ਲਗਾਤਾਰ ਦੂਜੀ ਵਾਰ ਬਣੀ ਏਸ਼ੀਅਨ ਗੇਮਜ਼ ਚੈਂਪੀਅਨ; ਸਮ੍ਰਿਤੀ ਮੰਧਾਨਾ ਨੇ 11 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਦਾ ਅੰਕੜਾ ਛੂਹ ਕੇ ਰਚਿਆ ਇਤਿਹਾਸ
ਨਿਸ਼ਿਨ (ਜਾਪਾਨ), 22 ਸਤੰਬਰ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਈਚੀ-ਨਾਗੋਆ ਏਸ਼ੀਅਨ ਗੇਮਜ਼ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ T20 ਫਾਈਨਲ ਵਿੱਚ ਸ੍ਰੀਲੰਕਾ ਨੂੰ 147 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੋਨ ਤਮਗਾ ਜਿੱਤ ਲਿਆ। ਇਸ ਦੇ ਨਾਲ ਭਾਰਤੀ ਮਹਿਲਾ ਟੀਮ ਨੇ ਏਸ਼ੀਅਨ ਗੇਮਜ਼ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਮਗਾ ਆਪਣੇ ਨਾਂ ਕੀਤਾ, ਜਦਕਿ ਇਹ ਮੌਜੂਦਾ ਖੇਡਾਂ ਵਿੱਚ ਭਾਰਤ ਦਾ ਪਹਿਲਾ ਗੋਲਡ ਮੈਡਲ ਵੀ ਬਣਿਆ।
ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ 20 ਓਵਰਾਂ ਵਿੱਚ ਸਿਰਫ਼ ਤਿੰਨ ਵਿਕਟਾਂ ਗੁਆ ਕੇ 216 ਦੌੜਾਂ ਬਣਾਈਆਂ। ਇਹ ਮਹਿਲਾ ਕ੍ਰਿਕਟ ਵਿੱਚ ਏਸ਼ੀਅਨ ਗੇਮਜ਼ ਦਾ ਸਭ ਤੋਂ ਵੱਡਾ ਟੀਮ ਸਕੋਰ ਬਣਿਆ।
ਮੰਧਾਨਾ-ਸ਼ੈਫਾਲੀ ਦੀ 99 ਦੌੜਾਂ ਦੀ ਸਾਂਝੇਦਾਰੀ
ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਨੇ ਭਾਰਤ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ।
ਮੰਧਾਨਾ ਨੇ 45 ਗੇਂਦਾਂ ’ਤੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ ਪੰਜ ਚੌਕੇ ਅਤੇ ਸੱਤ ਛੱਕੇ ਸ਼ਾਮਲ ਸਨ। ਸ਼ੈਫਾਲੀ ਵਰਮਾ ਨੇ 29 ਗੇਂਦਾਂ ’ਤੇ ਤੇਜ਼ 48 ਦੌੜਾਂ ਬਣਾਈਆਂ। ਆਖ਼ਰੀ ਓਵਰਾਂ ਵਿੱਚ ਰਿਚਾ ਘੋਸ਼ ਨੇ ਸਿਰਫ਼ 22 ਗੇਂਦਾਂ ’ਤੇ ਨਾਬਾਦ 49 ਦੌੜਾਂ ਬਣਾ ਕੇ ਭਾਰਤ ਦਾ ਸਕੋਰ 216 ਤੱਕ ਪਹੁੰਚਾਇਆ।
ਮੰਧਾਨਾ ਲਈ ਇਹ ਪਾਰੀ ਇੱਕ ਹੋਰ ਵੱਡੀ ਉਪਲਬਧੀ ਲੈ ਕੇ ਆਈ। ਉਹ ਆਪਣੀ ਪਾਰੀ ਦੌਰਾਨ ਮਹਿਲਾ ਕ੍ਰਿਕਟ ਵਿੱਚ 11,000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਖਿਡਾਰਨ ਬਣ ਗਈ।
217 ਦੇ ਟੀਚੇ ਸਾਹਮਣੇ ਸ੍ਰੀਲੰਕਾ 69 ’ਤੇ ਢੇਰ
217 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਸ਼ੁਰੂ ਤੋਂ ਹੀ ਦਬਾਅ ਵਿੱਚ ਨਜ਼ਰ ਆਈ। ਕਪਤਾਨ ਚਮਾਰੀ ਅਥਾਪੱਥੂ ਨੇ ਸਭ ਤੋਂ ਵੱਧ 29 ਦੌੜਾਂ ਬਣਾਈਆਂ, ਪਰ ਦੂਜੇ ਪਾਸੇ ਤੋਂ ਉਸ ਨੂੰ ਲੋੜੀਂਦਾ ਸਾਥ ਨਹੀਂ ਮਿਲਿਆ।
ਭਾਰਤੀ ਸਪਿੰਨਰਾਂ ਸਾਹਮਣੇ ਸ੍ਰੀਲੰਕਾ ਦੀ ਪੂਰੀ ਟੀਮ 15.4 ਓਵਰਾਂ ਵਿੱਚ ਸਿਰਫ਼ 69 ਦੌੜਾਂ ’ਤੇ ਆਲ ਆਊਟ ਹੋ ਗਈ।
ਦੀਪਤੀ ਸ਼ਰਮਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਿਰਫ਼ 6 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਸ਼ੈਫਾਲੀ ਵਰਮਾ ਨੇ 3 ਦੌੜਾਂ ਦੇ ਕੇ ਦੋ, ਸ਼੍ਰੇਯੰਕਾ ਪਾਟਿਲ ਨੇ 9 ਦੌੜਾਂ ਦੇ ਕੇ ਦੋ ਅਤੇ ਸ਼੍ਰੀ ਚਰਾਨੀ ਨੇ 13 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਹਾਂਗਝੂ ਤੋਂ ਬਾਅਦ ਨਾਗੋਆ ’ਚ ਵੀ ਸ੍ਰੀਲੰਕਾ ਨੂੰ ਹਰਾ ਕੇ ਸੋਨਾ
ਇਸ ਜਿੱਤ ਨਾਲ ਭਾਰਤ ਨੇ 2023 ਹਾਂਗਝੂ ਏਸ਼ੀਅਨ ਗੇਮਜ਼ ਦੀ ਕਾਮਯਾਬੀ ਨੂੰ ਦੁਹਰਾਇਆ, ਜਿੱਥੇ ਭਾਰਤੀ ਮਹਿਲਾ ਟੀਮ ਨੇ ਫਾਈਨਲ ਵਿੱਚ ਸ੍ਰੀਲੰਕਾ ਨੂੰ ਹੀ ਹਰਾ ਕੇ ਸੋਨ ਤਮਗਾ ਜਿੱਤਿਆ ਸੀ।
BCCI Women ਨੇ ਟੀਮ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਉਸ ਨੂੰ “Back-to-back GOLD MEDALLISTS” ਕਰਾਰ ਦਿੱਤਾ ਅਤੇ ਲਗਾਤਾਰ ਦੂਜਾ ਏਸ਼ੀਅਨ ਗੇਮਜ਼ ਸੋਨ ਤਮਗਾ ਜਿੱਤਣ ’ਤੇ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਕਾਂਸੀ ਦੇ ਤਮਗੇ ਲਈ ਹੋਏ ਮੁਕਾਬਲੇ ਵਿੱਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਹਰਾ ਕੇ ਬ੍ਰਾਂਜ਼ ਮੈਡਲ ਆਪਣੇ ਨਾਂ ਕੀਤਾ।A