Friday, 18 September 2026
ਧੁੱਸੀ ਬੰਨ੍ਹ ’ਤੇ 14 ਕਿਲੋਮੀਟਰ ਸੜਕ ਦਾ ਪਹਿਲਾ ਪੜਾਅ ਅਕਤੂਬਰ ਤੱਕ ਮੁਕੰਮਲ ਕਰਨ ਦੀਆਂ ਹਦਾਇਤਾਂ

ਧੁੱਸੀ ਬੰਨ੍ਹ ’ਤੇ 14 ਕਿਲੋਮੀਟਰ ਸੜਕ ਦਾ ਪਹਿਲਾ ਪੜਾਅ ਅਕਤੂਬਰ ਤੱਕ ਮੁਕੰਮਲ ਕਰਨ ਦੀਆਂ ਹਦਾਇਤਾਂ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਧਿਕਾਰੀਆਂ ਨਾਲ ਕੀਤਾ ਦੌਰਾ; ਗਿੱਦੜਪਿੰਡੀ ਤੋਂ ਫਿਲੌਰ ਤੱਕ ਬਣੇਗੀ ਸੜਕ

ਜਲੰਧਰ, 17 ਸਤੰਬਰ: ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਧੁੱਸੀ ਬੰਨ੍ਹ ’ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸੜਕ ਨਿਰਮਾਣ ਦੇ ਪਹਿਲੇ ਪੜਾਅ ਦਾ ਕੰਮ ਅਕਤੂਬਰ ਮਹੀਨੇ ਤੱਕ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।

ਪਹਿਲੇ ਪੜਾਅ ਤਹਿਤ ਧੁੱਸੀ ਬੰਨ੍ਹ ’ਤੇ ਗਿੱਦੜਪਿੰਡੀ ਤੋਂ ਫਿਲੌਰ ਤੱਕ 14 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕੀਤਾ ਜਾਣਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਪੁਲ ਅਤੇ ਸੜਕ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਕਿਹਾ

ਦੌਰੇ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਇਲਾਕੇ ਵਿੱਚ ਪੁਲ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪੁਲ ਦੇ ਨਾਲ-ਨਾਲ ਸੜਕ ਨਿਰਮਾਣ ਦੇ ਕੰਮ ਵਿੱਚ ਵੀ ਤੇਜ਼ੀ ਲਿਆਉਣ ਅਤੇ ਕਿਸੇ ਵੀ ਪੱਧਰ ’ਤੇ ਬੇਲੋੜੀ ਦੇਰੀ ਨਾ ਹੋਣ ਦੇਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ’ਤੇ ਸੜਕ ਬਣਨ ਨਾਲ ਜਿੱਥੇ ਬੰਨ੍ਹ ਦੀ ਮਜ਼ਬੂਤੀ ਵਧੇਗੀ, ਉੱਥੇ ਇਹ ਸੜਕ ਇਲਾਕੇ ਲਈ ਬਾਈਪਾਸ ਵਜੋਂ ਵੀ ਅਹਿਮ ਭੂਮਿਕਾ ਨਿਭਾਏਗੀ। ਇਸ ਨਾਲ ਆਵਾਜਾਈ ਸੁਖਾਲੀ ਹੋਣ ਦੇ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ।

ਸੰਤ ਸੀਚੇਵਾਲ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕੰਮ ਦੀ ਰਫ਼ਤਾਰ ਦੇ ਨਾਲ ਨਿਰਮਾਣ ਦੀ ਗੁਣਵੱਤਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।

ਮਨਰੇਗਾ ਵਰਕਰਾਂ ਨੇ ਵੀ ਦੱਸੀਆਂ ਸਮੱਸਿਆਵਾਂ

ਇਸ ਮੌਕੇ ਮਨਰੇਗਾ ਵਰਕਰਾਂ ਦੇ ਇੱਕ ਵਫ਼ਦ ਨੇ ਸੰਤ ਸੀਚੇਵਾਲ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ। ਸੰਤ ਸੀਚੇਵਾਲ ਨੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਵਰਕਰਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਕਿਹਾ।

Published on: 17 Sep 2026

Editor Info

Pushpinder Kaur
publictimes@gmail.com
+91 84278 93668