Sunday, 4 October 2026
ਸਹਿਕਾਰੀ ਸੰਸਥਾਵਾਂ ਪੇਂਡੂ ਆਰਥਿਕਤਾ ਅਤੇ ਮਹਿਲਾ ਸਸ਼ਕਤੀਕਰਨ ਦਾ ਮਜ਼ਬੂਤ ਆਧਾਰ ਬਣੀਆਂ: ਅਮਿਤ ਸ਼ਾਹ

ਸਹਿਕਾਰੀ ਸੰਸਥਾਵਾਂ ਪੇਂਡੂ ਆਰਥਿਕਤਾ ਅਤੇ ਮਹਿਲਾ ਸਸ਼ਕਤੀਕਰਨ ਦਾ ਮਜ਼ਬੂਤ ਆਧਾਰ ਬਣੀਆਂ: ਅਮਿਤ ਸ਼ਾਹ

ਭੋਪਾਲ ’ਚ 35 ਹਜ਼ਾਰ ਤੋਂ ਵੱਧ ਪਸ਼ੂ ਪਾਲਕਾਂ ਦੇ ਸੰਮੇਲਨ ਨੂੰ ਕੀਤਾ ਸੰਬੋਧਨ; ਉੱਜੈਨ ’ਚ ₹255 ਕਰੋੜ ਦੇ ਦੁੱਧ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ

ਭੋਪਾਲ, 3 ਅਕਤੂਬਰ: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਆਯੋਜਿਤ ਸੂਬਾ ਪੱਧਰੀ ਗੋਪਾਲਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਸੰਸਥਾਵਾਂ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਸਸ਼ਕਤ ਬਣਾਉਣ ਦਾ ਅਹਿਮ ਸਾਧਨ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡੇਅਰੀ ਅਤੇ ਸਹਿਕਾਰੀ ਖੇਤਰ ਦੇ ਵਿਕਾਸ ਲਈ ਕਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।

ਭੋਪਾਲ ਦੇ ਭੇਲ ਦੁਸਹਿਰਾ ਮੈਦਾਨ ਵਿੱਚ ਕਰਵਾਏ ਗਏ ਇਸ ਸੰਮੇਲਨ ਵਿੱਚ ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 35 ਹਜ਼ਾਰ ਤੋਂ ਵੱਧ ਪਸ਼ੂ ਪਾਲਕਾਂ ਅਤੇ ਡੇਅਰੀ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਵੀ ਮੌਜੂਦ ਸਨ।

‘ਵ੍ਹਾਈਟ ਰੈਵੋਲਿਊਸ਼ਨ 2.0’ ਨਾਲ ਡੇਅਰੀ ਖੇਤਰ ਨੂੰ ਹੁਲਾਰਾ ਦੇਣ ’ਤੇ ਜ਼ੋਰ

ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ ‘ਵ੍ਹਾਈਟ ਰੈਵੋਲਿਊਸ਼ਨ 2.0’ ਵਰਗੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS) ਨੂੰ ਬਹੁਮੰਤਵੀ ਸਹਿਕਾਰੀ ਸੰਸਥਾਵਾਂ ਵਜੋਂ ਵਿਕਸਤ ਕਰਕੇ ਡੇਅਰੀ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ। ਸ਼ਾਹ ਅਨੁਸਾਰ ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਪਸ਼ੂ ਪਾਲਕਾਂ ਦੀ ਆਮਦਨ ਵਧਾਉਣਾ, ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਮਹਿਲਾਵਾਂ ਦੀ ਆਰਥਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ।

ਮਹਿਲਾ ਪਸ਼ੂ ਪਾਲਕਾਂ ਦਾ ਸਨਮਾਨ, ₹15.10 ਕਰੋੜ ਦੇ ਲਾਭ ਵੰਡੇ

ਸੰਮੇਲਨ ਦੌਰਾਨ ਅਮਿਤ ਸ਼ਾਹ ਨੇ ਪਸ਼ੂ ਪਾਲਣ ਅਤੇ ਡੇਅਰੀ ਕਾਰੋਬਾਰ ਨਾਲ ਜੁੜੀਆਂ ਮਹਿਲਾਵਾਂ, ਜਿਨ੍ਹਾਂ ਨੂੰ ‘ਗੋਪਾਲਕ ਦੀਦੀਆਂ’ ਕਿਹਾ ਜਾਂਦਾ ਹੈ, ਦਾ ਸਨਮਾਨ ਕੀਤਾ।

ਇਸ ਮੌਕੇ ਮੱਧ ਪ੍ਰਦੇਸ਼ ਸਰਕਾਰ ਦੀ ਡਾ. ਭੀਮਰਾਓ ਅੰਬੇਡਕਰ ਕਾਮਧੇਨੂ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਇਸ ਯੋਜਨਾ ਦਾ ਉਦੇਸ਼ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਰਾਹੀਂ ਡੇਅਰੀ ਇਕਾਈਆਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨਾ ਹੈ।

ਪ੍ਰੋਗਰਾਮ ਦੌਰਾਨ ਭੋਪਾਲ ਅਤੇ ਇੰਦੌਰ ਮਿਲਕ ਯੂਨੀਅਨਾਂ ਦੇ ਮੈਂਬਰਾਂ ਨੂੰ ਲਗਭਗ ₹15.10 ਕਰੋੜ ਦੇ ਲਾਭਅੰਸ਼ ਅਤੇ ਬੋਨਸ ਵੰਡੇ ਗਏ। ਇਸ ਤੋਂ ਇਲਾਵਾ ਰਜਿਸਟਰਡ ਗਊਸ਼ਾਲਾਵਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ।

ਉੱਜੈਨ ਅਤੇ ਭੋਪਾਲ ’ਚ ਡੇਅਰੀ ਪ੍ਰੋਜੈਕਟਾਂ ਦੀ ਸ਼ੁਰੂਆਤ

ਸੰਮੇਲਨ ਦੌਰਾਨ ਅਮਿਤ ਸ਼ਾਹ ਨੇ ਉੱਜੈਨ ਵਿੱਚ ₹255 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਦੁੱਧ ਪ੍ਰੋਸੈਸਿੰਗ ਪਲਾਂਟ ਦਾ ਡਿਜੀਟਲ ਮਾਧਿਅਮ ਰਾਹੀਂ ਨੀਂਹ ਪੱਥਰ ਰੱਖਿਆ। ਇਸ ਪਲਾਂਟ ਦੀ ਰੋਜ਼ਾਨਾ ਦੁੱਧ ਪ੍ਰੋਸੈਸਿੰਗ ਸਮਰੱਥਾ 3 ਲੱਖ ਲੀਟਰ ਹੋਵੇਗੀ।

ਇਸ ਦੇ ਨਾਲ ਹੀ ਭੋਪਾਲ ਵਿੱਚ ਕਰੀਬ ₹16.5 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਡੇਅਰੀ ਉਤਪਾਦ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਸ ਦੀ ਰੋਜ਼ਾਨਾ ਸਮਰੱਥਾ 40 ਹਜ਼ਾਰ ਲੀਟਰ ਹੈ।

ਭੋਪਾਲ ਵਿੱਚ ₹12.42 ਕਰੋੜ ਦੀ ਲਾਗਤ ਨਾਲ ਬਣੀ ਆਧੁਨਿਕ ਸੂਬਾ ਪੱਧਰੀ ਕੇਂਦਰੀ ਪ੍ਰਯੋਗਸ਼ਾਲਾ ਦਾ ਵੀ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਸ਼ਿਵਪੁਰੀ ਦੇ ਮਿੰਨੀ ਡੇਅਰੀ ਪਲਾਂਟ ਨੂੰ ਮਜ਼ਬੂਤ ਕਰਨ ਲਈ ₹6.5 ਕਰੋੜ ਦੀ ਲਾਗਤ ਨਾਲ ਕੀਤੇ ਕੰਮਾਂ ਦਾ ਵੀ ਉਦਘਾਟਨ ਕੀਤਾ ਗਿਆ

ਭੋਪਾਲ ’ਚ ਸ਼ਹਿਰੀ ਜੰਗਲ ਵਿਕਸਤ ਕਰਨ ਲਈ ਸਮਝੌਤਾ

ਪ੍ਰੋਗਰਾਮ ਦੌਰਾਨ KRIBHCO ਅਤੇ ਮੱਧ ਪ੍ਰਦੇਸ਼ ਸਟੇਟ ਬਾਇਓਡਾਇਵਰਸਿਟੀ ਬੋਰਡ ਵਿਚਾਲੇ ‘ਮੋਰਵਨ ਪ੍ਰੋਜੈਕਟ’ ਤਹਿਤ ਭੋਪਾਲ ਵਿੱਚ ਸ਼ਹਿਰੀ ਜੰਗਲ ਵਿਕਸਤ ਕਰਨ ਲਈ ਸਮਝੌਤਾ ਪੱਤਰ (MoU) ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ।

ਇਸੇ ਦੌਰਾਨ ਅਮਿਤ ਸ਼ਾਹ ਨੇ ਨਵੇਂ ਅਪਰਾਧਿਕ ਕਾਨੂੰਨਾਂ, ਜਿਨ੍ਹਾਂ ਨੂੰ ਨਿਆਏ ਸੰਹਿਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਲਾਗੂਕਰਨ ਸਬੰਧੀ ਸੂਬਾ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਪ੍ਰਦਰਸ਼ਨੀ ਵਿੱਚ ਮੱਧ ਪ੍ਰਦੇਸ਼ ਪੁਲਿਸ ਵੱਲੋਂ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ।

 
 

ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਸੰਸਥਾਵਾਂ ਅਤੇ ਡੇਅਰੀ ਖੇਤਰ ਦੇ ਵਿਸਥਾਰ ਨਾਲ ਪੇਂਡੂ ਪਰਿਵਾਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਸਕਦੀ ਹੈ। ਉਨ੍ਹਾਂ ਨੇ ਪਸ਼ੂ ਪਾਲਣ ਅਤੇ ਦੁੱਧ ਉਤਪਾਦਨ ਨਾਲ ਜੁੜੀਆਂ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ’ਤੇ ਵੀ ਜ਼ੋਰ ਦਿੱਤਾ।

 
 

Published on: 04 Oct 2026

Editor Info

Pushpinder Kaur
publictimes@gmail.com
+91 84278 93668