ਜਲੰਧਰ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਕਿ ਪੰਜਾਬ ਸਿਰਫ਼ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਕਰਨ ਵਾਲਾ ਸੂਬਾ ਹੀ ਨਹੀਂ, ਸਗੋਂ ਦੇਸ਼ ਦੀ ਆਤਮਾ ਅਤੇ ਸੱਭਿਆਚਾਰਕ ਵਿਰਾਸਤ ਦਾ ਵੀ ਰੱਖਿਆਕਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੌਜੂਦਾ ਚੁਣੌਤੀਆਂ ਤੋਂ ਬਾਹਰ ਕੱਢ ਕੇ ਇੱਕ ਸੁਰੱਖਿਅਤ, ਖੁਸ਼ਹਾਲ ਅਤੇ ਮਜ਼ਬੂਤ ਸੂਬੇ ਵਜੋਂ ਵਿਕਸਿਤ ਕਰਨਾ ਭਾਜਪਾ ਦੀ ਪ੍ਰਾਥਮਿਕਤਾ ਹੈ।
ਜਲੰਧਰ ਵਿੱਚ ਕਰਵਾਏ ਗਏ ਸੰਤ ਸੰਮੇਲਨ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਸੰਤਾਂ ਅਤੇ ਧਾਰਮਿਕ ਆਗੂਆਂ ਨਾਲ ਸੰਬੋਧਨ ਕਰਦਿਆਂ ਨਿਤਿਨ ਨਬੀਨ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਬਾਣੀ, ਸੰਤਾਂ ਦੀ ਤਪੱਸਿਆ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਸਿੰਚਿਆ ਹੋਇਆ ਪਵਿੱਤਰ ਧਰਾਤਲ ਹੈ। ਇਹ ਸੇਵਾ, ਸਮਰਪਣ ਅਤੇ ਤਿਆਗ ਦੀ ਮਿਸਾਲ ਹੈ।
ਉਨ੍ਹਾਂ ਪੰਜਾਬ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ 'ਤੇ ਚਿੰਤਾ ਪ੍ਰਗਟ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਡੇਰਾ ਮੁਖੀਆਂ, ਆਸ਼ਰਮਾਂ ਅਤੇ ਮੰਦਰ ਕਮੇਟੀਆਂ ਨੂੰ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਤ-ਮਹਾਪੁਰਸ਼ ਹਮੇਸ਼ਾ ਸਮਾਜ ਨੂੰ ਸਹੀ ਦਿਸ਼ਾ ਦਿੰਦੇ ਆਏ ਹਨ ਅਤੇ ਜੇਕਰ ਸਾਰੇ ਧਾਰਮਿਕ ਅਦਾਰੇ ਮਿਲ ਕੇ ਯਤਨ ਕਰਨ ਤਾਂ ਪੰਜਾਬ ਦੇ ਹਾਲਾਤ ਬਦਲੇ ਜਾ ਸਕਦੇ ਹਨ।
ਨਿਤਿਨ ਨਬੀਨ ਨੇ ਕਿਹਾ ਕਿ ਸਿੱਖ ਧਰਮ ਦੀ ਸਿੱਖਿਆ "ਨਾ ਕੋ ਬੈਰੀ, ਨਹੀਂ ਬੇਗਾਨਾ" ਸੱਚੇ ਪੰਜਾਬ ਅਤੇ ਭਾਰਤ ਦੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਜਦਕਿ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਅਤੇ ਸਾਹਿਬਜ਼ਾਦਿਆਂ ਦੇ ਬਲਿਦਾਨ ਸਦਾ ਪ੍ਰੇਰਣਾ ਦਿੰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਦੇਸ਼ ਸਿਰਫ਼ ਸਰਕਾਰਾਂ ਨਾਲ ਨਹੀਂ, ਸਗੋਂ ਸੰਤਾਂ ਅਤੇ ਮਹਾਨ ਆਦਰਸ਼ਾਂ ਨਾਲ ਚੱਲਦਾ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਮਾਜ ਭਟਕਿਆ ਜਾਂ ਵੰਡਿਆ ਗਿਆ, ਸੰਤਾਂ ਨੇ ਹੀ ਲੋਕਾਂ ਨੂੰ ਇਕੱਠਾ ਕਰਨ ਅਤੇ ਸਹੀ ਰਾਹ ਦਿਖਾਉਣ ਦਾ ਕੰਮ ਕੀਤਾ।
ਭਾਜਪਾ ਦੇ "ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ ਅਤੇ ਸਭਕਾ ਪ੍ਰਯਾਸ" ਦੇ ਮੰਤਰ ਨੂੰ ਸਰਬੱਤ ਦੇ ਭਲੇ ਦੀ ਭਾਵਨਾ ਨਾਲ ਜੋੜਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਅਜਿਹਾ ਪੰਜਾਬ ਚਾਹੁੰਦੀ ਹੈ ਜਿੱਥੇ ਹਰ ਧਰਮ, ਹਰ ਪੰਥ ਅਤੇ ਹਰ ਵਰਗ ਨੂੰ ਸਮਾਨ ਸਨਮਾਨ ਮਿਲੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਾ ਮਜ਼ਬੂਤ ਹੋਵੇ, ਨੌਜਵਾਨਾਂ ਦੇ ਹੱਥਾਂ ਵਿੱਚ ਨਸ਼ਿਆਂ ਦੀ ਥਾਂ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਹੋਣ। ਉਨ੍ਹਾਂ ਕਿਹਾ ਕਿ ਇਹ ਅਪੀਲ ਕਿਸੇ ਸਿਆਸੀ ਉਦੇਸ਼ ਨਾਲ ਨਹੀਂ, ਸਗੋਂ ਇੱਕ ਸੇਵਕ ਵਜੋਂ ਸੰਤ ਸਮਾਜ ਦੇ ਮਾਰਗਦਰਸ਼ਨ ਦੀ ਲੋੜ ਨੂੰ ਦਰਸਾਉਂਦੀ ਹੈ।
ਨਿਤਿਨ ਨਬੀਨ ਨੇ ਕਿਹਾ ਕਿ ਅਜਿਹਾ ਪੰਜਾਬ ਬਣਾਉਣਾ ਸਾਡਾ ਸੰਕਲਪ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੂੰਜੇ, ਗੁਰੂ ਰਵਿਦਾਸ ਜੀ ਦੇ ਸਿਧਾਂਤਾਂ 'ਤੇ ਆਧਾਰਿਤ ਸਮਾਜ ਸਿਰਜੇ, ਭਗਵਾਨ ਵਾਲਮੀਕੀ ਜੀ ਦੀ ਮਰਿਆਦਾ ਕਾਇਮ ਰਹੇ ਅਤੇ ਬਾਬਾ ਜੀਵਨ ਸਿੰਘ ਜੀ ਦਾ ਤਿਆਗ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣੇ।
ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਅਵਿਨਾਸ਼ ਰਾਏ ਖੰਨਾ, ਰਾਜ ਸਭਾ ਮੈਂਬਰ ਵਿਕਰਮ ਸਾਹਨੀ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਸਮੇਤ ਕਈ ਹੋਰ ਆਗੂ ਮੌਜੂਦ ਸਨ।