ਸਮਰਾਟ ਨਾਰੁਹਿਤੋ ਨੇ ਖੇਡਾਂ ਦਾ ਕੀਤਾ ਰਸਮੀ ਉਦਘਾਟਨ; ਭਾਰਤ ਦੇ 500 ਤੋਂ ਵੱਧ ਖਿਡਾਰੀ 36 ਖੇਡਾਂ ’ਚ ਲੈ ਰਹੇ ਹਿੱਸਾ
ਨਾਗੋਆ (ਜਾਪਾਨ), 19 ਸਤੰਬਰ: ਜਾਪਾਨ ਦੇ ਆਈਚੀ-ਨਾਗੋਆ ਵਿੱਚ ਸ਼ਨੀਵਾਰ ਨੂੰ ਰੰਗਾਰੰਗ ਅਤੇ ਹਾਈਟੈਕ ਉਦਘਾਟਨੀ ਸਮਾਰੋਹ ਨਾਲ 20ਵੀਆਂ ਏਸ਼ੀਅਨ ਖੇਡਾਂ 2026 ਦਾ ਰਸਮੀ ਆਗਾਜ਼ ਹੋ ਗਿਆ। ਜਾਪਾਨ ਦੇ ਸਮਰਾਟ ਨਾਰੁਹਿਤੋ ਨੇ ਮਿਜ਼ੂਹੋ ਪਾਰਕ ਐਥਲੈਟਿਕ ਸਟੇਡੀਅਮ ਵਿੱਚ ਖੇਡਾਂ ਨੂੰ ਅਧਿਕਾਰਤ ਤੌਰ ’ਤੇ ਖੁੱਲ੍ਹਾ ਐਲਾਨਿਆ।
ਭਾਰਤ ਵੱਲੋਂ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਕਬੱਡੀ ਸਟਾਰ ਪਵਨ ਸਹਿਰਾਵਤ ਨੇ ਤਿਰੰਗਾ ਚੁੱਕ ਕੇ Parade of Nations ਦੌਰਾਨ ਭਾਰਤੀ ਦਲ ਦੀ ਅਗਵਾਈ ਕੀਤੀ। ਭਾਰਤ ਦੇ 500 ਤੋਂ ਵੱਧ ਖਿਡਾਰੀ 36 ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।
ਆਖ਼ਰੀ ਸਮੇਂ ਪਵਨ ਸਹਿਰਾਵਤ ਬਣੇ ਝੰਡਾਬਰਦਾਰ
ਪਹਿਲਾਂ ਦੋ ਵਾਰ ਦੇ ਏਸ਼ੀਅਨ ਗੇਮਜ਼ ਚੈਂਪੀਅਨ ਸ਼ਾਟਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੂੰ ਮਨੂ ਭਾਕਰ ਨਾਲ ਪੁਰਸ਼ ਝੰਡਾਬਰਦਾਰ ਬਣਾਇਆ ਗਿਆ ਸੀ। ਹਾਲਾਂਕਿ ਲਾਜਿਸਟਿਕ ਕਾਰਨਾਂ ਕਰਕੇ ਉਹ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ, ਜਿਸ ਤੋਂ ਬਾਅਦ ਆਖ਼ਰੀ ਸਮੇਂ ਪਵਨ ਸਹਿਰਾਵਤ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ।
ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਦੋ ਕਾਂਸੀ ਦੇ ਤਮਗੇ ਜਿੱਤੇ ਸਨ। ਉੱਥੇ ਹੀ ਪਵਨ ਸਹਿਰਾਵਤ ਪਿਛਲੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਕਬੱਡੀ ਟੀਮ ਦੇ ਅਹਿਮ ਮੈਂਬਰ ਰਹੇ ਹਨ।
‘Harmonic Heart Beat’ ਥੀਮ ’ਤੇ ਹੋਇਆ ਉਦਘਾਟਨੀ ਸਮਾਰੋਹ
ਉਦਘਾਟਨੀ ਸਮਾਰੋਹ ਦੀ ਥੀਮ ‘Harmonic Heart Beat’ ਰੱਖੀ ਗਈ। ਸਮਾਰੋਹ ਵਿੱਚ ਜਾਪਾਨ ਦੀ ਰਵਾਇਤੀ ਸੱਭਿਆਚਾਰਕ ਵਿਰਾਸਤ ਨੂੰ ਆਧੁਨਿਕ ਤਕਨੀਕ ਨਾਲ ਜੋੜਦਿਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਦਿਲ ਦੇ ਆਕਾਰ ਦਾ ਸਟੇਜ, ਉਦਯੋਗਿਕ ਰੋਬੋਟ ਅਤੇ ਰਵਾਇਤੀ ਜਾਪਾਨੀ ਕਲਾ ਦੇ ਰੰਗ ਸਮਾਰੋਹ ਦਾ ਖ਼ਾਸ ਆਕਰਸ਼ਣ ਰਹੇ।
ਏਸ਼ੀਆ ਦੇ 45 ਦੇਸ਼ਾਂ ਅਤੇ ਖੇਤਰਾਂ ਦੇ ਖਿਡਾਰੀਆਂ ਨੇ ਉਦਘਾਟਨੀ ਪਰੇਡ ਵਿੱਚ ਹਿੱਸਾ ਲਿਆ। ਜਾਪਾਨ ਵਿੱਚ 1994 ਤੋਂ ਬਾਅਦ ਪਹਿਲੀ ਵਾਰ ਏਸ਼ੀਅਨ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਭਾਰਤ ਨਿਸ਼ਾਨੇਬਾਜ਼ੀ, ਐਥਲੈਟਿਕਸ, ਕਬੱਡੀ, ਬੈਡਮਿੰਟਨ ਸਮੇਤ ਕਈ ਖੇਡਾਂ ਵਿੱਚ ਮੈਦਾਨ ਵਿੱਚ ਉਤਰੇਗਾ। ਆਈਚੀ-ਨਾਗੋਆ ਏਸ਼ੀਅਨ ਗੇਮਜ਼ 19 ਸਤੰਬਰ ਤੋਂ 4 ਅਕਤੂਬਰ ਤੱਕ ਚੱਲਣਗੀਆਂ।