Friday, 3 July 2026
ਪੰਜਾਬ 'ਚ ਬਿਜਲੀ ਸਪਲਾਈ ਮੁੜ ਪਟੜੀ 'ਤੇ, ਕਿਸਾਨਾਂ ਨੂੰ 8 ਘੰਟਿਆਂ ਤੋਂ ਵੱਧ ਬਿਜਲੀ ਦਿੱਤੀ ਜਾ ਰਹੀ: ਪਾਵਰਕਾਮ

ਪੰਜਾਬ 'ਚ ਬਿਜਲੀ ਸਪਲਾਈ ਮੁੜ ਪਟੜੀ 'ਤੇ, ਕਿਸਾਨਾਂ ਨੂੰ 8 ਘੰਟਿਆਂ ਤੋਂ ਵੱਧ ਬਿਜਲੀ ਦਿੱਤੀ ਜਾ ਰਹੀ: ਪਾਵਰਕਾਮ

ਚੰਡੀਗੜ੍ਹ, 3 ਜੁਲਾਈ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਬਿਜਲੀ ਸਪਲਾਈ ਹੁਣ ਪੂਰੀ ਤਰ੍ਹਾਂ ਆਮ ਹੋ ਚੁੱਕੀ ਹੈ ਅਤੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਰਕਾਰ ਦੇ ਵਾਅਦੇ ਅਨੁਸਾਰ 8 ਘੰਟਿਆਂ ਤੋਂ ਵੀ ਵੱਧ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।

ਪਾਵਰਕਾਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਭਰ ਦੇ ਖੇਤੀਬਾੜੀ ਫੀਡਰਾਂ ਨੂੰ ਵੱਧ ਤੋਂ ਵੱਧ 20 ਘੰਟਿਆਂ ਤੱਕ ਬਿਜਲੀ ਸਪਲਾਈ ਉਪਲਬਧ ਰਹੀ, ਜਿਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਲੋੜੀਂਦੀ ਬਿਜਲੀ ਪ੍ਰਾਪਤ ਹੋ ਰਹੀ ਹੈ।

ਪਾਵਰਕਾਮ ਦੇ ਬੁਲਾਰੇ ਅਤੇ ਡਿਪਟੀ ਸੈਕਟਰੀ (ਲੋਕ ਸੰਪਰਕ) ਗੋਪਾਲ ਸ਼ਰਮਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ 27 ਤੋਂ 30 ਜੂਨ ਦਰਮਿਆਨ ਸੂਬੇ ਵਿੱਚ ਕੁਝ ਦਿਨਾਂ ਲਈ ਬਿਜਲੀ ਸਪਲਾਈ 'ਤੇ ਦਬਾਅ ਬਣਿਆ ਸੀ। ਇਸ ਦੌਰਾਨ ਕੁਝ ਖੇਤੀਬਾੜੀ ਫੀਡਰਾਂ ਨੂੰ ਨਿਰਧਾਰਤ 8 ਘੰਟਿਆਂ ਦੀ ਥਾਂ ਲਗਭਗ 6 ਤੋਂ 7 ਘੰਟੇ ਹੀ ਬਿਜਲੀ ਮਿਲ ਸਕੀ।

ਉਨ੍ਹਾਂ ਦੱਸਿਆ ਕਿ ਇਹ ਅਸਥਾਈ ਸਥਿਤੀ ਭਿਆਨਕ ਗਰਮੀ ਕਾਰਨ ਬਿਜਲੀ ਦੀ ਰਿਕਾਰਡ ਮੰਗ, ਬਿਜਲੀ ਐਕਸਚੇਂਜ 'ਤੇ ਲੋੜੀਂਦੀ ਬਿਜਲੀ ਦੀ ਘਾਟ ਅਤੇ ਥਰਮਲ ਪਾਵਰ ਪਲਾਂਟਾਂ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੈਦਾ ਹੋਈ ਸੀ। ਇਨ੍ਹਾਂ ਕਾਰਨਾਂ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ, ਜਿਸ ਦਾ ਅਸਰ ਸਪਲਾਈ 'ਤੇ ਵੀ ਪਿਆ।

ਪਾਵਰਕਾਮ ਨੇ ਕਿਹਾ ਕਿ ਇਨ੍ਹਾਂ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਵਿਭਾਗ ਨੇ ਦਿਨ-ਰਾਤ ਕੰਮ ਕਰਕੇ ਖੇਤੀਬਾੜੀ ਖੇਤਰ ਨੂੰ 6 ਤੋਂ 7 ਘੰਟੇ ਤੱਕ ਬਿਜਲੀ ਸਪਲਾਈ ਯਕੀਨੀ ਬਣਾਈ ਰੱਖੀ। ਹੁਣ ਹੜਤਾਲ ਖਤਮ ਹੋਣ ਅਤੇ ਥਰਮਲ ਬਿਜਲੀ ਉਤਪਾਦਨ ਯੂਨਿਟਾਂ ਦੇ ਮੁੜ ਚਾਲੂ ਹੋਣ ਨਾਲ ਸੂਬੇ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ।

ਡਾ. ਬਸੰਤ ਗਰਗ ਨੇ ਕਿਹਾ ਕਿ ਜਿਨ੍ਹਾਂ ਖੇਤੀਬਾੜੀ ਫੀਡਰਾਂ 'ਤੇ ਅਸਥਾਈ ਤੌਰ 'ਤੇ ਘੱਟ ਸਪਲਾਈ ਹੋਈ ਸੀ, ਉਨ੍ਹਾਂ ਨੂੰ ਹੁਣ ਵਾਧੂ ਬਿਜਲੀ ਦਿੱਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਹੋਏ ਸਮੇਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਪੱਸ਼ਟ ਮਤ ਹੈ ਕਿ ਕਿਸੇ ਵੀ ਅਸਧਾਰਨ ਜਾਂ ਅਣਕਾਬੂ ਸਥਿਤੀ ਦਾ ਬੋਝ ਕਿਸਾਨਾਂ 'ਤੇ ਨਹੀਂ ਪੈਣ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਝੋਨੇ ਦੇ ਮੌਜੂਦਾ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਪਾਵਰਕਾਮ ਵੱਲੋਂ ਵਿਸ਼ੇਸ਼ ਸੰਚਾਲਨ ਪ੍ਰਬੰਧ ਕੀਤੇ ਗਏ ਹਨ। ਫੀਲਡ ਅਧਿਕਾਰੀਆਂ ਨੂੰ ਫੀਡਰ-ਵਾਰ ਬਿਜਲੀ ਸਪਲਾਈ ਦੀ ਨਿਰੰਤਰ ਨਿਗਰਾਨੀ ਕਰਨ, ਬਿਜਲੀ ਦੀ ਉਪਲਬਧਤਾ ਵਿੱਚ ਸੁਧਾਰ ਲਿਆਉਣ ਅਤੇ ਸਥਾਨਕ ਪੱਧਰ 'ਤੇ ਆਉਣ ਵਾਲੀ ਹਰ ਸਮੱਸਿਆ ਦਾ ਤੁਰੰਤ ਨਿਪਟਾਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਪਾਵਰਕਾਮ ਨੇ ਦੁਹਰਾਇਆ ਕਿ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਵਿਭਾਗ ਦੀ ਪਹਿਲੀ ਤਰਜੀਹ ਹੈ ਅਤੇ ਸੂਬੇ ਭਰ ਵਿੱਚ ਭਰੋਸੇਯੋਗ ਬਿਜਲੀ ਸਪਲਾਈ ਕਾਇਮ ਰੱਖਣ ਦੇ ਨਾਲ-ਨਾਲ ਪ੍ਰਭਾਵਿਤ ਕਿਸਾਨਾਂ ਨੂੰ ਵਾਧੂ ਬਿਜਲੀ ਦੇ ਕੇ ਅਸਥਾਈ ਘਾਟ ਦੀ ਪੂਰੀ ਭਰਪਾਈ ਯਕੀਨੀ ਬਣਾਈ ਜਾ ਰਹੀ ਹੈ।

Published on: 03 Jul 2026

Editor Info

Pushpinder Kaur
publictimes@gmail.com
+91 84278 93668