Friday, 10 July 2026
ਸਪੈਸ਼ਲ ਓਲੰਪਿਕਸ ਤੈਰਾਕ ਭਾਵਿਕ ਅਟਵਾਲ ਦਾ ਡਿਪਟੀ ਕਮਿਸ਼ਨਰ ਵੱਲੋਂ ਸਨਮਾਨ

ਸਪੈਸ਼ਲ ਓਲੰਪਿਕਸ ਤੈਰਾਕ ਭਾਵਿਕ ਅਟਵਾਲ ਦਾ ਡਿਪਟੀ ਕਮਿਸ਼ਨਰ ਵੱਲੋਂ ਸਨਮਾਨ

ਜਲੰਧਰ, 10 ਜੁਲਾਈ: ਰਾਜ ਅਤੇ ਰਾਸ਼ਟਰੀ ਪੱਧਰ 'ਤੇ ਤੈਰਾਕੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੇ ਸਪੈਸ਼ਲ ਓਲੰਪਿਕਸ ਖਿਡਾਰੀ ਭਾਵਿਕ ਅਟਵਾਲ ਨੂੰ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਭਾਵਿਕ ਦੀਆਂ ਉਪਲਬਧੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਹੌਸਲਾ, ਲਗਨ ਅਤੇ ਦ੍ਰਿੜ ਇਰਾਦਾ ਹੋਵੇ ਤਾਂ ਕੋਈ ਵੀ ਮੁਸ਼ਕਲ ਸਫ਼ਲਤਾ ਦੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵਿਕ ਅਟਵਾਲ ਵਰਗੇ ਹੋਣਹਾਰ ਖਿਡਾਰੀ ਸਮਾਜ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਨਾ ਸਿਰਫ਼ ਆਪਣੇ ਪਰਿਵਾਰ ਦਾ ਸਗੋਂ ਜਲੰਧਰ ਅਤੇ ਪੰਜਾਬ ਦਾ ਮਾਣ ਵੀ ਵਧਾਇਆ ਹੈ। ਉਨ੍ਹਾਂ ਕਿਹਾ ਕਿ ਭਾਵਿਕ ਦੀ ਸਫ਼ਲਤਾ ਹੋਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ।

ਉਨ੍ਹਾਂ ਨੇ ਭਾਵਿਕ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਹਰ ਸਫ਼ਲ ਖਿਡਾਰੀ ਦੇ ਪਿੱਛੇ ਪਰਿਵਾਰ ਦੀ ਮਿਹਨਤ, ਹੌਸਲਾ ਅਫ਼ਜ਼ਾਈ ਅਤੇ ਨਿਰੰਤਰ ਸਹਿਯੋਗ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।

ਭਾਵਿਕ ਅਟਵਾਲ ਨੇ ਸਪੈਸ਼ਲ ਓਲੰਪਿਕਸ ਸਵੀਮਿੰਗ ਨੈਸ਼ਨਲਜ਼-2024 ਵਿੱਚ 25 ਮੀਟਰ ਫ੍ਰੀਸਟਾਈਲ ਵਿੱਚ ਸੋਨ ਤਮਗਾ, 50 ਮੀਟਰ ਫ੍ਰੀਸਟਾਈਲ ਵਿੱਚ ਕਾਂਸੀ ਤਮਗਾ ਅਤੇ 25×4 ਮੀਟਰ ਫ੍ਰੀਸਟਾਈਲ ਰਿਲੇਅ ਵਿੱਚ ਵੀ ਕਾਂਸੀ ਦਾ ਤਮਗਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਇਸ ਤੋਂ ਪਹਿਲਾਂ ਉਹ ਮੁੰਬਈ ਵਿੱਚ ਹੋਈ ਸਪੈਸ਼ਲ ਓਲੰਪਿਕਸ ਭਾਰਤ ਨੈਸ਼ਨਲ ਚੈਂਪੀਅਨਸ਼ਿਪ-2016 ਵਿੱਚ 25 ਮੀਟਰ ਫ੍ਰੀਸਟਾਈਲ ਵਿੱਚ ਚਾਂਦੀ ਦਾ ਤਮਗਾ ਅਤੇ ਸਪੈਸ਼ਲ ਓਲੰਪਿਕਸ ਪੰਜਾਬ-2017 ਦੌਰਾਨ 25 ਅਤੇ 50 ਮੀਟਰ ਫ੍ਰੀਸਟਾਈਲ ਵਿੱਚ ਦੋ ਚਾਂਦੀ ਦੇ ਤਮਗੇ ਆਪਣੇ ਨਾਮ ਕਰ ਚੁੱਕਾ ਹੈ।

ਹਾਲ ਹੀ ਵਿੱਚ ਵੀ ਭਾਵਿਕ ਨੇ ਇੱਕ ਹੋਰ ਤੈਰਾਕੀ ਮੁਕਾਬਲੇ ਵਿੱਚ 25 ਮੀਟਰ ਅਤੇ 50 ਮੀਟਰ ਫ੍ਰੀਸਟਾਈਲ ਵਰਗਾਂ ਵਿੱਚ ਦੋ ਸੋਨ ਤਮਗੇ ਜਿੱਤ ਕੇ ਆਪਣੀ ਸ਼ਾਨਦਾਰ ਫਾਰਮ ਨੂੰ ਬਰਕਰਾਰ ਰੱਖਿਆ। ਉਸ ਦੀਆਂ ਇਨ੍ਹਾਂ ਉਪਲਬਧੀਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਖੇਡ ਪ੍ਰੋਤਸਾਹਨ ਵਜੋਂ 1.35 ਲੱਖ ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜ਼ਿਲ੍ਹਾ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ, ਜਲੰਧਰ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡ ਗਤੀਵਿਧੀਆਂ ਅਤੇ ਸਰਵਪੱਖੀ ਵਿਕਾਸ ਲਈ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗਾ।

ਇਸ ਮੌਕੇ ਜ਼ਿਲ੍ਹਾ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦਿਵੇਦੀ, ਸਕੱਤਰ ਪੂਨਮ, ਭਾਵਿਕ ਅਟਵਾਲ ਦੇ ਮਾਤਾ-ਪਿਤਾ ਵਿਕਰਮ ਅਟਵਾਲ ਅਤੇ ਸਾਕਸ਼ੀ ਅਟਵਾਲ, ਭਰਾ ਸੌਰਵ ਅਟਵਾਲ ਸਮੇਤ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

Published on: 10 Jul 2026

Editor Info

Pushpinder Kaur
publictimes@gmail.com
+91 84278 93668