Saturday, 4 July 2026
ਮੁੰਬਈ ਵਿੱਚ ਭਾਰੀ ਮੀਂਹ ਦਾ ਖ਼ਤਰਾ: IMD ਵੱਲੋਂ ਰੈੱਡ ਅਲਰਟ ਜਾਰੀ, ਸਕੂਲ ਬੰਦ, ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ

ਮੁੰਬਈ ਵਿੱਚ ਭਾਰੀ ਮੀਂਹ ਦਾ ਖ਼ਤਰਾ: IMD ਵੱਲੋਂ ਰੈੱਡ ਅਲਰਟ ਜਾਰੀ, ਸਕੂਲ ਬੰਦ, ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ

ਮੁੰਬਈ, 4 ਜੁਲਾਈ: ਭਾਰਤੀ ਮੌਸਮ ਵਿਭਾਗ (IMD) ਨੇ ਮੁੰਬਈ ਸਮੇਤ ਠਾਣੇ, ਪਾਲਘਰ ਅਤੇ ਰਾਇਗੜ੍ਹ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕਰਦੇ ਹੋਏ ਆਉਣ ਵਾਲੇ ਦੋ ਦਿਨਾਂ ਦੌਰਾਨ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਮੁੰਬਈ ਮਹਾਨਗਰੀ ਖੇਤਰ (MMR) ਅਤੇ ਕੋਕਣ ਦੇ ਕਈ ਇਲਾਕਿਆਂ ਵਿੱਚ ਕਈ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ, ਜਦਕਿ ਕੁਝ ਥਾਵਾਂ 'ਤੇ ਅਤਿ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।

IMD ਨੇ ਇਹ ਵੀ ਅਨੁਮਾਨ ਜਤਾਇਆ ਹੈ ਕਿ ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਕਾਰਨ ਜਲਭਰਾਅ, ਦਰੱਖਤ ਡਿੱਗਣ ਅਤੇ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।

ਕਈ ਇਲਾਕਿਆਂ ਵਿੱਚ ਜਲਭਰਾਅ, ਪ੍ਰਸ਼ਾਸਨ ਅਲਰਟ 'ਤੇ

ਪਿਛਲੇ 24 ਘੰਟਿਆਂ ਦੌਰਾਨ ਮੁੰਬਈ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ 100 ਤੋਂ 150 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ। ਬਾਂਦਰਾ, ਵਿਖਰੋਲੀ ਅਤੇ ਪੱਛਮੀ ਉਪਨਗਰਾਂ ਦੇ ਕਈ ਇਲਾਕਿਆਂ ਵਿੱਚ ਜਲਭਰਾਅ ਦੀ ਸਥਿਤੀ ਬਣ ਗਈ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ।

ਹਾਲਾਤਾਂ ਨੂੰ ਦੇਖਦਿਆਂ ਬ੍ਰਿਹਨਮੁੰਬਈ ਮਹਾਨਗਰ ਪਾਲਿਕਾ (BMC) ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਐਮਰਜੈਂਸੀ ਰਿਸਪਾਂਸ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਹੈ। ਲੋਕਾਂ ਨੂੰ ਬਿਨਾਂ ਲੋੜ ਦੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਖਾਸ ਕਰਕੇ ਨੀਵੇਂ ਅਤੇ ਤੱਟੀ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।

ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਅੱਜ ਦੁਪਹਿਰ ਕਰੀਬ 2:50 ਵਜੇ 4.26 ਮੀਟਰ ਉੱਚੀ ਹਾਈ ਟਾਈਡ ਆਉਣ ਦੀ ਸੰਭਾਵਨਾ ਹੈ। ਜੇਕਰ ਇਸ ਸਮੇਂ ਦੌਰਾਨ ਭਾਰੀ ਮੀਂਹ ਜਾਰੀ ਰਿਹਾ ਤਾਂ ਜਲਭਰਾਅ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।

ਸਕੂਲ ਅਤੇ ਕਾਲਜ ਬੰਦ

ਰੈੱਡ ਅਲਰਟ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੰਬਈ, ਠਾਣੇ, ਨਵੀ ਮੁੰਬਈ, ਕਲਿਆਣ-ਡੋਂਬਿਵਲੀ ਅਤੇ ਹੋਰ ਪ੍ਰਭਾਵਿਤ ਖੇਤਰਾਂ ਵਿੱਚ ਸਕੂਲਾਂ ਅਤੇ ਕਾਲਜਾਂ ਨੂੰ ਅੱਜ ਲਈ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਠਾਣੇ, ਪਾਲਘਰ ਅਤੇ ਰਾਇਗੜ੍ਹ ਦੇ ਆਫ਼ਤ ਪ੍ਰਬੰਧਨ ਵਿਭਾਗਾਂ ਨੇ ਐਮਰਜੈਂਸੀ ਕੰਟਰੋਲ ਰੂਮ ਅਤੇ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਹਨ। ਮਹਾਰਾਸ਼ਟਰ ਸਰਕਾਰ ਨੇ ਲੋਕਾਂ ਨੂੰ ਅਧਿਕਾਰਤ ਮੌਸਮ ਬੁਲੇਟਿਨਾਂ ਅਤੇ ਪ੍ਰਸ਼ਾਸਨਿਕ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਅਗਲੇ ਦੋ ਦਿਨ ਵੀ ਭਾਰੀ ਮੀਂਹ ਦੀ ਸੰਭਾਵਨਾ

IMD ਅਨੁਸਾਰ 4 ਜੁਲਾਈ ਨੂੰ ਭਾਰੀ ਤੋਂ ਅਤਿ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਦਕਿ 5 ਅਤੇ 6 ਜੁਲਾਈ ਨੂੰ ਵੀ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦਾ ਦੌਰ ਜਾਰੀ ਰਹਿ ਸਕਦਾ ਹੈ, ਹਾਲਾਂਕਿ ਇਸ ਦੀ ਤੀਬਰਤਾ ਵਿੱਚ ਕੁਝ ਫ਼ਰਕ ਆ ਸਕਦਾ ਹੈ।

ਇਸ ਤੋਂ ਪਹਿਲਾਂ ਇਸੇ ਹਫ਼ਤੇ ਮਹਾਰਾਸ਼ਟਰ ਦੇ ਪੁਣੇ ਅਤੇ ਹੋਰ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ। ਇਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਵਾਂ, ਨਾਲਿਆਂ, ਸਮੁੰਦਰੀ ਤੱਟਾਂ ਅਤੇ ਪਹਾੜੀ ਖੇਤਰਾਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ।

ਪ੍ਰਸ਼ਾਸਨ ਨੇ ਯਾਤਰੀਆਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਟ੍ਰੈਫਿਕ ਅਤੇ ਲੋਕਲ ਰੇਲ ਸੇਵਾਵਾਂ ਬਾਰੇ ਤਾਜ਼ਾ ਜਾਣਕਾਰੀ ਲੈਣ ਦੀ ਵੀ ਅਪੀਲ ਕੀਤੀ ਹੈ, ਕਿਉਂਕਿ ਭਾਰੀ ਮੀਂਹ ਕਾਰਨ ਆਵਾਜਾਈ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਰਾਜ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਪੂਰੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਲੋਕਾਂ ਨੂੰ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Published on: 04 Jul 2026

Editor Info

Pushpinder Kaur
publictimes@gmail.com
+91 84278 93668