ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪਾਲਾ ਜਲਾਲਪੁਰ ਨੇ ਸ਼ੁਰੂ ਕਰਵਾਇਆ ਕੰਮ; ਮਿੱਟੀ ਤੇ ਗਟਕਾ ਪਾ ਕੇ ਸੜਕ ਨੂੰ ਆਵਾਜਾਈ ਯੋਗ ਬਣਾਉਣ ਦੀ ਕਵਾਇਦ
ਜਲੰਧਰ/ਸ਼ਾਹਕੋਟ, 30 ਸਤੰਬਰ: ਹੜ੍ਹਾਂ ਕਾਰਨ ਨੁਕਸਾਨੀ ਗਈ ਲੋਹੀਆਂ ਤੋਂ ਜਕੋਪੁਰ ਨੂੰ ਜਾਣ ਵਾਲੀ ਸੜਕ ਨੂੰ ਮੁੜ ਆਵਾਜਾਈ ਯੋਗ ਬਣਾਉਣ ਲਈ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ‘ਆਪ’ ਆਗੂ ਤੇ ਹਲਕਾ ਇੰਚਾਰਜ ਪਾਲਾ ਜਲਾਲਪੁਰ ਨੇ ਸਾਂਝੇ ਤੌਰ ’ਤੇ ਇਸ ਕੰਮ ਦੀ ਸ਼ੁਰੂਆਤ ਕਰਵਾਈ।
ਹੜ੍ਹਾਂ ਦੌਰਾਨ ਸੜਕ ਦੇ ਕਈ ਹਿੱਸੇ ਨੁਕਸਾਨੇ ਜਾਣ ਕਾਰਨ ਇਲਾਕੇ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੰਗਲਵਾਰ ਦੁਪਹਿਰ ਬਾਅਦ ਮਿੱਟੀ ਦੀਆਂ ਟਰਾਲੀਆਂ, ਕਰਾਹਿਆਂ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਸੜਕ ਦੀ ਮੁਰੰਮਤ ਸ਼ੁਰੂ ਕੀਤੀ ਗਈ।
ਕੰਗ ਖੁਰਦ ਵਿਖੇ ਇਸ ਸਬੰਧੀ ਹੋਏ ਇਕੱਠ ਵਿੱਚ ਆਲੇ-ਦੁਆਲੇ ਦੇ ਕਰੀਬ 20 ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ।
ਵਾਢੀ ਦੇ ਸੀਜ਼ਨ ਤੋਂ ਪਹਿਲਾਂ ਸੜਕ ਆਵਾਜਾਈ ਯੋਗ ਬਣਾਉਣ ਦਾ ਟੀਚਾ
ਸੰਤ ਸੀਚੇਵਾਲ ਨੇ ਦੱਸਿਆ ਕਿ ਸੜਕ ਦੇ ਜਿਹੜੇ ਹਿੱਸੇ ਜ਼ਿਆਦਾ ਖਰਾਬ ਹੋ ਚੁੱਕੇ ਹਨ, ਉੱਥੇ ਮਿੱਟੀ ਦੇ ਨਾਲ ਗਟਕਾ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਂਦੇ ਕੁਝ ਦਿਨਾਂ ਵਿੱਚ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਸੜਕ ਨੂੰ ਜਲਦੀ ਤੋਂ ਜਲਦੀ ਆਵਾਜਾਈ ਯੋਗ ਬਣਾਉਣਾ ਹੈ, ਤਾਂ ਜੋ ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਢੋਆ-ਢੁਆਈ ਵਿੱਚ ਦਿੱਕਤ ਨਾ ਆਵੇ।
ਹਲਕਾ ਇੰਚਾਰਜ ਪਾਲਾ ਜਲਾਲਪੁਰ ਨੇ ਵੀ ਮੌਕੇ ’ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਦੌਰਾਨ ਸੰਤ ਸੀਚੇਵਾਲ ਅਤੇ ਪਾਲਾ ਜਲਾਲਪੁਰ ਨੇ ਮੰਡਾਲਾ ਛੰਨਾ ਵਿਖੇ ਧੁੱਸੀ ਬੰਨ੍ਹ ’ਤੇ ਬਣਾਈ ਜਾ ਰਹੀ ਸੜਕ ਦੇ ਕੰਮ ਦਾ ਵੀ ਜਾਇਜ਼ਾ ਲਿਆ ਅਤੇ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ।
ਹੜ੍ਹਾਂ ਤੋਂ ਪਹਿਲਾਂ ਹੀ ਬੰਨ੍ਹਾਂ ਦੀ ਮਜ਼ਬੂਤੀ ਲਈ ਤਿਆਰੀ ਜ਼ਰੂਰੀ: ਸੀਚੇਵਾਲ
ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨਾਲ ਲੱਗਦੇ ਇਲਾਕਿਆਂ ਨੂੰ ਸਮੇਂ-ਸਮੇਂ ’ਤੇ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਹੜ੍ਹ ਆਉਣ ਤੋਂ ਬਾਅਦ ਪ੍ਰਬੰਧ ਕਰਨ ਦੀ ਬਜਾਏ ਪਹਿਲਾਂ ਤੋਂ ਤਿਆਰੀ ਕਰਨ ਦੀ ਲੋੜ ਹੈ।
ਉਨ੍ਹਾਂ ਧੁੱਸੀ ਬੰਨ੍ਹਾਂ ਨੂੰ ਲਗਾਤਾਰ ਮਜ਼ਬੂਤ ਰੱਖਣ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਨਿਗਰਾਨੀ ਕਰਨ ’ਤੇ ਜ਼ੋਰ ਦਿੱਤਾ। ਸੰਤ ਸੀਚੇਵਾਲ ਨੇ ਦੱਸਿਆ ਕਿ ਮੰਡਾਲਾ ਛੰਨਾ ਵਿਖੇ ਬੰਨ੍ਹ ਦੇ ਸੰਵੇਦਨਸ਼ੀਲ ਹਿੱਸੇ ਨੂੰ ਮਜ਼ਬੂਤ ਕਰਨ ਲਈ ਕਰੀਬ 18 ਕਰੋੜ ਰੁਪਏ ਦੀ ਲਾਗਤ ਨਾਲ ਪੱਥਰ ਲਗਾਏ ਗਏ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਅਗਾਊਂ ਪ੍ਰਬੰਧਾਂ ਨਾਲ ਹੜ੍ਹਾਂ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਅਤੇ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਨੂੰ ਰਾਹਤ ਦੇਣ ਵਿੱਚ ਮਦਦ ਮਿਲ ਸਕਦੀ ਹੈ।