OFTEC ਨੇ 8 ਮਹੀਨਿਆਂ ’ਚ 10 ਭਗੌੜਿਆਂ ਨੂੰ ਭਾਰਤ ਲਿਆਉਣ ’ਚ ਨਿਭਾਈ ਭੂਮਿਕਾ; ਇੰਸਪੈਕਟਰ ਸੁਖਜੀਤ ਸਿੰਘ ਨੂੰ ਆਊਟ-ਆਫ-ਟਰਨ ਤਰੱਕੀ ਦੇ ਕੇ ਬਣਾਇਆ DSP
ਚੰਡੀਗੜ੍ਹ, 14 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਦੀਆਂ ਵਿਸ਼ੇਸ਼ ਇਕਾਈਆਂ ਦੀ ਕਾਰਜਸ਼ੀਲ ਤਿਆਰੀ ਅਤੇ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਕਾਊਂਟਰ ਇੰਟੈਲੀਜੈਂਸ ਵਿੰਗ, ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਵੱਲੋਂ ਸੰਗਠਿਤ ਅਪਰਾਧ ਅਤੇ ਨਸ਼ਾ ਤਸਕਰੀ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ADGP ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ, ADGP AGTF ਪ੍ਰਮੋਦ ਬਾਨ ਅਤੇ ADGP ANTF ਨੀਲਾਭ ਕਿਸ਼ੋਰ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ।
OFTEC ਦੀ ਵੱਡੀ ਪ੍ਰਾਪਤੀ, 9 ਡਿਪੋਰਟੇਸ਼ਨ ਤੇ ਇੱਕ ਹਵਾਲਗੀ
ਮੁੱਖ ਮੰਤਰੀ ਨੇ IG ਆਸ਼ੀਸ਼ ਚੌਧਰੀ ਦੀ ਅਗਵਾਈ ਵਾਲੇ Overseas Fugitive Tracking & Extradition Cell (OFTEC) ਦੇ ਕੰਮਕਾਜ ਦਾ ਵੀ ਜਾਇਜ਼ਾ ਲਿਆ। ਪੰਜਾਬ ਪੁਲਿਸ ਮੁਤਾਬਕ ਜਨਵਰੀ 2026 ਵਿੱਚ ਕੰਮ ਸ਼ੁਰੂ ਕਰਨ ਤੋਂ ਬਾਅਦ ਪਹਿਲੇ ਅੱਠ ਮਹੀਨਿਆਂ ਵਿੱਚ ਇਸ ਸੈੱਲ ਨੇ 10 ਭਗੌੜਿਆਂ ਨੂੰ ਭਾਰਤ ਵਾਪਸ ਲਿਆਉਣ ਵਿੱਚ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚ 9 ਡਿਪੋਰਟੇਸ਼ਨ ਅਤੇ ਇੱਕ ਹਵਾਲਗੀ (Extradition) ਸ਼ਾਮਲ ਹੈ।
ਮੁੱਖ ਮੰਤਰੀ ਨੇ ਇਸ ਵਿਸ਼ੇਸ਼ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ AIG ਡੀ. ਸੁਦਰਵਿਜ਼ੀ ਅਤੇ SP ਦੀਪਿਕਾ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਦੌਰਾਨ SP ਬਿਕਰਮ ਬਰਾੜ ਨੇ ਮੁੱਖ ਮੰਤਰੀ ਨੂੰ ਰਿਪਬਲਿਕ ਆਫ਼ ਮੋਲਡੋਵਾ ਵੱਲੋਂ ਮਿਲਿਆ ਇੱਕ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ। ਇਹ ਮੋਲਡੋਵਾ ਦੇ ਅਧਿਕਾਰੀਆਂ ਨਾਲ ਹੋਈ ਉਸ ਕਾਰਵਾਈ ਨਾਲ ਸਬੰਧਤ ਸੀ, ਜਿਸ ਦੇ ਨਤੀਜੇ ਵਜੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਕਥਿਤ ਅਹਿਮ ਗੁਰਗੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਲਮ ਨੂੰ ਮੋਲਡੋਵਾ ਤੋਂ ਹਵਾਲਗੀ ਰਾਹੀਂ ਭਾਰਤ ਲਿਆਂਦਾ ਗਿਆ ਸੀ।
ਸੁਖਜੀਤ ਸਿੰਘ ਨੂੰ ਆਊਟ-ਆਫ-ਟਰਨ ਤਰੱਕੀ
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ AGTF ਦੀਆਂ ਕਾਰਵਾਈਆਂ ਦੀ ਵੀ ਸ਼ਲਾਘਾ ਕੀਤੀ ਅਤੇ DSP ਰਾਜਨ ਪਰਮਿੰਦਰ ਸਿੰਘ ਤੇ ਉਨ੍ਹਾਂ ਦੀ ਆਪ੍ਰੇਸ਼ਨਲ ਟੀਮ ਦੇ ਕੰਮ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਜੀਤ ਸਿੰਘ ਦੀ ਪਿਪਿੰਗ ਸੈਰੇਮਨੀ ਵੀ ਕੀਤੀ ਅਤੇ ਉਨ੍ਹਾਂ ਦੇ ਮੋਢਿਆਂ ’ਤੇ DSP ਰੈਂਕ ਦੇ ਬੈਜ ਲਗਾਏ। ਪੰਜਾਬ ਪੁਲਿਸ ਮੁਤਾਬਕ ਸੁਖਜੀਤ ਸਿੰਘ ਨੂੰ ਸ਼ਾਨਦਾਰ ਸੇਵਾਵਾਂ ਅਤੇ ਕਾਰਗੁਜ਼ਾਰੀ ਦੇ ਮੱਦੇਨਜ਼ਰ ਇੰਸਪੈਕਟਰ ਤੋਂ DSP ਵਜੋਂ ਆਊਟ-ਆਫ-ਟਰਨ ਤਰੱਕੀ ਦਿੱਤੀ ਗਈ ਹੈ।
ਪੰਜਾਬ ਪੁਲਿਸ ਨੇ ਕਿਹਾ ਕਿ ਖੁਫ਼ੀਆ ਜਾਣਕਾਰੀ ਆਧਾਰਿਤ ਕਾਰਵਾਈਆਂ, ਵੱਖ-ਵੱਖ ਏਜੰਸੀਆਂ ਵਿਚਾਲੇ ਤਾਲਮੇਲ ਅਤੇ ਵਿਦੇਸ਼ਾਂ ਵਿੱਚ ਬੈਠੇ ਭਗੌੜਿਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਲਗਾਤਾਰ ਕਾਰਵਾਈ ਰਾਹੀਂ ਸੰਗਠਿਤ ਅਪਰਾਧ ਅਤੇ ਨਸ਼ਾ ਤਸਕਰੀ ਦੇ ਨੈੱਟਵਰਕਾਂ ਨੂੰ ਤੋੜਨ ਦੇ ਯਤਨ ਜਾਰੀ ਰਹਿਣਗੇ।