Monday, 27 July 2026
ਈਸ਼ਾ ਸਿੰਘ ਨੇ ISSF ਵਿਸ਼ਵ ਕੱਪ ਵਿੱਚ ਜਿੱਤਿਆ ਸੋਨ ਤਗਮਾ, ਮਨੂ ਭਾਕਰ ਨੇ ਕਾਂਸੀ ਦਾ ਤਗਮਾ ਕੀਤਾ ਆਪਣੇ ਨਾਮ

ਈਸ਼ਾ ਸਿੰਘ ਨੇ ISSF ਵਿਸ਼ਵ ਕੱਪ ਵਿੱਚ ਜਿੱਤਿਆ ਸੋਨ ਤਗਮਾ, ਮਨੂ ਭਾਕਰ ਨੇ ਕਾਂਸੀ ਦਾ ਤਗਮਾ ਕੀਤਾ ਆਪਣੇ ਨਾਮ

ਹਾਂਗਜ਼ੂ (ਚੀਨ), 27 ਜੁਲਾਈ 2026: ਭਾਰਤ ਦੀ ਨੌਜਵਾਨ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ISSF ਵਿਸ਼ਵ ਕੱਪ ਵਿੱਚ ਮਹਿਲਾਵਾਂ ਦੀ 25 ਮੀਟਰ ਪਿਸਤੌਲ ਪ੍ਰਤੀਯੋਗਿਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇ ਨਾਮ ਕਰ ਲਿਆ। ਰੋਮਾਂਚਕ ਫਾਈਨਲ ਅਤੇ ਸਖ਼ਤ ਮੁਕਾਬਲੇ ਵਿੱਚ 21 ਸਾਲਾ ਈਸ਼ਾ ਨੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਈਸ਼ਾ ਸਿੰਘ ਨੇ ਫਾਈਨਲ ਵਿੱਚ 40 ਹਿੱਟ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਸ ਸੀਜ਼ਨ ਵਿੱਚ 25 ਮੀਟਰ ਪਿਸਤੌਲ ਮੁਕਾਬਲੇ ਦਾ ਆਪਣਾ ਦੂਜਾ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਹ ਮਈ ਮਹੀਨੇ ਵਿੱਚ ਮਿਊਨਿਖ ਵਿਸ਼ਵ ਕੱਪ ਵਿੱਚ ਵੀ ਇਸੇ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਚੁੱਕੀ ਹੈ।

ਚੀਨ ਦੀ ਝਾਂਗ ਯੂਏਯੂਏ ਨੇ 37 ਹਿੱਟ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਭਾਰਤ ਦੀ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਮਨੂ ਭਾਕਰ ਨੇ ਨਿਰਣਾਇਕ ਸ਼ੂਟ-ਆਫ਼ ਵਿੱਚ ਜਿੱਤ ਦਰਜ ਕਰਕੇ 28 ਹਿੱਟ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।

ਭਾਰਤ ਦੇ ਖਾਤੇ ਵਿੱਚ ਤਿੰਨ ਤਗਮੇ

ਈਸ਼ਾ ਅਤੇ ਮਨੂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਾਂਗਜ਼ੂ ਵਿਸ਼ਵ ਕੱਪ ਵਿੱਚ ਭਾਰਤ ਦੀ ਕੁੱਲ ਤਗਮਾ ਗਿਣਤੀ ਤਿੰਨ ਹੋ ਗਈ ਹੈ। ਭਾਰਤ ਨੇ ਹੁਣ ਤੱਕ ਇੱਕ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਹੈ।

ਮਨੂ ਭਾਕਰ ਲਈ ਇਹ 2026 ਸੀਜ਼ਨ ਦਾ ਪਹਿਲਾ ਵਿਅਕਤੀਗਤ ਤਗਮਾ ਹੈ। ਇਸ ਤੋਂ ਪਹਿਲਾਂ ਉਹ ਟੀਮ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੀ ਹੈ ਅਤੇ ਹੁਣ ਉਨ੍ਹਾਂ ਦੀ ਫਾਰਮ ਲਗਾਤਾਰ ਬਿਹਤਰ ਹੋ ਰਹੀ ਹੈ।

ਰੋਮ ਵਿਸ਼ਵ ਕੱਪ ਫਾਈਨਲ ਲਈ ਅਹਿਮ ਟੂਰਨਾਮੈਂਟ

ਹਾਂਗਜ਼ੂ ਵਿੱਚ ਹੋ ਰਿਹਾ ISSF ਵਿਸ਼ਵ ਕੱਪ ਰਾਈਫ਼ਲ, ਪਿਸਤੌਲ ਅਤੇ ਸ਼ਾਟਗਨ ਮੁਕਾਬਲਿਆਂ ਦਾ ਸਾਂਝਾ ਟੂਰਨਾਮੈਂਟ ਹੈ। ਇਹ ਮੁਕਾਬਲਾ ਸਾਲ ਦੇ ਅੰਤ ਵਿੱਚ ਰੋਮ ਵਿੱਚ ਹੋਣ ਵਾਲੇ ISSF ਵਿਸ਼ਵ ਕੱਪ ਫਾਈਨਲ ਲਈ ਖਿਡਾਰੀਆਂ ਦੀ ਤਿਆਰੀ ਅਤੇ ਕੁਆਲੀਫਿਕੇਸ਼ਨ ਦੇ ਨਜ਼ਰੀਏ ਨਾਲ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਛਾਈ ਈਸ਼ਾ ਸਿੰਘ

ਈਸ਼ਾ ਸਿੰਘ ਦੀ ਇਸ ਸ਼ਾਨਦਾਰ ਜਿੱਤ ਦੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਾਹਨਾ ਹੋ ਰਹੀ ਹੈ। ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ (ISSF) ਨੇ ਵੀ ਫਾਈਨਲ ਨੂੰ "ਪ੍ਰਤਿਭਾ ਨਾਲ ਭਰਪੂਰ ਮੁਕਾਬਲਾ" ਕਰਾਰ ਦਿੰਦਿਆਂ ਭਾਰਤ ਦੀਆਂ ਈਸ਼ਾ ਸਿੰਘ ਅਤੇ ਮਨੂ ਭਾਕਰ ਨੂੰ ਚੀਨ ਦੀ ਝਾਂਗ ਯੂਏਯੂਏ ਨਾਲ ਪੋਡੀਅਮ 'ਤੇ ਪਹੁੰਚਣ ਲਈ ਵਧਾਈ ਦਿੱਤੀ।

ਵਿਸ਼ਵ ਕੱਪ ਮੁਕਾਬਲੇ ਮੰਗਲਵਾਰ ਤੱਕ ਜਾਰੀ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਤਗਮਾ ਮੁਕਾਬਲਿਆਂ ਵਿੱਚ ਦੁਨੀਆ ਦੇ ਚੋਟੀ ਦੇ ਨਿਸ਼ਾਨੇਬਾਜ਼ ਆਪਣਾ ਦਮਖਮ ਦਿਖਾਉਣਗੇ।

Published on: 27 Jul 2026

Editor Info

Pushpinder Kaur
publictimes@gmail.com
+91 84278 93668