ਜਨਰਲ ਵਰਗ ਨੂੰ 25 ਤੇ ਅਨੁਸੂਚਿਤ ਜਾਤੀ ਨੂੰ 33 ਫੀਸਦੀ ਸਬਸਿਡੀ; ਮਿਲਕਿੰਗ ਮਸ਼ੀਨਾਂ ’ਤੇ ਵੀ 50 ਫੀਸਦੀ ਸਬਸਿਡੀ ਦੀ ਸਹੂਲਤ
ਜਲੰਧਰ, 18 ਸਤੰਬਰ: ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਕਪਲਮੀਤ ਸਿੰਘ ਸੰਧੂ ਨੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਏ ਜਾ ਰਹੇ ਸਿਖਲਾਈ ਕੋਰਸਾਂ ਅਤੇ ਵੱਖ-ਵੱਖ ਸਕੀਮਾਂ ਦਾ ਲਾਭ ਲੈ ਕੇ ਡੇਅਰੀ ਕਿੱਤੇ ਨੂੰ ਸਵੈ-ਰੋਜ਼ਗਾਰ ਵਜੋਂ ਅਪਣਾਉਣ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਵਰਿਆਮ ਸਿੰਘ ਗਿੱਲ ਦੀ ਅਗਵਾਈ ਹੇਠ ਬੇਰੋਜ਼ਗਾਰ ਨੌਜਵਾਨਾਂ ਨੂੰ ਡੇਅਰੀ ਕਿੱਤੇ ਨਾਲ ਜੋੜਨ ਲਈ ਵੱਖ-ਵੱਖ ਸਿਖਲਾਈ ਕੋਰਸ ਕਰਵਾਏ ਜਾ ਰਹੇ ਹਨ।
18 ਤੋਂ 55 ਸਾਲ ਦੇ ਪੁਰਸ਼ ਤੇ ਮਹਿਲਾਵਾਂ ਲੈ ਸਕਦੇ ਹਨ ਸਿਖਲਾਈ
ਕਪਲਮੀਤ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਪੇਂਡੂ ਖੇਤਰਾਂ ਨਾਲ ਸਬੰਧਤ 18 ਤੋਂ 55 ਸਾਲ ਉਮਰ ਦੇ ਪੁਰਸ਼ ਅਤੇ ਮਹਿਲਾਵਾਂ ਵਿਭਾਗ ਤੋਂ ਸਿਖਲਾਈ ਪ੍ਰਾਪਤ ਕਰਕੇ ਆਪਣਾ ਡੇਅਰੀ ਯੂਨਿਟ ਸਥਾਪਤ ਕਰ ਸਕਦੇ ਹਨ।
ਉਨ੍ਹਾਂ ਮੁਤਾਬਕ ਸਿਖਲਾਈ ਪੂਰੀ ਕਰਨ ਵਾਲੇ ਯੋਗ ਸਿਖਿਆਰਥੀਆਂ ਨੂੰ ਡੇਅਰੀ ਯੂਨਿਟ ਸਥਾਪਤ ਕਰਨ ਲਈ 2 ਲੱਖ ਤੋਂ 18 ਲੱਖ ਰੁਪਏ ਤੱਕ ਬੈਂਕ ਕਰਜ਼ਾ ਪ੍ਰਾਪਤ ਕਰਨ ਵਿੱਚ ਵਿਭਾਗ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ। ਸਕੀਮ ਅਨੁਸਾਰ ਜਨਰਲ ਵਰਗ ਨੂੰ 25 ਫੀਸਦੀ ਅਤੇ ਅਨੁਸੂਚਿਤ ਜਾਤੀ ਵਰਗ ਨੂੰ 33 ਫੀਸਦੀ ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।
ਮਿਲਕਿੰਗ ਮਸ਼ੀਨਾਂ ’ਤੇ 50 ਫੀਸਦੀ ਸਬਸਿਡੀ
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਡੇਅਰੀ ਕਿਸਾਨਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਲਈ ਸਿੰਗਲ ਟੀਟ ਕੱਪ ਅਤੇ ਡਬਲ ਟੀਟ ਕੱਪ ਮਿਲਕਿੰਗ ਮਸ਼ੀਨਾਂ ’ਤੇ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦੀਆਂ ਸਿਖਲਾਈ ਅਤੇ ਵਿੱਤੀ ਸਹਾਇਤਾ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰਕੇ ਡੇਅਰੀ ਕਿੱਤੇ ਵਿੱਚ ਸਵੈ-ਰੋਜ਼ਗਾਰ ਦੇ ਮੌਕਿਆਂ ਦਾ ਲਾਭ ਉਠਾਉਣ।
ਵਧੇਰੇ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਡੇਅਰੀ, ਜਲੰਧਰ ਦੇ ਮੋਬਾਈਲ ਨੰਬਰ 97793-52959 ਜਾਂ ਆਰ.ਡੀ.ਡੀ.ਐਲ., ਲਾਡੋਵਾਲੀ ਰੋਡ, ਜਲੰਧਰ ਦੇ ਸੰਪਰਕ ਨੰਬਰ 81949-08659 ਅਤੇ 73408-86952 ’ਤੇ ਸੰਪਰਕ ਕੀਤਾ ਜਾ ਸਕਦਾ ਹੈ।