ਮਹਿਲਾ ਅਧਿਕਾਰੀਆਂ ਨੂੰ ਐਸ.ਐਚ.ਓ. ਸਮੇਤ ਮੋਹਰੀ ਭੂਮਿਕਾਵਾਂ ਲਈ ਅੱਗੇ ਆਉਣ ਦੀ ਲੋੜ : ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ
5 ਫੀਸਦੀ ਵਾਧੂ ਕੋਸ਼ਿਸ਼ ਹੀ ਕੰਮ ਵਿੱਚ ਉੱਤਮਤਾ ਅਤੇ ਵੱਖਰੀ ਪਛਾਣ ਬਣਾਉਂਦੀ ਹੈ : ਮਨਰਾਜ ਗਰੇਵਾਲ ਸ਼ਰਮਾ
384 ਪੁਲਿਸ ਥਾਣਿਆਂ ਦੇ ਕਰੀਬ 1500 ਮੁਲਾਜ਼ਮਾਂ ਨੂੰ ਦਿੱਤੀ ਗਈ ਸਿਖਲਾਈ, 51 ਮਾਸਟਰ ਟ੍ਰੇਨਰ ਸਨਮਾਨਿਤ
ਚੰਡੀਗੜ੍ਹ/ਜਲੰਧਰ, 20 ਅਗਸਤ: ਪੰਜਾਬ ਪੁਲਿਸ ਵੱਲੋਂ ਜਮੀਲ ਪਾਵਰਟੀ ਐਕਸ਼ਨ ਲੈਬ (ਜੇ-ਪਾਲ) ਅਤੇ ਹਾਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਇਆ ਗਿਆ ਸਾਲ ਭਰ ਦਾ ‘ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਆਫ਼ ਵੁਮੈਨ ਇਨ ਪੰਜਾਬ ਪੁਲਿਸ’ ਸਿਖਲਾਈ ਪ੍ਰੋਜੈਕਟ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ (ਐਮ.ਆਰ.ਐਸ.ਪੀ.ਪੀ.ਏ.), ਫਿਲੌਰ ਵਿਖੇ ਸਫਲਤਾਪੂਰਵਕ ਸਮਾਪਤ ਹੋ ਗਿਆ।
ਤੀਜੇ ਗੇੜ ਦੇ ਆਖਰੀ ਦਿਨ ਦੀ ਸਿਖਲਾਈ ਸਿਰਫ਼ ਮਹਿਲਾਵਾਂ ਦੇ ਸਮੂਹ ’ਤੇ ਕੇਂਦਰਿਤ ਰਹੀ, ਜਿਸ ਵਿੱਚ ਸੂਬੇ ਭਰ ਦੇ ਮਹਿਲਾ ਹੈਲਪ ਡੈਸਕਾਂ ’ਤੇ ਤਾਇਨਾਤ ਪੰਜਾਬ ਪੁਲਿਸ ਮਹਿਲਾ ਮਿੱਤਰਾਂ ਨੇ ਹਿੱਸਾ ਲਿਆ।
‘5 ਫੀਸਦੀ ਵਾਧੂ ਕੋਸ਼ਿਸ਼ ਤੁਹਾਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੀ ਹੈ’
ਸਮਾਪਤੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਇੰਡੀਅਨ ਐਕਸਪ੍ਰੈਸ ਦੀ ਰੈਜ਼ੀਡੈਂਟ/ਰਾਸ਼ਟਰੀ ਸੰਪਾਦਕ (ਉੱਤਰੀ) ਮਨਰਾਜ ਗਰੇਵਾਲ ਸ਼ਰਮਾ ਨੇ ਮਹਿਲਾ ਪੁਲਿਸ ਅਧਿਕਾਰੀਆਂ ਨਾਲ ਆਪਣੇ ਪੇਸ਼ੇਵਰ ਜੀਵਨ ਦੇ ਤਜਰਬੇ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਪੁਰਸ਼-ਪ੍ਰਧਾਨ ਖੇਤਰ ਵਿੱਚ ਕੰਮ ਕਰਦਿਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਦ੍ਰਿੜ੍ਹਤਾ, ਮਿਹਨਤ ਅਤੇ ਪੇਸ਼ੇਵਰ ਸਮਰਪਣ ਨਾਲ ਆਪਣੀ ਵੱਖਰੀ ਪਛਾਣ ਬਣਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਸਿਖਰ ’ਤੇ ਪਹੁੰਚਣ ਲਈ ਪੂਰਨ ਸਮਰਪਣ ਬੇਹੱਦ ਜ਼ਰੂਰੀ ਹੈ। ਉਨ੍ਹਾਂ ਆਪਣੇ ਤਜਰਬੇ ਦੇ ਆਧਾਰ ’ਤੇ ਮਹਿਲਾ ਅਧਿਕਾਰੀਆਂ ਨੂੰ ਕਿਹਾ ਕਿ ਹਮੇਸ਼ਾ ਕੀਤੀ ਗਈ ‘5 ਫੀਸਦੀ ਵਾਧੂ ਕੋਸ਼ਿਸ਼’ ਵਿਅਕਤੀ ਨੂੰ ਹੋਰਨਾਂ ਤੋਂ ਵੱਖਰਾ ਅਤੇ ਅੱਗੇ ਲੈ ਜਾਂਦੀ ਹੈ।
ਮਨਰਾਜ ਗਰੇਵਾਲ ਸ਼ਰਮਾ ਨੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਆਪਣੀ ਪੇਸ਼ੇਵਰ ਅਹਿਮੀਅਤ ਬਣਾਉਣ, ਮੁਸ਼ਕਲ ਹਾਲਾਤ ਵਿੱਚ ਅਡੋਲ ਰਹਿਣ ਅਤੇ ਕੰਮਕਾਜੀ ਥਾਂ ’ਤੇ ਲਿੰਗ ਆਧਾਰਿਤ ਜਾਂ ਅਣਉਚਿਤ ਟਿੱਪਣੀਆਂ ਵਿਰੁੱਧ ਆਵਾਜ਼ ਉਠਾਉਣ ਲਈ ਵੀ ਪ੍ਰੇਰਿਤ ਕੀਤਾ।
ਪੰਜਾਬ ਪੁਲਿਸ ਦੀ ਨਫ਼ਰੀ ’ਚ 11 ਫੀਸਦੀ ਮਹਿਲਾਵਾਂ
ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਕਰੀਬ 80,000 ਮੁਲਾਜ਼ਮਾਂ ਦੀ ਨਫ਼ਰੀ ਵਿੱਚ 11 ਫੀਸਦੀ ਮਹਿਲਾ ਕਰਮਚਾਰੀ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਮਾਣ, ਬਰਾਬਰੀ ਅਤੇ ਪੂਰੇ ਪੇਸ਼ੇਵਰ ਮੌਕਿਆਂ ਨਾਲ ਮੁੱਖ ਧਾਰਾ ਵਿੱਚ ਲਿਆਉਣ ਲਈ ਅਜਿਹੀਆਂ ਸਿਖਲਾਈ ਪਹਿਲਕਦਮੀਆਂ ਬੇਹੱਦ ਮਹੱਤਵਪੂਰਨ ਹਨ।
ਉਨ੍ਹਾਂ ਮਹਿਲਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਸਵੈ-ਮਾਣ, ਪੇਸ਼ੇਵਰਤਾ, ਦ੍ਰਿੜ੍ਹਤਾ ਅਤੇ ਯੋਗਤਾਵਾਂ ’ਤੇ ਪੂਰਾ ਭਰੋਸਾ ਰੱਖਣ।
‘ਡੈਸਕ ਤੋਂ ਬਾਹਰ ਨਿਕਲ ਕੇ ਫੀਲਡ ਦੀ ਕਮਾਨ ਸੰਭਾਲਣ ਮਹਿਲਾਵਾਂ’
ਸਪੈਸ਼ਲ ਡੀਜੀਪੀ ਨੇ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਪ੍ਰਸ਼ਾਸਨਿਕ ਡੈਸਕਾਂ ਤੱਕ ਸੀਮਤ ਰਹਿਣ ਦੀ ਬਜਾਏ ਚੁਣੌਤੀਪੂਰਨ ਫੀਲਡ ਅਸਾਈਨਮੈਂਟਾਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਮਹਿਲਾ ਅਧਿਕਾਰੀਆਂ ਨੂੰ ਸਟੇਸ਼ਨ ਹਾਊਸ ਅਫਸਰ (ਐਸ.ਐਚ.ਓ.) ਵਰਗੀਆਂ ਮੋਹਰੀ ਅਤੇ ਅਹਿਮ ਲੀਡਰਸ਼ਿਪ ਭੂਮਿਕਾਵਾਂ ਨਿਭਾਉਣ ਲਈ ਸਰਗਰਮੀ ਨਾਲ ਅੱਗੇ ਆਉਣਾ ਚਾਹੀਦਾ ਹੈ।
ਗੁਰਪ੍ਰੀਤ ਕੌਰ ਦਿਓ ਨੇ ਘਰੇਲੂ ਹਿੰਸਾ ਨਾਲ ਨਜਿੱਠਣ ਲਈ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਦੀਆਂ ਪਹਿਲਕਦਮੀਆਂ, ਖਾਸ ਤੌਰ ’ਤੇ ‘ਸਾਂਝ ਰਾਹਤ ਕੇਂਦਰ’ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਘਰੇਲੂ ਹਿੰਸਾ ’ਤੇ ਆਧਾਰਿਤ 15 ਮਿੰਟ ਦੀ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ।
ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧ, ਪ੍ਰੌਕਸੀ ਅੱਤਵਾਦ, ਸੰਗਠਿਤ ਗੈਂਗਸਟਰ ਨੈੱਟਵਰਕ ਅਤੇ ਨਸ਼ਿਆਂ ਵਰਗੀਆਂ 21ਵੀਂ ਸਦੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਸਮਾਵੇਸ਼ੀ ਅਤੇ ਭਵਿੱਖ-ਮੁਖੀ ਪੁਲਿਸ ਫੋਰਸ ਤਿਆਰ ਕਰਨਾ ਸਮੇਂ ਦੀ ਲੋੜ ਹੈ।
ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਾਂਝੇ ਕੀਤੇ ਤਜਰਬੇ
ਮਹਾਰਾਸ਼ਟਰ ਕੇਡਰ ਦੀ ਸਾਬਕਾ ਡੀਜੀਪੀ ਮੀਰਨ ਚੱਢਾ ਬੋਰਵਾਂਕਰ ਨੇ 1980 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਮਹਿਲਾ ਪੁਲਿਸ ਅਧਿਕਾਰੀ ਵਜੋਂ ਸਾਹਮਣਾ ਕੀਤੀਆਂ ਚੁਣੌਤੀਆਂ ਬਾਰੇ ਦੱਸਿਆ। ਉਹ 1981 ਦੇ ਆਈ.ਪੀ.ਐਸ. ਬੈਚ ਵਿੱਚ ਇਕਲੌਤੀ ਮਹਿਲਾ ਅਧਿਕਾਰੀ ਸਨ।
ਉਨ੍ਹਾਂ ਮਹਾਰਾਸ਼ਟਰ ਪੁਲਿਸ ਵਿੱਚ ਮਹਿਲਾ ਪੁਲਿਸ ਅਧਿਕਾਰੀਆਂ ਦੇ ਸੰਤੁਸ਼ਟੀ ਪੱਧਰ ਸਬੰਧੀ ਪੁਣੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੀਤੀ ਗਈ ਖੋਜ ਤੋਂ ਸਾਹਮਣੇ ਆਏ ਤਜਰਬੇ ਅਤੇ ਅਹਿਮ ਨੁਕਤੇ ਵੀ ਸਾਂਝੇ ਕੀਤੇ।
ਪੰਜਾਬ ਦੇ ਸਾਬਕਾ ਡੀਜੀਪੀ ਆਰ.ਸੀ. ਸਿੰਘ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਤਜਰਬੇ ਸਾਂਝੇ ਕਰਦਿਆਂ ਉੱਥੇ ਮਹਿਲਾਵਾਂ ਦੀ 50 ਫੀਸਦੀ ਸ਼ਮੂਲੀਅਤ ਵਾਲੀ ਨੀਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮਹਿਲਾ ਅਧਿਕਾਰੀਆਂ ਨੂੰ ਬਰਾਬਰ ਦੀਆਂ ਚੁਣੌਤੀਪੂਰਨ ਜ਼ਿੰਮੇਵਾਰੀਆਂ ਦੇਣ ਦੇ ਨਾਲ ਉਨ੍ਹਾਂ ਲਈ ਲੋੜੀਂਦੀ ਲੌਜਿਸਟਿਕ ਸਹਾਇਤਾ ਯਕੀਨੀ ਬਣਾਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।
51 ਮਾਸਟਰ ਟ੍ਰੇਨਰਾਂ ਦਾ ਸਨਮਾਨ
ਸਮਾਗਮ ਦੌਰਾਨ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਸੂਬੇ ਭਰ ਵਿੱਚ ਸਿਖਲਾਈ ਦੇ ਕੈਸਕੇਡਿੰਗ ਮਾਡਲ ਨੂੰ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ 51 ਮਾਸਟਰ ਟ੍ਰੇਨਰਾਂ ਨੂੰ ਸਨਮਾਨਿਤ ਕੀਤਾ।
ਇਸ ਪ੍ਰੋਜੈਕਟ ਤਹਿਤ ਪੰਜਾਬ ਦੇ 384 ਪੁਲਿਸ ਥਾਣਿਆਂ ਦੇ ਕਰੀਬ 1500 ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਗਈ।
ਇਸ ਪਹਿਲਕਦਮੀ ਦੀ ਸ਼ੁਰੂਆਤ ਦਸੰਬਰ 2025 ਵਿੱਚ 51 ਮਾਸਟਰ ਟ੍ਰੇਨਰਾਂ ਲਈ ‘ਟ੍ਰੇਨਿੰਗ ਆਫ਼ ਟ੍ਰੇਨਰਜ਼’ ਕੋਰਸ ਨਾਲ ਹੋਈ ਸੀ। ਇਸ ਤੋਂ ਬਾਅਦ 2026 ਵਿੱਚ ਦੋ ਜ਼ਿਲ੍ਹਾ ਪੱਧਰੀ ਸਿਖਲਾਈ ਗੇੜ ਕਰਵਾਏ ਗਏ ਅਤੇ ਅੰਤ ਵਿੱਚ ਤਿੰਨ ਦਿਨਾਂ ਅਕੈਡਮੀ ਪੱਧਰੀ ਤੀਜੇ ਗੇੜ ਨਾਲ ਪ੍ਰੋਜੈਕਟ ਦੀ ਸਮਾਪਤੀ ਹੋਈ।
ਹੁਣ ਜੇ-ਪਾਲ ਵੱਲੋਂ ਐਂਡਲਾਈਨ ਸਰਵੇਖਣ ਕੀਤਾ ਜਾਵੇਗਾ, ਜਿਸ ਰਾਹੀਂ ਇਸ ਸਾਲ ਭਰ ਦੀ ਸਿਖਲਾਈ ਦਾ ਪੰਜਾਬ ਪੁਲਿਸ ਦੇ ਸੰਸਥਾਗਤ ਮਾਹੌਲ ਅਤੇ ਕਮਿਊਨਿਟੀ ਪੁਲਿਸਿੰਗ ਦੇ ਤਰੀਕਿਆਂ ’ਤੇ ਪਏ ਲੰਬੇ ਸਮੇਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾਵੇਗਾ।