Friday, 12 June 2026
ਜਗਰਾਓਂ ਦੇ ਪਿੰਡ ਮਾਣੂੰਕੇ 'ਚ AAP ਆਗੂ ਦੇ ਘਰ 'ਤੇ 17 ਰਾਊਂਡ ਫਾਇਰਿੰਗ, ਘਰ ਅੰਦਰ ਮੌਜੂਦ ਸਨ ਮਹਿਲਾ ਅਤੇ ਮਾਸੂਮ ਬੱਚੀ

ਜਗਰਾਓਂ ਦੇ ਪਿੰਡ ਮਾਣੂੰਕੇ 'ਚ AAP ਆਗੂ ਦੇ ਘਰ 'ਤੇ 17 ਰਾਊਂਡ ਫਾਇਰਿੰਗ, ਘਰ ਅੰਦਰ ਮੌਜੂਦ ਸਨ ਮਹਿਲਾ ਅਤੇ ਮਾਸੂਮ ਬੱਚੀ

ਜਗਰਾਓਂ ਦੇ ਪਿੰਡ ਮਾਣੂੰਕੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੇਰ ਰਾਤ ਹਥਿਆਰਬੰਦ ਵਿਅਕਤੀਆਂ ਵੱਲੋਂ ਆਮ ਆਦਮੀ ਪਾਰਟੀ ਨਾਲ ਜੁੜੇ ਪ੍ਰਗਟ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਪ੍ਰਗਟ ਸਿੰਘ ਦੇ ਘਰ 'ਤੇ ਕਰੀਬ 17 ਰਾਊਂਡ ਫਾਇਰ ਕੀਤੇ। ਉਸ ਸਮੇਂ ਘਰ ਦੇ ਅੰਦਰ ਇੱਕ ਮਹਿਲਾ ਅਤੇ ਇੱਕ ਨਿੱਕੀ ਬੱਚੀ ਮੌਜੂਦ ਸਨ, ਜੋ ਖੁਸ਼ਕਿਸਮਤੀ ਨਾਲ ਇਸ ਹਮਲੇ ਦੌਰਾਨ ਵਾਲ-ਵਾਲ ਬਚ ਗਈਆਂ।

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਘਰ ਦੇ ਨਾਲ-ਨਾਲ ਅੰਦਰ ਮੌਜੂਦ ਲੜਕੀ ਅਤੇ ਛੋਟੀ ਬੱਚੀ ਵੱਲ ਵੀ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਉਸ ਦੀ ਜ਼ਿੰਮੇਵਾਰੀ ਕੌਣ ਲੈਂਦਾ।

ਘਟਨਾ ਮਗਰੋਂ ਪ੍ਰਗਟ ਸਿੰਘ ਨੇ ਦੋਸ਼ ਲਗਾਇਆ ਕਿ ਇਸ ਹਮਲੇ ਪਿੱਛੇ ਉਸਦੇ ਆਪਣੇ ਪਿੰਡ ਦੇ ਕੁਝ ਆਮ ਆਦਮੀ ਪਾਰਟੀ ਨਾਲ ਸਬੰਧਿਤ ਲੋਕਾਂ ਦਾ ਹੱਥ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਨੇ ਬਲਾਕ ਸੰਮਤੀ ਚੋਣਾਂ ਦੌਰਾਨ ਸਮਰਥਨ ਦੇ ਕੇ ਜਿਤਾਉਣ ਵਿੱਚ ਭੂਮਿਕਾ ਨਿਭਾਈ, ਉਹੀ ਹੁਣ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣ ਗਏ ਹਨ।

ਪ੍ਰਗਟ ਸਿੰਘ ਦੇ ਮੁਤਾਬਕ ਫਾਇਰਿੰਗ ਤੋਂ ਕੁਝ ਸਮਾਂ ਪਹਿਲਾਂ ਉਸਨੂੰ ਧਮਕੀ ਭਰਿਆ ਫੋਨ ਆਇਆ ਸੀ, ਜਿਸ ਦੌਰਾਨ ਉਸ ਨਾਲ ਗਾਲੀ-ਗਲੌਚ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 1:26 ਵਜੇ ਉਸਦੇ ਘਰ 'ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਉਸਦੀ ਭੈਣ ਅਤੇ ਨੰਨੀ ਭਾਣਜੀ ਬਾਲ-ਬਾਲ ਬਚ ਗਈਆਂ।

ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਵੀ ਚਿੰਤਾ ਦਾ ਮਾਹੌਲ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਖੁੱਲ੍ਹੇਆਮ ਗੋਲੀਆਂ ਚਲਣਗੀਆਂ ਤਾਂ ਆਮ ਲੋਕ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਣਗੇ।

ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਐਸਐੱਚਓ ਹਠੂਰ ਗੁਰਸੇਵਕ ਸਿੰਘ ਅਤੇ ਤਫਤੀਸ਼ੀ ਅਧਿਕਾਰੀ ਏਐਸਆਈ ਕੁਲਵੰਤ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਪ੍ਰਗਟ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Published on: 12 Jun 2026

Editor Info

Pushpinder Kaur
publictimes@gmail.com
+91 84278 93668