ਨਿਊ ਸਨਸਿਟੀ ਫੇਜ਼-1, ਬਸਤੀ ਦਾਨਿਸ਼ਮੰਦਾ ਵਿਖੇ ਲੋਕ ਮਿਲਣੀ ਦੌਰਾਨ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ
ਸਟ੍ਰੀਟ ਲਾਈਟਾਂ ਦਾ ਕੀਤਾ ਉਦਘਾਟਨ, ਟਿਊਬਵੈੱਲ ਦੇ ਕੰਮ ਦੀ ਵੀ ਕਰਵਾਈ ਸ਼ੁਰੂਆਤ
ਜਲੰਧਰ, 10 ਅਗਸਤ: ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਨਿਊ ਸਨਸਿਟੀ ਫੇਜ਼-1, ਬਸਤੀ ਦਾਨਿਸ਼ਮੰਦਾ ਵਿਖੇ ਲੋਕ ਮਿਲਣੀ ਦੌਰਾਨ ਇਲਾਕਾ ਵਾਸੀਆਂ ਨਾਲ ਰੂ-ਬ-ਰੂ ਹੁੰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਇਨ੍ਹਾਂ ਦਾ ਜਲਦ ਤੋਂ ਜਲਦ ਢੁੱਕਵਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਲੋਕ ਮਿਲਣੀ ਪਹਿਲਕਦਮੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਨਾਗਰਿਕ ਸਿੱਧੇ ਤੌਰ ’ਤੇ ਅਤੇ ਬਿਨਾਂ ਕਿਸੇ ਝਿਜਕ ਦੇ ਆਪਣੇ ਮਸਲੇ ਸਰਕਾਰ ਤੱਕ ਪਹੁੰਚਾ ਰਹੇ ਹਨ, ਜਿਨ੍ਹਾਂ ਦਾ ਹੱਲ ਤਰਜੀਹ ਦੇ ਆਧਾਰ ’ਤੇ ਯਕੀਨੀ ਬਣਾਇਆ ਜਾ ਰਿਹਾ ਹੈ।
ਸਿਹਤ, ਸਿੱਖਿਆ ਤੇ ਰੋਜ਼ਗਾਰ ਸਮੇਤ ਵੱਖ-ਵੱਖ ਖੇਤਰਾਂ ’ਚ ਚੁੱਕੇ ਅਹਿਮ ਕਦਮ
ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਸੰਕਲਪ ਨੂੰ ਲੈ ਕੇ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਸਿਹਤ, ਸਿੱਖਿਆ, ਰੋਜ਼ਗਾਰ, ਬੁਨਿਆਦੀ ਢਾਂਚੇ ਅਤੇ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਦੇ ਵਿਕਾਸ ਲਈ ਇਤਿਹਾਸਕ ਕਦਮ ਚੁੱਕੇ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਗਿਆ ਹੈ ਅਤੇ ਇਨ੍ਹਾਂ ਦਾ ਲਾਭ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚ ਰਿਹਾ ਹੈ।
ਨਵੀਆਂ ਸਟ੍ਰੀਟ ਲਾਈਟਾਂ ਦਾ ਉਦਘਾਟਨ, ਟਿਊਬਵੈੱਲ ਦਾ ਕੰਮ ਸ਼ੁਰੂ
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਇਲਾਕੇ ਵਿੱਚ ਨਵੀਆਂ ਸਟ੍ਰੀਟ ਲਾਈਟਾਂ ਦਾ ਉਦਘਾਟਨ ਕਰਨ ਦੇ ਨਾਲ-ਨਾਲ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ, ਇਲਾਕਿਆਂ ਦਾ ਵਿਕਾਸ ਕਰਨਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਉਣਾ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ।
ਕੈਬਨਿਟ ਮੰਤਰੀ ਨੇ ਬਸਤੀ ਦਾਨਿਸ਼ਮੰਦਾ ਨਾਲਾ ਪੁਲ ’ਤੇ ਵੀ ਨਵੀਆਂ ਸਟ੍ਰੀਟ ਲਾਈਟਾਂ ਦਾ ਉਦਘਾਟਨ ਕਰਕੇ ਇਹ ਸਹੂਲਤ ਇਲਾਕਾ ਵਾਸੀਆਂ ਨੂੰ ਸਮਰਪਿਤ ਕੀਤੀ। ਉਨ੍ਹਾਂ ਕਿਹਾ ਕਿ ਸਟ੍ਰੀਟ ਲਾਈਟਾਂ ਲੱਗਣ ਨਾਲ ਰਾਤ ਸਮੇਂ ਇਲਾਕੇ ਵਿੱਚ ਰੌਸ਼ਨੀ ਦੀ ਵਿਵਸਥਾ ਬਿਹਤਰ ਹੋਵੇਗੀ, ਜਿਸ ਨਾਲ ਸੁਰੱਖਿਆ ਅਤੇ ਆਵਾਜਾਈ ਵਿੱਚ ਵੀ ਸੁਧਾਰ ਆਵੇਗਾ।
ਇਸ ਮੌਕੇ ਕੌਂਸਲਰ ਡਾ. ਮਨੀਸ਼, ਸਾਬਕਾ ਕੌਂਸਲਰ ਸੌਰਵ ਸੇਠ ਅਤੇ ਹੋਰ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।a