Saturday, 19 September 2026
ਦਿੱਲੀ IGI ਏਅਰਪੋਰਟ ’ਤੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ, 2.168 ਕਿਲੋ ਸੋਨਾ ਬਰਾਮਦ

ਦਿੱਲੀ IGI ਏਅਰਪੋਰਟ ’ਤੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ, 2.168 ਕਿਲੋ ਸੋਨਾ ਬਰਾਮਦ

ਦੁਬਈ ਤੋਂ ਆਏ ਮਹਿਲਾ ਤੇ ਪੁਰਸ਼ ਯਾਤਰੀ ਕਾਬੂ; 10 ਤੋਲੇ ਦੀਆਂ 10 ਅਤੇ ਇੱਕ ਕਿਲੋ ਦੀ ਇੱਕ ਸੋਨੇ ਦੀ ਇੱਟ ਬਰਾਮਦ

ਨਵੀਂ ਦਿੱਲੀ, 19 ਸਤੰਬਰ: ਦਿੱਲੀ ਕਸਟਮਜ਼ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ’ਤੇ ਸੋਨੇ ਦੀ ਤਸਕਰੀ ਦੀ ਇੱਕ ਕਥਿਤ ਕੋਸ਼ਿਸ਼ ਨਾਕਾਮ ਕਰਦਿਆਂ ਦੁਬਈ ਤੋਂ ਆਏ ਦੋ ਯਾਤਰੀਆਂ ਕੋਲੋਂ 2.168 ਕਿਲੋ ਸੋਨਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੋਵਾਂ ਯਾਤਰੀਆਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦਿੱਲੀ ਕਸਟਮਜ਼ (Airport & General) ਮੁਤਾਬਕ ਇਹ ਕਾਰਵਾਈ 18 ਅਤੇ 19 ਸਤੰਬਰ ਦੀ ਦਰਮਿਆਨੀ ਰਾਤ ਖ਼ਾਸ ਖੁਫ਼ੀਆ ਜਾਣਕਾਰੀ ਅਤੇ ਪੈਸੇਂਜਰ ਪ੍ਰੋਫਾਈਲਿੰਗ ਦੇ ਆਧਾਰ ’ਤੇ ਕੀਤੀ ਗਈ। ਏਅਰਪੋਰਟ ਇੰਟੈਲੀਜੈਂਸ ਯੂਨਿਟ ਦੀ ਐਂਟੀ-ਸਮੱਗਲਿੰਗ ਟੀਮ ਨੇ Emirates ਦੀ ਫਲਾਈਟ EK-514 ਰਾਹੀਂ ਦੁਬਈ ਤੋਂ ਪਹੁੰਚੇ ਇੱਕ ਮਹਿਲਾ ਅਤੇ ਇੱਕ ਪੁਰਸ਼ ਯਾਤਰੀ ’ਤੇ ਨਿਗਰਾਨੀ ਰੱਖੀ।

ਵਾਸ਼ਰੂਮ ਨੇੜੇ ਦੋਵਾਂ ਦੀ ਮੁਲਾਕਾਤ ਤੋਂ ਬਾਅਦ ਵਧਿਆ ਸ਼ੱਕ

ਕਸਟਮਜ਼ ਅਧਿਕਾਰੀਆਂ ਮੁਤਾਬਕ ਦੋਵੇਂ ਯਾਤਰੀਆਂ ਨੂੰ ਬੈਗੇਜ ਬੈਲਟ ਨੰਬਰ 12 ਅਤੇ 13 ਨੇੜੇ ਸਥਿਤ ਵਾਸ਼ਰੂਮ ਕੋਲ ਆਪਸ ਵਿੱਚ ਸੰਪਰਕ ਕਰਦਿਆਂ ਦੇਖਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕਸਟਮਜ਼ ਗ੍ਰੀਨ ਚੈਨਲ ਦੇ ਐਗਜ਼ਿਟ ’ਤੇ ਰੋਕ ਲਿਆ ਗਿਆ।

ਮਹਿਲਾ ਯਾਤਰੀ ਦੇ ਸਾਮਾਨ ਦੀ ਜਾਂਚ ਅਤੇ ਡੋਰ ਫਰੇਮ ਮੈਟਲ ਡਿਟੈਕਟਰ (DFMD) ਰਾਹੀਂ ਕੀਤੀ ਗਈ ਸਕ੍ਰੀਨਿੰਗ ਦੌਰਾਨ ਕੁਝ ਸ਼ੱਕੀ ਨਹੀਂ ਮਿਲਿਆ। ਹਾਲਾਂਕਿ ਪੁਰਸ਼ ਯਾਤਰੀ ਨੂੰ DFMD ਵਿੱਚੋਂ ਲੰਘਾਉਣ ’ਤੇ ਮਜ਼ਬੂਤ ਅਲਰਟ ਮਿਲਿਆ, ਜਿਸ ਤੋਂ ਬਾਅਦ ਉਸ ਦੀ ਵਿਸਥਾਰ ਨਾਲ ਤਲਾਸ਼ੀ ਲਈ ਗਈ।

11 ਸੋਨੇ ਦੀਆਂ ਇੱਟਾਂ ਬਰਾਮਦ

ਕਸਟਮਜ਼ ਦੇ ਦਾਅਵੇ ਮੁਤਾਬਕ ਤਲਾਸ਼ੀ ਦੌਰਾਨ ਕੁੱਲ 11 ਸੋਨੇ ਦੀਆਂ ਇੱਟਾਂ ਬਰਾਮਦ ਹੋਈਆਂ। ਇਨ੍ਹਾਂ ਵਿੱਚ 10-ਤੋਲੇ ਦੀਆਂ 10 ਇੱਟਾਂ ਅਤੇ ਇੱਕ ਕਿਲੋ ਦੀ ਇੱਕ ਇੱਟ ਸ਼ਾਮਲ ਹੈ। ਬਰਾਮਦ ਸੋਨੇ ਦਾ ਕੁੱਲ ਵਜ਼ਨ 2,168 ਗ੍ਰਾਮ (2.168 ਕਿਲੋ) ਦੱਸਿਆ ਗਿਆ ਹੈ।

ਦੋਵਾਂ ਯਾਤਰੀਆਂ ਨੂੰ ਕਸਟਮਜ਼ ਅਧਿਕਾਰੀਆਂ ਨੇ ਕਾਬੂ ਕਰ ਲਿਆ ਹੈ ਅਤੇ ਬਰਾਮਦ ਸੋਨਾ Customs Act, 1962 ਦੀਆਂ ਸਬੰਧਤ ਧਾਰਾਵਾਂ ਤਹਿਤ ਜ਼ਬਤ ਕੀਤਾ ਗਿਆ ਹੈ।

ਅਧਿਕਾਰੀਆਂ ਵੱਲੋਂ ਹੁਣ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਬਰਾਮਦ ਸੋਨਾ ਕਿੱਥੇ ਪਹੁੰਚਾਇਆ ਜਾਣਾ ਸੀ ਅਤੇ ਇਸ ਕਥਿਤ ਤਸਕਰੀ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੋ ਸਕਦਾ ਹੈ। ਮਾਮਲੇ ਵਿੱਚ ਅਗਲੇ ਅਤੇ ਪਿਛਲੇ ਸਬੰਧਾਂ ਦੀ ਜਾਂਚ ਜਾਰੀ ਹੈ।

 

Published on: 19 Sep 2026

Editor Info

Pushpinder Kaur
publictimes@gmail.com
+91 84278 93668