ਪਹਿਲੀ ਵਾਰ ਖੇਡਾਂ ’ਚ ਸ਼ਾਮਲ ਹੋਈ ਟੈਨਿਸ ਕ੍ਰਿਕਟ; ਮਹਿਤਪੁਰ ’ਚ ਕੈਂਬ੍ਰਿਜ ਸਕੂਲ, ਲੋਹੀਆਂ ’ਚ ਫੁਲਵਾਰੀ ਤੇ ਸ਼ਾਹਕੋਟ ’ਚ ਮਲਸੀਆਂ ਦੀਆਂ ਟੀਮਾਂ ਰਹੀਆਂ ਅੱਵਲ
ਜਲੰਧਰ, 14 ਸਤੰਬਰ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਸੋਮਵਾਰ ਨੂੰ ਜਲੰਧਰ ਜ਼ਿਲ੍ਹੇ ਦੇ ਛੇ ਬਲਾਕਾਂ ਵਿੱਚ ਟੈਨਿਸ ਕ੍ਰਿਕਟ ਦੇ ਮੁਕਾਬਲੇ ਕਰਵਾਏ ਗਏ। ਇਸ ਸੀਜ਼ਨ ਵਿੱਚ ਟੈਨਿਸ ਕ੍ਰਿਕਟ ਨੂੰ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸ਼ਾਮਲ ਕੀਤਾ ਗਿਆ ਹੈ।
ਟੈਨਿਸ ਕ੍ਰਿਕਟ ਮੁਕਾਬਲਿਆਂ ਦੇ ਪਹਿਲੇ ਦਿਨ ਮਹਿਤਪੁਰ, ਨਕੋਦਰ, ਨੂਰਮਹਿਲ, ਲੋਹੀਆਂ, ਸ਼ਾਹਕੋਟ ਅਤੇ ਜਲੰਧਰ ਪੱਛਮੀ ਬਲਾਕਾਂ ਵਿੱਚ ਖਿਡਾਰੀਆਂ ਨੇ ਹਿੱਸਾ ਲਿਆ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਮਹਿਤਪੁਰ ਵਿੱਚ ਕੈਂਬ੍ਰਿਜ ਸਕੂਲ ਦੀ ਟੀਮ ਨੇ ਪਹਿਲਾ, ਜਦਕਿ ਐੱਚ.ਪੀ. ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।
ਲੋਹੀਆਂ ’ਚ ਫੁਲਵਾਰੀ ਅਤੇ ਸ਼ਾਹਕੋਟ ’ਚ ਮਲਸੀਆਂ ਦੀ ਟੀਮ ਜੇਤੂ
ਬਲਾਕ ਲੋਹੀਆਂ ਦੇ ਮੁਕਾਬਲਿਆਂ ਵਿੱਚ ਪਿੰਡ ਫੁਲਵਾਰੀ ਦੀ ਟੀਮ ਪਹਿਲੇ ਅਤੇ ਨਵਾਂ ਪਿੰਡ ਦੋਨੇਵਾਲ ਦੀ ਟੀਮ ਦੂਜੇ ਸਥਾਨ ’ਤੇ ਰਹੀ।
ਇਸੇ ਤਰ੍ਹਾਂ ਸ਼ਾਹਕੋਟ ਬਲਾਕ ਵਿੱਚ ਪਿੰਡ ਮਲਸੀਆਂ ਨੇ ਪਹਿਲਾ ਅਤੇ ਕੋਟਲੀ ਗੁਜਰਾਂ ਨੇ ਦੂਜਾ ਸਥਾਨ ਹਾਸਲ ਕੀਤਾ।
ਸ਼ਾਹਕੋਟ ਵਿਖੇ ਹੋਏ ਮੁਕਾਬਲਿਆਂ ਦੌਰਾਨ ‘ਆਪ’ ਆਗੂ ਪਰਮਿੰਦਰ ਸਿੰਘ ਪੰਡੋਰੀ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਮਹਿਤਪੁਰ ਬਲਾਕ ਦੇ ਮੁਕਾਬਲਿਆਂ ਦੌਰਾਨ ਪਿੰਡ ਸੰਗੋਵਾਲ ਦੇ ਸਰਪੰਚ ਕੁਲਵੰਤ ਸਿੰਘ ਨੇ ਵੀ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।