਕੀ ਹੈ ਅਸਲ ਨਵਾਂ UPI ਨਿਯਮ?
ਕੇਂਦਰੀ ਵਿੱਤ ਮੰਤਰਾਲੇ ਦੀ ਅਧਿਕਾਰਤ ਸਪੱਸ਼ਟੀਕਰਨ ਮੁਤਾਬਕ ਇਸ ਨੂੰ “UPI ਟੈਕਸ” ਕਹਿਣਾ ਤਕਨੀਕੀ ਤੌਰ ’ਤੇ ਸਹੀ ਨਹੀਂ ਹੈ। ਨਵੇਂ ਢਾਂਚੇ ਤਹਿਤ ਵਿਅਕਤੀ ਤੋਂ ਵਿਅਕਤੀ (P2P) UPI ਟ੍ਰਾਂਜੈਕਸ਼ਨ ਰਕਮ ਭਾਵੇਂ ਕਿੰਨੀ ਵੀ ਹੋਵੇ, ਮੁਫ਼ਤ ਰਹਿਣਗੇ। ₹2,000 ਤੱਕ ਦੇ ਮਰਚੈਂਟ ਭੁਗਤਾਨ ਵੀ ਮੁਫ਼ਤ ਰਹਿਣਗੇ, ਜਦਕਿ ₹2,000 ਤੋਂ ਵੱਧ ਦੇ ਚੋਣਵੇਂ Person-to-Merchant (P2M) ਲੈਣ-ਦੇਣ ’ਤੇ 0.4 ਫੀਸਦੀ MDR ਲਾਗੂ ਹੋਵੇਗਾ। ਸਰਕਾਰ ਮੁਤਾਬਕ ਲਗਭਗ 96 ਫੀਸਦੀ ਮਰਚੈਂਟ UPI ਲੈਣ-ਦੇਣ ਇਸ ਤੋਂ ਪ੍ਰਭਾਵਿਤ ਨਹੀਂ ਹੋਣਗੇ।
ਵਿੱਤ ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ MDR ਸਰਕਾਰ ਜਾਂ NPCI ਵੱਲੋਂ ਵਸੂਲਿਆ ਜਾਣ ਵਾਲਾ ਟੈਕਸ ਨਹੀਂ, ਸਗੋਂ ਭੁਗਤਾਨ ਪ੍ਰਣਾਲੀ ਨਾਲ ਜੁੜੇ ਬੈਂਕਾਂ ਅਤੇ ਸੇਵਾ ਪ੍ਰਦਾਤਾਵਾਂ ਵਿਚਕਾਰ ਵੰਡਿਆ ਜਾਣ ਵਾਲਾ ਚਾਰਜ ਹੈ। ਸਰਕਾਰ ਮੁਤਾਬਕ ਗਾਹਕ ਤੋਂ ਇਹ MDR ਨਹੀਂ ਲਿਆ ਜਾਣਾ ਹੈ।
ਕਾਂਗਰਸ ਨੇ ਫ਼ੈਸਲਾ ਵਾਪਸ ਲੈਣ ਦੀ ਕੀਤੀ ਮੰਗ
ਕਾਂਗਰਸੀ ਆਗੂਆਂ ਨੇ ਕਿਹਾ ਕਿ ਨਵੇਂ MDR ਨਾਲ ਵਪਾਰੀਆਂ ਦੀ ਲਾਗਤ ਵਧ ਸਕਦੀ ਹੈ ਅਤੇ ਇਸ ਦਾ ਅਸਿੱਧਾ ਬੋਝ ਖਪਤਕਾਰਾਂ ਤੱਕ ਪਹੁੰਚਣ ਦਾ ਖ਼ਦਸ਼ਾ ਹੈ। ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਵੀ ਕੌਮੀ ਪੱਧਰ ’ਤੇ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਗਾਹਕਾਂ ਅਤੇ ਛੋਟੇ ਵਪਾਰੀਆਂ ਨੂੰ ਨਵੇਂ ਢਾਂਚੇ ਤੋਂ ਸੁਰੱਖਿਅਤ ਰੱਖਿਆ ਗਿਆ ਹੈ।
ਪ੍ਰਦਰਸ਼ਨ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਜਲੰਧਰ ਵੈਸਟ ਹਲਕਾ ਇੰਚਾਰਜ ਸੁਰਿੰਦਰ ਕੌਰ, ਪਰਮਜੋਤ ਸਿੰਘ ਸ਼ੈਰੀ ਚੱਢਾ, ਪਵਨ ਕੁਮਾਰ, ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਪ੍ਰੇਮ ਨਾਥ ਦਕੋਹਾ, ਰਵੀਸ਼ ਰਾਜ ਸ਼ਰਮਾ, ਪ੍ਰਭਦਿਆਲ ਭਗਤ, ਜਗਦੀਪ ਸਿੰਘ ਸੋਨੂੰ ਸੰਧਰ, ਸੋਮ ਰਾਜ ਸੋਮੀ, ਰਾਜੇਸ਼ ਜਿੰਦਲ, ਅਮਨ ਧੰਨੋਵਾਲੀ, ਸੁਨੀਲ ਕੁਮਾਰ, ਰਮੇਸ਼ ਕੁਮਾਰ, ਹਰਦੀਪ ਸਿੰਘ, ਮਨਜੀਤ ਸਿੰਘ ਸਿਮਰਨ, ਅਸ਼ੋਕ ਹੰਸ, ਸਰਬਜੀਤ ਮੰਨਾ, ਮਨਮੋਹਨ ਬੰਗਾ, ਜਤਿੰਦਰ ਜੋਨੀ, ਸਤਪਾਲ ਮਿੱਕਾ, ਰਾਜੀਵ ਗਿੱਲ, ਕਰਨ ਵਰਮਾ, ਅਸ਼ਵਨੀ ਸ਼ਰਮਾ, ਕੁਲਦੀਪ ਸ਼ਰਮਾ, ਹਾਮਿਦ ਮਸੀਹ, ਆਲਮ, ਵਿਨੋਦ ਖੰਨਾ, ਹੈਦਰ, ਸੁਭਾਸ਼ ਢੱਲ, ਗੁਲਸ਼ਨ ਮਿੱਡਾ ਅਤੇ ਯਸ਼ ਪਾਲ ਸਫਰੀ ਸਮੇਤ ਹੋਰ ਵਰਕਰ ਮੌਜੂਦ ਸਨ।