Thursday, 1 October 2026
ਜਲੰਧਰ ’ਚ 14 ਤੋਂ 22 ਨਵੰਬਰ ਤੱਕ ਹੋਵੇਗੀ ਅਗਨੀਵੀਰ ਭਰਤੀ ਰੈਲੀ

ਜਲੰਧਰ ’ਚ 14 ਤੋਂ 22 ਨਵੰਬਰ ਤੱਕ ਹੋਵੇਗੀ ਅਗਨੀਵੀਰ ਭਰਤੀ ਰੈਲੀ

ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ’ਚ 9 ਦਿਨ ਚੱਲੇਗੀ ਭਰਤੀ ਪ੍ਰਕਿਰਿਆ; ਏਡੀਸੀ ਦਿਵਿਆ ਪੀ. ਨੇ ਪ੍ਰਬੰਧਾਂ ਦੀ ਸਮੀਖਿਆ ਲਈ ਕੀਤੀ ਮੀਟਿੰਗ

ਜਲੰਧਰ, 1 ਅਕਤੂਬਰ: ਭਾਰਤੀ ਫੌਜ ਵਿੱਚ ਅਗਨੀਵੀਰ ਭਰਤੀ ਲਈ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਜਲੰਧਰ ਵਿਖੇ 14 ਤੋਂ 22 ਨਵੰਬਰ 2026 ਤੱਕ 9 ਦਿਨਾਂ ਭਰਤੀ ਰੈਲੀ ਕਰਵਾਈ ਜਾਵੇਗੀ। ਰੈਲੀ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਭਰਤੀ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।

ਪਾਣੀ, ਬਿਜਲੀ, ਮੈਡੀਕਲ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦੇ ਨਿਰਦੇਸ਼

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਰੈਲੀ ਵਾਲੀ ਥਾਂ ’ਤੇ ਸਾਰੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਭਰਤੀ ਰੈਲੀ ਦੌਰਾਨ ਉਮੀਦਵਾਰਾਂ ਲਈ ਪੀਣ ਵਾਲੇ ਸਾਫ਼ ਪਾਣੀ, ਨਿਰਵਿਘਨ ਬਿਜਲੀ ਸਪਲਾਈ ਅਤੇ ਪਖਾਨਿਆਂ ਦੇ ਢੁੱਕਵੇਂ ਪ੍ਰਬੰਧ ਯਕੀਨੀ ਬਣਾਏ ਜਾਣ। ਇਸ ਦੇ ਨਾਲ ਹੀ ਸੁਰੱਖਿਆ ਪ੍ਰਬੰਧਾਂ, ਮੈਡੀਕਲ ਟੀਮਾਂ ਅਤੇ ਫਾਇਰ ਬ੍ਰਿਗੇਡ ਦੀ ਉਪਲਬਧਤਾ ਲਈ ਵੀ ਸਬੰਧਤ ਵਿਭਾਗਾਂ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ।

ਦਿਵਿਆ ਪੀ. ਨੇ ਕਿਹਾ ਕਿ ਪ੍ਰਸ਼ਾਸਨ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਸੇਵਾ ਕਰਨ ਦਾ ਮੌਕਾ ਹਾਸਲ ਕਰਨ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਭਰਤੀ ਰੈਲੀ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਿਹਾ।

ਮੀਟਿੰਗ ਵਿੱਚ ਐੱਸ.ਡੀ.ਐੱਮ. ਸ਼ੁਭੀ ਆਂਗਰਾ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਨੀਲਮ ਮਹੇ ਅਤੇ ਡਾਇਰੈਕਟਰ ਰਿਕਰੂਟਮੈਂਟ ਜਲੰਧਰ ਕੈਂਟ ਕਰਨਲ ਰਸ਼ਮੀ ਨਰਾਇਣ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Published on: 01 Oct 2026

Editor Info

Pushpinder Kaur
publictimes@gmail.com
+91 84278 93668