ਨਵੀਂ ਦਿੱਲੀ, 26 ਜੁਲਾਈ: ਨੀਟ ਪ੍ਰੀਖਿਆ ਵਿਵਾਦ ਅਤੇ ਵਿਦਿਆਰਥੀਆਂ ਦੇ ਲੰਬੇ ਸਮੇਂ ਤੱਕ ਚੱਲੇ ਅੰਦੋਲਨ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਉਪਰੰਤ ਇਹ ਜ਼ਿੰਮੇਵਾਰੀ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਸੌਂਪੀ ਗਈ ਹੈ। ਐਤਵਾਰ ਨੂੰ ਉਨ੍ਹਾਂ ਨੇ ਰਸਮੀ ਤੌਰ 'ਤੇ ਸਿੱਖਿਆ ਮੰਤਰੀ ਦਾ ਕਾਰਜਭਾਰ ਸੰਭਾਲ ਲਿਆ।
ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਪ੍ਰਹਿਲਾਦ ਜੋਸ਼ੀ ਨੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੰਤਰਾਲੇ ਦੇ ਕੰਮਕਾਜ ਅਤੇ ਚੱਲ ਰਹੇ ਮਹੱਤਵਪੂਰਨ ਮਾਮਲਿਆਂ ਦੀ ਸਮੀਖਿਆ ਕੀਤੀ।
ਸਰਕਾਰ ਵੱਲੋਂ ਕੀਤੇ ਗਏ ਮੰਤਰਾਲਿਆਂ ਦੇ ਇਸ ਪੁਨਰਗਠਨ ਵਿੱਚ ਸਿੱਖਿਆ ਮੰਤਰਾਲੇ ਤੋਂ ਇਲਾਵਾ ਪ੍ਰਹਿਲਾਦ ਜੋਸ਼ੀ ਕੋਲ ਪਹਿਲਾਂ ਤੋਂ ਮੌਜੂਦ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਪਹਿਲਾਂ ਵਾਂਗ ਹੀ ਬਰਕਰਾਰ ਰਹੇਗੀ।
ਪ੍ਰਹਿਲਾਦ ਜੋਸ਼ੀ ਨੂੰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਅਤੇ ਤਜਰਬੇਕਾਰ ਆਗੂਆਂ ਵਿੱਚ ਗਿਣਿਆ ਜਾਂਦਾ ਹੈ। ਸੰਸਦੀ ਕਾਰਵਾਈ ਦੌਰਾਨ ਉਨ੍ਹਾਂ ਦੀ ਸਰਗਰਮ ਭੂਮਿਕਾ ਅਤੇ ਰਣਨੀਤਿਕ ਸੋਚ ਨੂੰ ਲੈ ਕੇ ਉਹ ਅਕਸਰ ਚਰਚਾ ਵਿੱਚ ਰਹੇ ਹਨ। ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਨਾਲ ਲੰਬੇ ਸਮੇਂ ਤੱਕ ਜੁੜੇ ਰਹਿਣ ਕਾਰਨ ਸੰਗਠਨ ਵਿੱਚ ਵੀ ਉਨ੍ਹਾਂ ਦੀ ਮਜ਼ਬੂਤ ਪਕੜ ਮੰਨੀ ਜਾਂਦੀ ਹੈ।
ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ਤੋਂ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰਨ ਵਾਲੇ ਪ੍ਰਹਿਲਾਦ ਜੋਸ਼ੀ ਨੂੰ ਸਾਲ 2004 ਵਿੱਚ ਪਹਿਲੀ ਵਾਰ ਲੋਕ ਸਭਾ ਚੋਣ ਲੜਨ ਦਾ ਮੌਕਾ ਮਿਲਿਆ। ਧਾਰਵਾੜ ਹਲਕੇ ਤੋਂ ਜਿੱਤ ਦਰਜ ਕਰਕੇ ਉਹ ਪਹਿਲੀ ਵਾਰ ਸੰਸਦ ਪਹੁੰਚੇ ਅਤੇ ਇਸ ਤੋਂ ਬਾਅਦ ਲਗਾਤਾਰ ਪੰਜ ਲੋਕ ਸਭਾ ਚੋਣਾਂ ਜਿੱਤ ਕੇ ਆਪਣਾ ਮਜ਼ਬੂਤ ਰਾਜਨੀਤਿਕ ਆਧਾਰ ਬਣਾਇਆ।
ਪਿਛਲੇ ਕਰੀਬ 22 ਸਾਲਾਂ ਤੋਂ ਲਗਾਤਾਰ ਲੋਕ ਸਭਾ ਮੈਂਬਰ ਰਹੇ ਪ੍ਰਹਿਲਾਦ ਜੋਸ਼ੀ ਨੂੰ ਕਰਨਾਟਕ ਦੇ ਪ੍ਰਭਾਵਸ਼ਾਲੀ ਨੇਤਾਵਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੰਗਠਨ ਅਤੇ ਸਰਕਾਰ ਦੋਵਾਂ ਵਿੱਚ ਉਨ੍ਹਾਂ ਦੇ ਲੰਬੇ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੇਂਦਰ ਸਰਕਾਰ ਨੇ ਮੌਜੂਦਾ ਹਾਲਾਤ ਵਿੱਚ ਉਨ੍ਹਾਂ ਨੂੰ ਸਿੱਖਿਆ ਮੰਤਰਾਲੇ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ।
ਪ੍ਰਹਿਲਾਦ ਜੋਸ਼ੀ ਸਾਲ 2012 ਵਿੱਚ ਕਰਨਾਟਕ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਲੋਕ ਸਭਾ ਦੀਆਂ ਕਈ ਅਹਿਮ ਸੰਸਦੀ ਕਮੇਟੀਆਂ ਦੀ ਅਗਵਾਈ ਕਰ ਚੁੱਕੇ ਹਨ। ਸਾਲ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸੰਸਦੀ ਕਾਰਜ, ਕੋਲਾ ਅਤੇ ਖਣਨ ਵਰਗੇ ਮਹੱਤਵਪੂਰਨ ਮੰਤਰਾਲਿਆਂ ਦੀ ਜ਼ਿੰਮੇਵਾਰੀ ਵੀ ਸੰਭਾਲੀ ਸੀ।
ਹੁਣ ਸਿੱਖਿਆ ਮੰਤਰੀ ਵਜੋਂ ਉਨ੍ਹਾਂ ਸਾਹਮਣੇ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਵਿਦਿਆਰਥੀਆਂ ਦਾ ਭਰੋਸਾ ਬਹਾਲ ਕਰਨ ਅਤੇ ਸਿੱਖਿਆ ਖੇਤਰ ਨਾਲ ਜੁੜੇ ਮਹੱਤਵਪੂਰਨ ਸੁਧਾਰਾਂ ਨੂੰ ਅੱਗੇ ਵਧਾਉਣ ਦੀ ਵੱਡੀ ਚੁਣੌਤੀ ਹੋਵੇਗੀ।