ਆਸਟ੍ਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਨਜ਼ ਤੇ ਉਸਦੇ ਦੋ ਨਾਬਾਲਗ ਪੁੱਤਰਾਂ ਦੀ 1999 ’ਚ ਹੱਤਿਆ ਦੇ ਮਾਮਲੇ ’ਚ ਉਮਰ ਕੈਦ ਕੱਟ ਰਿਹਾ ਦਾਰਾ ਸਿੰਘ
ਭੁਵਨੇਸ਼ਵਰ, 15 ਸਤੰਬਰ: ਓਡੀਸ਼ਾ ਸਟੇਟ ਸੈਂਟੈਂਸ ਰਿਵਿਊ ਬੋਰਡ (SSRB) ਨੇ ਆਸਟ੍ਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਨਜ਼ ਅਤੇ ਉਸਦੇ ਦੋ ਨਾਬਾਲਗ ਪੁੱਤਰਾਂ ਦੀ 1999 ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਬਿੰਦਰ ਕੁਮਾਰ ਪਾਲ ਉਰਫ਼ ਦਾਰਾ ਸਿੰਘ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਪੀਲ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਫ਼ੈਸਲਾ ਬੋਰਡ ਦੀ 31 ਅਗਸਤ 2026 ਨੂੰ ਹੋਈ ਵਿਸ਼ੇਸ਼ ਮੀਟਿੰਗ ਵਿੱਚ ਲਿਆ ਗਿਆ। ਬੋਰਡ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਉਹ ਦਾਰਾ ਸਿੰਘ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫ਼ਾਰਸ਼ ਕਰਨ ਦੇ ਹੱਕ ਵਿੱਚ ਨਹੀਂ ਹੈ। ਇਸ ਲਈ ਸੰਭਾਵਿਤ ਸਮਾਜਿਕ ਪ੍ਰਭਾਵਾਂ ਅਤੇ ਫਿਰਕੂ ਤਣਾਅ ਪੈਦਾ ਹੋਣ ਦੇ ਖ਼ਦਸ਼ੇ ਨੂੰ ਵੀ ਵਿਚਾਰਿਆ ਗਿਆ।
ਜੇਲ੍ਹ ਦੇ ਬਾਹਰ 200-250 ਲੋਕਾਂ ਦੇ ਇਕੱਠ ਦਾ ਰਿਪੋਰਟ ’ਚ ਜ਼ਿਕਰ
ਬੋਰਡ ਨੇ ਕੇਂਦੁਝਰ ਜ਼ਿਲ੍ਹਾ ਪ੍ਰਸ਼ਾਸਨ ਦੀ ਇੱਕ ਰਿਪੋਰਟ ਦਾ ਵੀ ਹਵਾਲਾ ਦਿੱਤਾ। ਇਸ ਮੁਤਾਬਕ 15 ਅਗਸਤ 2026 ਨੂੰ ਕੇਂਦੁਝਰ ਜ਼ਿਲ੍ਹਾ ਜੇਲ੍ਹ ਦੇ ਬਾਹਰ ‘ਦਾਰਾ ਸੇਨਾ’ ਨਾਲ ਸਬੰਧਤ ਦੱਸੇ ਗਏ ਕਰੀਬ 200 ਤੋਂ 250 ਲੋਕ ਇਕੱਠੇ ਹੋਏ ਸਨ ਅਤੇ ਦਾਰਾ ਸਿੰਘ ਦੀ ਸੰਭਾਵਿਤ ਰਿਹਾਈ ਸਬੰਧੀ ਨਾਅਰੇਬਾਜ਼ੀ ਕੀਤੀ ਗਈ ਸੀ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਨੂੰ ਕਿਸੇ ਸਪੱਸ਼ਟ ਸਿਫ਼ਾਰਸ਼ ਤੋਂ ਬਿਨਾਂ ਅਧੂਰਾ ਦੱਸਿਆ ਗਿਆ।
67 ਸਾਲਾ ਦਾਰਾ ਸਿੰਘ 26 ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾ ਚੁੱਕਾ ਹੈ। ਉਸ ਨੂੰ 22-23 ਜਨਵਰੀ 1999 ਦੀ ਰਾਤ ਓਡੀਸ਼ਾ ਦੇ ਕੇਂਦੁਝਰ ਜ਼ਿਲ੍ਹੇ ਦੇ ਮਨੋਹਰਪੁਰ ਵਿੱਚ ਗ੍ਰਾਹਮ ਸਟੇਨਜ਼ ਅਤੇ ਉਸਦੇ ਪੁੱਤਰਾਂ ਫਿਲਿਪ (10) ਅਤੇ ਟਿਮੋਥੀ (6) ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਤਿੰਨੇ ਇੱਕ ਸਟੇਸ਼ਨ ਵੈਗਨ ਵਿੱਚ ਸੌਂ ਰਹੇ ਸਨ, ਜਿਸ ਨੂੰ ਭੀੜ ਨੇ ਅੱਗ ਲਗਾ ਦਿੱਤੀ ਸੀ।
ਹੇਠਲੀ ਅਦਾਲਤ ਨੇ ਦਾਰਾ ਸਿੰਘ ਨੂੰ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਬਾਅਦ ਵਿੱਚ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ।
ਸੁਪਰੀਮ ਕੋਰਟ ’ਚ 17 ਸਤੰਬਰ ਨੂੰ ਅਗਲੀ ਸੁਣਵਾਈ
ਦਾਰਾ ਸਿੰਘ ਨੇ ਓਡੀਸ਼ਾ ਦੀ ਸਜ਼ਾ ਮੁਆਫ਼ੀ/ਰਿਮਿਸ਼ਨ ਨੀਤੀ ਤਹਿਤ ਆਪਣੀ ਸਮੇਂ ਤੋਂ ਪਹਿਲਾਂ ਰਿਹਾਈ ’ਤੇ ਵਿਚਾਰ ਕਰਨ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੋਇਆ ਹੈ। ਉਸ ਦੀ ਦਲੀਲ ਹੈ ਕਿ ਉਹ ਨਿਰਧਾਰਤ ਘੱਟੋ-ਘੱਟ ਮਿਆਦ ਤੋਂ ਕਾਫ਼ੀ ਵੱਧ ਸਜ਼ਾ ਕੱਟ ਚੁੱਕਾ ਹੈ।
ਸੁਪਰੀਮ ਕੋਰਟ ਨੇ ਵਾਰ-ਵਾਰ ਫ਼ੈਸਲਾ ਟਲਣ ਤੋਂ ਬਾਅਦ ਓਡੀਸ਼ਾ ਦੇ ਅਧਿਕਾਰੀਆਂ ਨੂੰ ਮਾਮਲੇ ’ਤੇ ਸਪੱਸ਼ਟ ਫ਼ੈਸਲਾ ਲੈਣ ਲਈ ਕਿਹਾ ਸੀ। ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ 2026 ਨੂੰ ਹੋਣੀ ਹੈ।
ਇਸ ਤੋਂ ਪਹਿਲਾਂ ਵੀ 2016, 2019, 2020, 2022 ਅਤੇ 2023 ਵਿੱਚ ਦਾਰਾ ਸਿੰਘ ਦੀ ਰਿਹਾਈ ਸਬੰਧੀ ਅਪੀਲਾਂ ਨੂੰ ਮਨਜ਼ੂਰੀ ਨਹੀਂ ਮਿਲੀ ਸੀ। ਕੁਝ ਜੇਲ੍ਹ ਅਧਿਕਾਰੀਆਂ ਨੇ ਉਸਦੇ ਚੰਗੇ ਵਿਵਹਾਰ ਦੇ ਆਧਾਰ ’ਤੇ ਰਿਹਾਈ ਦੀ ਸਿਫ਼ਾਰਸ਼ ਕੀਤੀ ਸੀ ਅਤੇ ਮਾਰਚ 2025 ਦੀ ਇੱਕ ਜ਼ਿਲ੍ਹਾ ਰਿਪੋਰਟ ਵਿੱਚ ਸ਼ਰਤਾਂ ਨਾਲ ਰਿਹਾਈ ਦੀ ਗੱਲ ਵੀ ਸਾਹਮਣੇ ਆਈ ਸੀ, ਪਰ ਇਸ ਵਾਰ SSRB ਨੇ ਰਿਹਾਈ ਦੀ ਸਿਫ਼ਾਰਸ਼ ਨਾ ਕਰਨ ਦਾ ਫ਼ੈਸਲਾ ਕੀਤਾ।
ਗ੍ਰਾਹਮ ਸਟੇਨਜ਼ ਓਡੀਸ਼ਾ ਵਿੱਚ ਕੋੜ੍ਹ ਰੋਗੀਆਂ ਦੀ ਸੇਵਾ ਨਾਲ ਜੁੜੇ ਹੋਏ ਸਨ। ਉਨ੍ਹਾਂ ਅਤੇ ਉਨ੍ਹਾਂ ਦੇ ਦੋ ਨਾਬਾਲਗ ਪੁੱਤਰਾਂ ਦੀ ਹੱਤਿਆ ਦੀ ਘਟਨਾ ਦੀ ਉਸ ਸਮੇਂ ਦੇਸ਼ ਅਤੇ ਵਿਦੇਸ਼ ਵਿੱਚ ਵਿਆਪਕ ਨਿੰਦਾ ਹੋਈ ਸੀ।