Thursday, 10 September 2026
ਸਾਬਕਾ ਮੰਤਰੀ ਭਗਤ ਚੁਨੀ ਲਾਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ, ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਸਾਬਕਾ ਮੰਤਰੀ ਭਗਤ ਚੁਨੀ ਲਾਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ, ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਮਾਡਲ ਹਾਊਸ ਸ਼ਮਸ਼ਾਨਘਾਟ ’ਚ ਸਿਆਸੀ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਜਲੰਧਰ, 10 ਸਤੰਬਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਭਗਤ ਚੁਨੀ ਲਾਲ ਦਾ ਬੁੱਧਵਾਰ ਨੂੰ ਜਲੰਧਰ ਦੇ ਮਾਡਲ ਹਾਊਸ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। 93 ਸਾਲਾ ਸਾਬਕਾ ਮੰਤਰੀ ਨੂੰ ਸਿਆਸੀ ਆਗੂਆਂ, ਸਮਾਜਿਕ ਪ੍ਰਤੀਨਿਧੀਆਂ ਅਤੇ ਵੱਡੀ ਗਿਣਤੀ ਵਿੱਚ ਪੁੱਜੇ ਨਾਗਰਿਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਅਸ਼ਵਨੀ ਕੁਮਾਰ ਭਗਤ ਨੇ ਦਿੱਤੀ। ਇਸ ਮੌਕੇ ਜਲੰਧਰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਪੇਸ਼ ਕਰਕੇ ਸਾਬਕਾ ਮੰਤਰੀ ਨੂੰ ਸਰਕਾਰੀ ਸਨਮਾਨ ਦਿੱਤਾ ਗਿਆ।

ਮੁੱਖ ਮੰਤਰੀ ਵੱਲੋਂ ਡੀਸੀ ਤੇ ਪੁਲਿਸ ਕਮਿਸ਼ਨਰ ਨੇ ਭੇਟ ਕੀਤੀ ਸ਼ਰਧਾਂਜਲੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਭਗਤ ਚੁਨੀ ਲਾਲ ਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਬਾਗਬਾਨੀ ਅਤੇ ਰੱਖਿਆ ਸੇਵਾਵਾਂ ਵਿਭਾਗ ਵੱਲੋਂ ਵੀ ਵਿਛੜੇ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

1 ਦਸੰਬਰ 1932 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਜਨਮੇ ਚੁਨੀ ਲਾਲ ਦੇ ਪਿਤਾ ਮਹਿੰਗਾ ਰਾਮ ਅਤੇ ਮਾਤਾ ਰੁਕਮਣੀ ਦੇਵੀ ਸਨ। ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਲੰਧਰ ਆ ਕੇ ਵੱਸ ਗਿਆ। ਪਰਿਵਾਰ ਨੇ ਖੇਡਾਂ ਦੇ ਸਾਮਾਨ ਦੇ ਐਕਸਪੋਰਟ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਇਸ ਖੇਤਰ ਵਿੱਚ ਆਪਣੀ ਪਛਾਣ ਬਣਾਈ।

ਡਿਪਟੀ ਸਪੀਕਰ ਤੋਂ ਕੈਬਨਿਟ ਮੰਤਰੀ ਤੱਕ ਰਿਹਾ ਸਿਆਸੀ ਸਫ਼ਰ

ਆਪਣੇ ਲੰਮੇ ਸਿਆਸੀ ਸਫ਼ਰ ਦੌਰਾਨ ਭਗਤ ਚੁਨੀ ਲਾਲ ਨੇ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। ਉਹ 2011 ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਣੇ ਅਤੇ 2012 ਤੋਂ 2017 ਤੱਕ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ। ਇਸ ਦੌਰਾਨ ਉਨ੍ਹਾਂ ਕੋਲ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਤੇ ਖੋਜ, ਕਿਰਤ ਅਤੇ ਜੰਗਲਾਤ ਤੇ ਜੰਗਲੀ ਜੀਵ ਵਰਗੇ ਵਿਭਾਗਾਂ ਦੀ ਜ਼ਿੰਮੇਵਾਰੀ ਰਹੀ।

ਸਾਬਕਾ ਮੰਤਰੀ ਦੇ ਦੇਹਾਂਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਪ੍ਰੋਟੋਕੋਲ ਤਹਿਤ ਸਰਕਾਰੀ ਅਦਾਰਿਆਂ ਵਿੱਚ ਬਾਅਦ ਦੁਪਹਿਰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ।

ਅੰਤਿਮ ਸਸਕਾਰ ਮੌਕੇ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਮੇਅਰ ਵਨੀਤ ਧੀਰ, ਅਜੀਤ ਪ੍ਰਕਾਸ਼ਨ ਸਮੂਹ ਤੋਂ ਬਰਜਿੰਦਰ ਸਿੰਘ ਹਮਦਰਦ, ਉੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਮੁਸਲਿਮ ਭਲਾਈ ਬੋਰਡ ਦੇ ਚੇਅਰਮੈਨ ਅਬਦੁੱਲ ਬਾਹਰੀ ਸਲਮਾਨੀ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਮੰਗਲ ਬੱਸੀ, ਡਿਪਟੀ ਮੇਅਰ ਮਲਕੀਤ ਸਿੰਘ, ਟਰੇਡਰਜ਼ ਕਮਿਸ਼ਨ ਦੇ ਮੈਂਬਰ ਇੰਦਰਵੰਸ਼ ਚੱਢਾ, ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ, ਨਿਤਿਨ ਕੋਹਲੀ ਅਤੇ ਰਾਜਵਿੰਦਰ ਕੌਰ ਥਿਆੜਾ ਸਮੇਤ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਭਗਤ ਚੁਨੀ ਲਾਲ ਆਪਣੇ ਪਿੱਛੇ ਵੱਡਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੇ ਚਾਰ ਪੁੱਤਰਾਂ ਅਤੇ ਚਾਰ ਧੀਆਂ ਵਿੱਚੋਂ ਇੱਕ ਪੁੱਤਰ ਅਤੇ ਇੱਕ ਧੀ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ।

Published on: 10 Sep 2026

Editor Info

Pushpinder Kaur
publictimes@gmail.com
+91 84278 93668