Thursday, 24 September 2026
ਸੀਮਾ ਕੁਮਾਰੀ ਨੇ ਰਚਿਆ ਇਤਿਹਾਸ, ਏਸ਼ੀਅਨ ਗੇਮਜ਼ 10,000 ਮੀਟਰ ’ਚ ਜਿੱਤਿਆ ਕਾਂਸੀ

ਸੀਮਾ ਕੁਮਾਰੀ ਨੇ ਰਚਿਆ ਇਤਿਹਾਸ, ਏਸ਼ੀਅਨ ਗੇਮਜ਼ 10,000 ਮੀਟਰ ’ਚ ਜਿੱਤਿਆ ਕਾਂਸੀ

16 ਸਾਲਾਂ ਬਾਅਦ ਭਾਰਤ ਨੂੰ ਮਹਿਲਾ 10,000 ਮੀਟਰ ’ਚ ਮਿਲਿਆ ਮੈਡਲ; 32:50.05 ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਹੀ ਹਿਮਾਚਲ ਦੀ ਦੌੜਾਕ

ਨਾਗੋਆ (ਜਾਪਾਨ), 24 ਸਤੰਬਰ: ਭਾਰਤ ਦੀ ਲੰਬੀ ਦੂਰੀ ਦੀ ਦੌੜਾਕ ਸੀਮਾ ਕੁਮਾਰੀ ਨੇ ਆਈਚੀ-ਨਾਗੋਆ ਏਸ਼ੀਅਨ ਗੇਮਜ਼ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੀ 10,000 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤ ਲਿਆ। ਇਸ ਪ੍ਰਾਪਤੀ ਨਾਲ ਭਾਰਤ ਦਾ ਇਸ ਈਵੈਂਟ ਵਿੱਚ ਏਸ਼ੀਅਨ ਗੇਮਜ਼ ਮੈਡਲ ਲਈ ਚੱਲ ਰਿਹਾ 16 ਸਾਲਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ।

ਨਾਗੋਆ ਦੇ ਮਿਜ਼ੂਹੋ ਪਾਰਕ ਐਥਲੈਟਿਕ ਸਟੇਡੀਅਮ ਵਿੱਚ ਹੋਏ ਫਾਈਨਲ ਵਿੱਚ 25 ਸਾਲਾ ਸੀਮਾ ਨੇ 32 ਮਿੰਟ 50.05 ਸਕਿੰਟ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ।

ਬਹਿਰੀਨ ਦੀ ਵਿਨਫ੍ਰੇਡ ਯਾਵੀ ਨੇ 32:39.18 ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ, ਜਦਕਿ ਮੇਜ਼ਬਾਨ ਜਾਪਾਨ ਦੀ ਨੋਜ਼ੋਮੀ ਤਨਾਕਾ ਨੇ 32:41.54 ਦੇ ਸਮੇਂ ਨਾਲ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ।

ਆਖਰੀ 1000 ਮੀਟਰ ’ਚ ਤੀਜੇ ਸਥਾਨ ’ਤੇ ਕੀਤੀ ਵਾਪਸੀ

ਸੀਮਾ ਨੇ ਦੌੜ ਦੀ ਸ਼ੁਰੂਆਤ ਬੇਹੱਦ ਆਤਮਵਿਸ਼ਵਾਸ ਨਾਲ ਕੀਤੀ ਅਤੇ ਪਹਿਲੇ 2,000 ਮੀਟਰ ਤੱਕ ਅੱਗੇ ਰਹੀ। ਜਿਵੇਂ-ਜਿਵੇਂ ਦੌੜ ਦੀ ਰਫ਼ਤਾਰ ਵਧੀ, ਉਹ ਚੌਥੇ ਸਥਾਨ ’ਤੇ ਖਿਸਕ ਗਈ, ਪਰ ਮੈਡਲ ਦੀ ਦੌੜ ਵਿੱਚ ਬਣੀ ਰਹੀ।

ਆਖਰੀ 1,000 ਮੀਟਰ ਬਾਕੀ ਰਹਿੰਦਿਆਂ ਸੀਮਾ ਨੇ ਮੁੜ ਤੀਜਾ ਸਥਾਨ ਹਾਸਲ ਕੀਤਾ ਅਤੇ ਅੰਤ ਤੱਕ ਆਪਣੀ ਬੜ੍ਹਤ ਕਾਇਮ ਰੱਖਦਿਆਂ ਕਾਂਸੀ ਦਾ ਤਮਗਾ ਪੱਕਾ ਕਰ ਲਿਆ।

2010 ਤੋਂ ਬਾਅਦ ਪਹਿਲੀ ਵਾਰ 10,000 ਮੀਟਰ ’ਚ ਭਾਰਤ ਪੋਡੀਅਮ ’ਤੇ

ਭਾਰਤ ਨੇ ਮਹਿਲਾਵਾਂ ਦੀ 10,000 ਮੀਟਰ ਦੌੜ ਵਿੱਚ ਆਖਰੀ ਵਾਰ 2010 ਗੁਆਂਗਝੂ ਏਸ਼ੀਅਨ ਗੇਮਜ਼ ਵਿੱਚ ਮੈਡਲ ਜਿੱਤਿਆ ਸੀ। ਉਸ ਸਮੇਂ ਪ੍ਰੀਜਾ ਸ੍ਰੀਧਰਨ ਨੇ ਸੋਨ ਅਤੇ ਕਵਿਤਾ ਰਾਊਤ ਨੇ ਚਾਂਦੀ ਦਾ ਤਮਗਾ ਜਿੱਤ ਕੇ ਭਾਰਤ ਨੂੰ ਇਤਿਹਾਸਕ 1-2 ਫਿਨਿਸ਼ ਦਿਵਾਈ ਸੀ।

ਸੀਮਾ ਦਾ ਕਾਂਸੀ ਇਸ ਈਵੈਂਟ ਦੇ ਏਸ਼ੀਅਨ ਗੇਮਜ਼ ਇਤਿਹਾਸ ਵਿੱਚ ਭਾਰਤ ਦਾ ਤੀਜਾ ਮੈਡਲ ਹੈ।

ਏਸ਼ੀਅਨ ਗੇਮਜ਼ 2026 ’ਚ ਭਾਰਤ ਦਾ ਪਹਿਲਾ ਐਥਲੈਟਿਕਸ ਮੈਡਲ

ਸੀਮਾ ਕੁਮਾਰੀ ਦੀ ਇਹ ਕਾਮਯਾਬੀ ਆਈਚੀ-ਨਾਗੋਆ ਏਸ਼ੀਅਨ ਗੇਮਜ਼ ਵਿੱਚ ਭਾਰਤ ਦਾ ਐਥਲੈਟਿਕਸ ਵਿੱਚ ਪਹਿਲਾ ਮੈਡਲ ਵੀ ਬਣੀ। ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਸੀਮਾ 5,000 ਅਤੇ 10,000 ਮੀਟਰ ਦੋਵਾਂ ਲੰਬੀ ਦੂਰੀ ਦੀਆਂ ਦੌੜਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੀ ਹੈ।

ਸੀਮਾ ਨੇ ਇਸ ਸਾਲ ਮਾਰਚ ਵਿੱਚ ਕੈਲੀਫੋਰਨੀਆ ਵਿੱਚ ਹੋਏ The TEN ਮੁਕਾਬਲੇ ਦੌਰਾਨ 10,000 ਮੀਟਰ ਵਿੱਚ 32:02.43 ਦਾ ਨਿੱਜੀ ਸਰਵੋਤਮ ਸਮਾਂ ਵੀ ਦਰਜ ਕੀਤਾ ਸੀ।

Published on: 24 Sep 2026

Editor Info

Pushpinder Kaur
publictimes@gmail.com
+91 84278 93668