Thursday, 10 September 2026
ਪੁਲਿਸ ਕਮਿਸ਼ਨਰ ਨਾਲ ਹੋਮ ਹੈਲਥ ਕੇਅਰ ਵੈਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ, ਡਿਫਾਲਟਰ ਏਜੰਸੀਆਂ ਖ਼ਿਲਾਫ਼ ਜਲਦ ਹੋ ਸਕਦੀ ਹੈ ਸਖ਼ਤ ਕਾਰਵਾਈ

ਪੁਲਿਸ ਕਮਿਸ਼ਨਰ ਨਾਲ ਹੋਮ ਹੈਲਥ ਕੇਅਰ ਵੈਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ, ਡਿਫਾਲਟਰ ਏਜੰਸੀਆਂ ਖ਼ਿਲਾਫ਼ ਜਲਦ ਹੋ ਸਕਦੀ ਹੈ ਸਖ਼ਤ ਕਾਰਵਾਈ

ਸਿਹਤ ਸੇਵਾਵਾਂ ਦੀ ਗੁਣਵੱਤਾ, ਸੁਰੱਖਿਆ ਅਤੇ ਪਾਰਦਰਸ਼ਤਾ ਸਬੰਧੀ ਹੋਈ ਚਰਚਾ, ਮਰੀਜ਼ਾਂ ਤੇ ਸਿਹਤ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ’ਤੇ ਜ਼ੋਰ

ਜਲੰਧਰ, 6 ਅਗਸਤ: ਹੋਮ ਹੈਲਥ ਕੇਅਰ ਵੈਲਫੇਅਰ ਐਸੋਸੀਏਸ਼ਨ, ਜਲੰਧਰ ਦੇ ਇੱਕ ਵਫ਼ਦ ਨੇ ਪੁਲਿਸ ਕਮਿਸ਼ਨਰ, ਜਲੰਧਰ ਨਾਲ ਮੁਲਾਕਾਤ ਕਰਕੇ ਹੋਮ ਹੈਲਥ ਕੇਅਰ ਸੇਵਾਵਾਂ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਪੁਲਿਸ ਕਮਿਸ਼ਨਰ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ।

ਇਸ ਉਪਰੰਤ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਪੁਲਿਸ ਕਮਿਸ਼ਨਰ ਦਰਮਿਆਨ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦਾ ਮੁੱਖ ਉਦੇਸ਼ ਹੋਮ ਹੈਲਥ ਕੇਅਰ ਸੇਵਾਵਾਂ ਦੀ ਗੁਣਵੱਤਾ, ਸੁਰੱਖਿਆ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਨਾਲ-ਨਾਲ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਨਾਲ ਸਬੰਧਤ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕਰਨਾ ਸੀ।

ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਏਜੰਸੀਆਂ ਦਾ ਮੁੱਦਾ ਉਠਾਇਆ

ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਉਨ੍ਹਾਂ ਹੋਮ ਹੈਲਥ ਕੇਅਰ ਏਜੰਸੀਆਂ ਦਾ ਮੁੱਦਾ ਪ੍ਰਮੁੱਖਤਾ ਨਾਲ ਲਿਆਂਦਾ, ਜੋ ਨਿਰਧਾਰਤ ਨਿਯਮਾਂ ਅਤੇ ਮਾਪਦੰਡਾਂ ਦੀ ਪਾਲਣਾ ਨਹੀਂ ਕਰ ਰਹੀਆਂ ਹਨ।

ਐਸੋਸੀਏਸ਼ਨ ਅਨੁਸਾਰ ਮੀਟਿੰਗ ਵਿੱਚ ਇਸ ਮਾਮਲੇ ’ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਡਿਫਾਲਟਰ ਹੋਮ ਹੈਲਥ ਕੇਅਰ ਏਜੰਸੀਆਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਬੇਹੱਦ ਜ਼ਰੂਰੀ : ਐਸੋਸੀਏਸ਼ਨ

ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਅਤੇ ਉਪ ਪ੍ਰਧਾਨ ਰੋਹਿਤ ਜੈਸਵਾਲ ਨੇ ਕਿਹਾ ਕਿ ਹੋਮ ਹੈਲਥ ਕੇਅਰ ਖੇਤਰ ਵਿੱਚ ਨਿਯਮਾਂ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਚੁੱਕੇ ਜਾਣ ਵਾਲੇ ਕਦਮ ਸਿਹਤ ਸੇਵਾਵਾਂ ਵਿੱਚ ਅਨੁਸ਼ਾਸਨ, ਜਵਾਬਦੇਹੀ ਅਤੇ ਭਰੋਸੇਯੋਗਤਾ ਵਧਾਉਣ ਦੇ ਨਾਲ-ਨਾਲ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਹਿਮ ਸਾਬਤ ਹੋਣਗੇ।

ਐਸੋਸੀਏਸ਼ਨ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਮਿਲੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਹੋਮ ਹੈਲਥ ਕੇਅਰ ਸੇਵਾਵਾਂ ਨੂੰ ਹੋਰ ਸੁਰੱਖਿਅਤ, ਸਨਮਾਨਜਨਕ ਅਤੇ ਬਿਹਤਰ ਬਣਾਉਣ ਲਈ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ।

ਇਸ ਮੌਕੇ ਐਸੋਸੀਏਸ਼ਨ ਦੇ ਮਹਾਂਸਕੱਤਰ ਨਿਗੇਸ਼ ਕੁਮਾਰ, ਸਕੱਤਰ ਅਮਨਦੀਪ ਕੌਰ, ਦੇਵਿੰਦਰ ਸਿੰਘ, ਜੋਤੀ, ਅਮਨਦੀਪ ਸਿੰਘ ਸਮੇਤ ਕਈ ਹੋਰ ਮੈਂਬਰ ਵੀ ਮੌਜੂਦ ਸਨ।

Published on: 07 Aug 2026

Editor Info

Pushpinder Kaur
publictimes@gmail.com
+91 84278 93668