Wednesday, 23 September 2026
ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਮੌਕੇ ਜਲੰਧਰ ’ਚ ਜ਼ਿਲ੍ਹਾ ਪੱਧਰੀ ਸਮਾਗਮ

ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਮੌਕੇ ਜਲੰਧਰ ’ਚ ਜ਼ਿਲ੍ਹਾ ਪੱਧਰੀ ਸਮਾਗਮ

ਨੌਜਵਾਨਾਂ ਨੇ ਮਨੁੱਖਤਾ ਦੀ ਸੇਵਾ ਤੇ ਸਰਬਸਾਂਝੀਵਾਲਤਾ ਦਾ ਲਿਆ ਪ੍ਰਣ; ਸਮਾਜ ਸੇਵੀਆਂ, ਦਾਨੀ ਸੱਜਣਾਂ ਤੇ ਲੇਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

ਜਲੰਧਰ, 23 ਸਤੰਬਰ: ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਭਾਈ ਘਨੱਈਆ ਜੀ ਚੈਰਿਟੀ ਅਤੇ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਰੈੱਡ ਕਰਾਸ ਭਵਨ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਨੌਜਵਾਨਾਂ ਨੇ ਮਨੁੱਖਤਾ ਦੀ ਸੇਵਾ ਅਤੇ ਸਰਬਸਾਂਝੀਵਾਲਤਾ ਦੇ ਸਿਧਾਂਤਾਂ ’ਤੇ ਚੱਲਣ ਦਾ ਪ੍ਰਣ ਲਿਆ।

ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੁੱਖ ਮੰਤਰੀ ਫੀਲਡ ਅਫ਼ਸਰ ਸ਼ਿਵਾਂਸ਼ ਅਸਥਾਨਾ, ਆਈ.ਏ.ਐਸ. ਨੇ ਨੌਜਵਾਨਾਂ ਨੂੰ ਭਾਈ ਘਨੱਈਆ ਜੀ ਦੇ ਜੀਵਨ ਅਤੇ ਸੇਵਾ ਭਾਵਨਾ ਤੋਂ ਪ੍ਰੇਰਨਾ ਲੈ ਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਭਾਈ ਘਨੱਈਆ ਜੀ ਨੇ ਮੈਦਾਨ-ਏ-ਜੰਗ ਵਿੱਚ ਜ਼ਖ਼ਮੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਕਰਕੇ ਮਨੁੱਖਤਾ, ਦਇਆ ਅਤੇ ਪਰਉਪਕਾਰ ਦੀ ਵਿਲੱਖਣ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਵੀ ਉਨ੍ਹਾਂ ਦਾ ਸੰਦੇਸ਼ ਬੇਹੱਦ ਮਹੱਤਵਪੂਰਨ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਉਨ੍ਹਾਂ ਵੱਲੋਂ ਦਰਸਾਏ ਸੇਵਾ ਦੇ ਮਾਰਗ ਤੋਂ ਸੇਧ ਲੈਣੀ ਚਾਹੀਦੀ ਹੈ।

ਸਮਾਜ ਸੇਵੀਆਂ ਤੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸ਼ਿਵਾਂਸ਼ ਅਸਥਾਨਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਸਮਾਜ ਸੇਵੀਆਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਭਾਈ ਘਨੱਈਆ ਜੀ ਦੇ ਜੀਵਨ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੀ ਸੇਵਾ ਨੂੰ ਸਮਰਪਿਤ ਕਰਵਾਏ ਗਏ ਲੇਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਸਨਮਾਨ ਦਿੱਤਾ ਗਿਆ।

ਵੱਖ-ਵੱਖ ਬੁਲਾਰਿਆਂ ਨੇ ਭਾਈ ਘਨੱਈਆ ਜੀ ਦੇ ਜੀਵਨ, ਉਨ੍ਹਾਂ ਦੀ ਨਿਰਸਵਾਰਥ ਸੇਵਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਬਾਰੇ ਜਾਣਕਾਰੀ ਸਾਂਝੀ ਕੀਤੀ। ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਉਨ੍ਹਾਂ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਸੁਰਜੀਤ ਲਾਲ ਨੇ ਨੌਜਵਾਨਾਂ ਨੂੰ ਸਮਾਜ ਸੇਵਾ ਦੇ ਮੌਕਿਆਂ ਨੂੰ ਪੂਰੀ ਮਿਹਨਤ, ਜ਼ਿੰਮੇਵਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।

ਖੂਨਦਾਨ ਦੇ ਨਾਲ ਅੱਖਾਂ ਤੇ ਆਰਥੋ ਜਾਂਚ ਕੈਂਪ ਵੀ ਲਗਾਏ

ਸਮਾਗਮ ਦੌਰਾਨ ਰੈੱਡ ਕਰਾਸ ਦਿਵਿਆਂਗ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਸ ਮੌਕੇ ਖੂਨਦਾਨ ਕੈਂਪ, ਆਰਥੋ ਚੈੱਕਅਪ ਅਤੇ ਅੱਖਾਂ ਦੀ ਜਾਂਚ ਲਈ ਕੈਂਪ ਵੀ ਲਗਾਏ ਗਏ।

ਸਮਾਗਮ ਵਿੱਚ ਸਤਪਾਲ ਸਿੰਘ, ਰਮੇਸ਼ ਲਖਨਪਾਲ, ਕੈਪਟਨ ਗੁਰਮੇਲ ਸਿੰਘ, ਵਰਿੰਦਰ ਸੈਣੀ, ਐਸ.ਪੀ. ਸਦਿਕੀ, ਬਹਾਦਰ ਸਿੰਘ, ਕੈਪਟਨ ਜਸਵਿੰਦਰ ਸਿੰਘ, ਮਾਸਟਰ ਅਮਰੀਕ ਸਿੰਘ, ਨੇਕ ਰਾਮ ਅਤੇ ਡਾ. ਅਸ਼ੋਕ ਸਹੋਤਾ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

Published on: 23 Sep 2026

Editor Info

Pushpinder Kaur
publictimes@gmail.com
+91 84278 93668