ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ; ਜਗਸ਼ੇਰ ਨੇ ਵੀਰਨ ਸੇਠ ਅਤੇ ਇਨਾਇਤ ਨੇ ਮਹਿਵਿਸ਼ ਕੌਰ ਨੂੰ ਰੋਮਾਂਚਕ ਫਾਈਨਲ ’ਚ ਹਰਾਇਆ
ਜਲੰਧਰ: ਇਨੋਸੈਂਟ ਹਾਰਟਸ ਪੰਜਾਬ ਸਟੇਟ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਐਤਵਾਰ ਨੂੰ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਿਆ। ਪਟਿਆਲਾ ਦੇ ਜਗਸ਼ੇਰ ਸਿੰਘ ਖੰਗੂੜਾ ਅਤੇ ਜਲੰਧਰ ਦੀ ਇਨਾਇਤ ਗੁਲਾਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਖਿਤਾਬ ਆਪਣੇ ਨਾਮ ਕੀਤੇ। ਦੋਵੇਂ ਜੇਤੂ ਅਗਲੇ ਮਹੀਨੇ ਹੋਣ ਵਾਲੀ ਨਾਰਥ ਜ਼ੋਨ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ।
ਜਗਸ਼ੇਰ ਨੇ ਰੋਮਾਂਚਕ ਮੁਕਾਬਲੇ ’ਚ ਜਿੱਤਿਆ ਪੁਰਸ਼ ਸਿੰਗਲਜ਼ ਖਿਤਾਬ
ਪੁਰਸ਼ ਸਿੰਗਲਜ਼ ਦਾ ਫਾਈਨਲ ਬੇਹੱਦ ਰੋਮਾਂਚਕ ਰਿਹਾ। ਜਗਸ਼ੇਰ ਸਿੰਘ ਖੰਗੂੜਾ ਨੇ ਜਲੰਧਰ ਦੇ ਵੀਰਨ ਸੇਠ ਨੂੰ ਤਿੰਨ ਗੇਮਾਂ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ 15-10, 10-15, 20-18 ਨਾਲ ਹਰਾਇਆ। ਫੈਸਲਾਕੁੰਨ ਗੇਮ ਵਿੱਚ ਦੋਵਾਂ ਖਿਡਾਰੀਆਂ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ, ਪਰ ਆਖ਼ਰੀ ਪਲਾਂ ਵਿੱਚ ਜਗਸ਼ੇਰ ਨੇ ਬਾਜ਼ੀ ਮਾਰਦਿਆਂ ਪੰਜਾਬ ਚੈਂਪੀਅਨ ਦਾ ਖਿਤਾਬ ਹਾਸਲ ਕਰ ਲਿਆ।
ਮਹਿਲਾ ਸਿੰਗਲਜ਼ ਦਾ ਫਾਈਨਲ ਵੀ ਉਤਾਰ-ਚੜ੍ਹਾਅ ਭਰਿਆ ਰਿਹਾ। ਜਲੰਧਰ ਦੀ ਇਨਾਇਤ ਗੁਲਾਟੀ ਨੇ ਗੁਰਦਾਸਪੁਰ ਦੀ ਮਹਿਵਿਸ਼ ਕੌਰ ਨੂੰ 9-15, 15-9, 19-17 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ।
ਅੰਡਰ-19 ’ਚ ਵੀਰਨ ਸੇਠ ਅਤੇ ਮਹਿਵਿਸ਼ ਕੌਰ ਬਣੇ ਚੈਂਪੀਅਨ
ਅੰਡਰ-19 ਲੜਕਿਆਂ ਦੇ ਸਿੰਗਲਜ਼ ਫਾਈਨਲ ਵਿੱਚ ਜਲੰਧਰ ਦੇ ਵੀਰਨ ਸੇਠ ਨੇ ਦਿਵਯਮ ਸਚਦੇਵਾ ਨੂੰ 15-9, 9-15, 15-1 ਨਾਲ ਹਰਾ ਕੇ ਖਿਤਾਬ ਜਿੱਤਿਆ।
ਅੰਡਰ-19 ਲੜਕੀਆਂ ਦੇ ਸਿੰਗਲਜ਼ ਵਿੱਚ ਮਹਿਵਿਸ਼ ਕੌਰ ਨੇ ਸ਼ਾਨਦਾਰ ਵਾਪਸੀ ਕਰਦਿਆਂ ਸੀਨੀਅਰ ਮਹਿਲਾ ਵਰਗ ਦੀ ਚੈਂਪੀਅਨ ਇਨਾਇਤ ਗੁਲਾਟੀ ਨੂੰ 15-11, 15-13 ਨਾਲ ਹਰਾ ਕੇ ਅੰਡਰ-19 ਦਾ ਖਿਤਾਬ ਆਪਣੇ ਨਾਮ ਕੀਤਾ।
‘ਜਿੱਤ-ਹਾਰ ਤੋਂ ਬਾਅਦ ਦਾ ਵਿਹਾਰ ਬਣਾਉਂਦਾ ਹੈ ਸੱਚਾ ਚੈਂਪੀਅਨ’
ਇਨਾਮ ਵੰਡ ਸਮਾਗਮ ਵਿੱਚ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ, ਆਈਏਐਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੱਚੇ ਚੈਂਪੀਅਨ ਦੀ ਪਛਾਣ ਸਿਰਫ਼ ਉਸ ਦੀ ਜਿੱਤ ਨਾਲ ਨਹੀਂ ਹੁੰਦੀ, ਸਗੋਂ ਜਿੱਤ ਜਾਂ ਹਾਰ ਤੋਂ ਬਾਅਦ ਉਹ ਆਪਣੇ ਵਿਰੋਧੀ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਹੈ, ਇਹ ਉਸ ਦੀ ਅਸਲ ਖੇਡ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਵਿਰੋਧੀਆਂ ਦਾ ਸਤਿਕਾਰ ਕਰਨ ਅਤੇ ਹਾਰ ਦੇ ਸਮੇਂ ਵੀ ਖੇਡ ਭਾਵਨਾ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ।
ਡਬਲਜ਼ ਮੁਕਾਬਲਿਆਂ ’ਚ ਵੀ ਖਿਡਾਰੀਆਂ ਨੇ ਦਿਖਾਇਆ ਦਮ
ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਅੰਡਰ-19 ਲੜਕੀਆਂ ਦੇ ਡਬਲਜ਼ ਵਿੱਚ ਸਮਾਇਰਾ ਅਰੋੜਾ ਅਤੇ ਸੀਜਾ ਦੀ ਜੋੜੀ ਜੇਤੂ ਰਹੀ, ਜਦਕਿ ਦਿਸ਼ਿਕਾ ਸੂਰੀ ਅਤੇ ਉਪਨੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਅੰਡਰ-19 ਲੜਕਿਆਂ ਦੇ ਡਬਲਜ਼ ਵਿੱਚ ਆਦਿਤਿਆ ਸ਼ਰਮਾ ਅਤੇ ਵੀਰਨ ਸੇਠ ਨੇ ਖਿਤਾਬ ਜਿੱਤਿਆ, ਜਦਕਿ ਅਖਿਲ ਅਰੋੜਾ ਅਤੇ ਕ੍ਰਿਤੱਗ ਅਰੋੜਾ ਉਪ ਜੇਤੂ ਰਹੇ।
ਅੰਡਰ-19 ਮਿਕਸਡ ਡਬਲਜ਼ ਵਿੱਚ ਸਮਾਰਥ ਭਾਰਦਵਾਜ ਅਤੇ ਸੀਜਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸ਼ਿਵੇਨ ਢੀਂਗਰਾ ਅਤੇ ਅਨੰਨਿਆ ਨਿਝਾਵਨ ਦੀ ਜੋੜੀ ਦੂਜੇ ਸਥਾਨ ’ਤੇ ਰਹੀ।
ਸੀਨੀਅਰ ਮਿਕਸਡ ਡਬਲਜ਼ ਵਿੱਚ ਸਿਆਮ ਪ੍ਰਸਾਦ ਉਦਯਕੁਮਾਰ ਅਤੇ ਲਿਜ਼ਾ ਟਾਂਕ ਨੇ ਖਿਤਾਬ ਜਿੱਤਿਆ। ਮ੍ਰਿਦੁਲ ਝਾ ਅਤੇ ਮਾਨਿਆ ਰਾਹਲਾਨ ਉਪ ਜੇਤੂ ਰਹੇ।
ਮਹਿਲਾ ਡਬਲਜ਼ ਵਿੱਚ ਮਾਨਿਆ ਰਾਹਲਾਨ ਅਤੇ ਸਾਨਵੀ ਨੌਟਿਆਲ ਨੇ ਬਾਜ਼ੀ ਮਾਰੀ, ਜਦਕਿ ਲਿਜ਼ਾ ਟਾਂਕ ਅਤੇ ਸੀਜਾ ਨੇ ਦੂਜਾ ਸਥਾਨ ਹਾਸਲ ਕੀਤਾ। ਪੁਰਸ਼ ਡਬਲਜ਼ ਵਿੱਚ ਅਰਿਆਨ ਅਜੀ ਅਤੇ ਸਿਆਮ ਪ੍ਰਸਾਦ ਉਦਯਕੁਮਾਰ ਚੈਂਪੀਅਨ ਬਣੇ ਅਤੇ ਅਨਿਸ਼ ਭਾਰਦਵਾਜ ਤੇ ਮ੍ਰਿਦੁਲ ਝਾ ਦੀ ਜੋੜੀ ਉਪ ਜੇਤੂ ਰਹੀ।
ਟੂਰਨਾਮੈਂਟ ਦੇ ਸਮਾਪਤੀ ਸਮਾਗਮ ਵਿੱਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਰਾਕੇਸ਼ ਖੰਨਾ, ਹਰਪ੍ਰੀਤ ਸਿੰਘ, ਧੀਰਜ ਸ਼ਰਮਾ ਅਤੇ ਸ਼ਮਸ਼ੇਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ, ਕੋਚ ਅਤੇ ਹੋਰ ਅਹੁਦੇਦਾਰ ਮੌਜੂਦ ਰਹੇ।