Saturday, 11 July 2026
ਪੰਚਕੂਲਾ ਅਦਾਲਤ ਕੰਪਲੈਕਸ ਵਿੱਚ ਫੌਜ ਦੇ ਲੈਫਟੀਨੈਂਟ ਕਰਨਲ ਨਾਲ ਕੁੱਟਮਾਰ ਦੇ ਦੋਸ਼, ਵਕੀਲਾਂ ਖ਼ਿਲਾਫ਼ ਕੇਸ ਦਰਜ

ਪੰਚਕੂਲਾ ਅਦਾਲਤ ਕੰਪਲੈਕਸ ਵਿੱਚ ਫੌਜ ਦੇ ਲੈਫਟੀਨੈਂਟ ਕਰਨਲ ਨਾਲ ਕੁੱਟਮਾਰ ਦੇ ਦੋਸ਼, ਵਕੀਲਾਂ ਖ਼ਿਲਾਫ਼ ਕੇਸ ਦਰਜ

ਪੰਚਕੂਲਾ, 11 ਜੁਲਾਈ: ਹਰਿਆਣਾ ਦੇ ਪੰਚਕੂਲਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਫੌਜ ਦੇ ਇੱਕ ਸੇਵਾਰਤ ਲੈਫਟੀਨੈਂਟ ਕਰਨਲ ਨਾਲ ਕਥਿਤ ਕੁੱਟਮਾਰ ਅਤੇ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕੁਝ ਵਕੀਲਾਂ ਖ਼ਿਲਾਫ਼ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਐਫ਼.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਚੰਡੀਮੰਦਰ ਮਿਲਟਰੀ ਸਟੇਸ਼ਨ ਵਿੱਚ ਤਾਇਨਾਤ ਲੈਫਟੀਨੈਂਟ ਕਰਨਲ ਆਸ਼ੀਸ਼ ਚੰਡੋਕ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੀ ਪਤਨੀ ਨਾਲ ਪਿਛਲੇ ਇੱਕ ਸਾਲ ਤੋਂ ਵਿਵਾਦ ਚੱਲ ਰਿਹਾ ਹੈ ਅਤੇ ਇਸ ਸਬੰਧੀ ਫੈਮਿਲੀ ਕੋਰਟ ਵਿੱਚ ਕੇਸਾਂ ਦੀ ਸੁਣਵਾਈ ਜਾਰੀ ਹੈ। 9 ਜੁਲਾਈ ਨੂੰ ਉਹ ਆਪਣੇ ਕੇਸ ਦੀ ਸੁਣਵਾਈ ਲਈ ਫੈਮਿਲੀ ਕੋਰਟ ਪਹੁੰਚੇ ਸਨ।

ਸ਼ਿਕਾਇਤ ਮੁਤਾਬਕ, ਸੁਣਵਾਈ ਦੌਰਾਨ ਵਿਰੋਧੀ ਧਿਰ ਦੇ ਵਕੀਲ ਮਨਿੰਦਰ ਸਿੰਘ ਬਿੱਟਾ ਅਤੇ ਹੋਰ ਵਿਅਕਤੀਆਂ ਨਾਲ ਤਕਰਾਰ ਹੋ ਗਈ। ਇਸ ਤੋਂ ਬਾਅਦ ਕਥਿਤ ਤੌਰ 'ਤੇ ਹੋਰ ਵਕੀਲ ਵੀ ਉੱਥੇ ਪਹੁੰਚ ਗਏ ਅਤੇ ਅਦਾਲਤ ਕਮਰੇ ਦੇ ਬਾਹਰ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।

ਲੈਫਟੀਨੈਂਟ ਕਰਨਲ ਨੇ ਦੋਸ਼ ਲਗਾਇਆ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਬਰਦਸਤੀ ਇੱਕ ਵਕੀਲ ਦੇ ਚੈਂਬਰ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਕੁਝ ਸਮੇਂ ਲਈ ਰੋਕ ਕੇ ਰੱਖਿਆ ਗਿਆ ਅਤੇ ਮੁੜ ਕੁੱਟਮਾਰ ਕੀਤੀ ਗਈ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਧਮਕੀਆਂ ਦੇ ਕੇ ਉਨ੍ਹਾਂ ਤੋਂ ਇੱਕ ਸਮਝੌਤਾ ਪੱਤਰ 'ਤੇ ਜ਼ਬਰਦਸਤੀ ਦਸਤਖ਼ਤ ਕਰਵਾਏ ਗਏ, ਜਿਸ ਨੂੰ ਉਹ ਪੂਰੀ ਤਰ੍ਹਾਂ ਪੜ੍ਹ ਵੀ ਨਹੀਂ ਸਕੇ।

ਘਟਨਾ ਤੋਂ ਬਾਅਦ ਲੈਫਟੀਨੈਂਟ ਕਰਨਲ ਦਾ ਸੈਕਟਰ-6 ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਸ਼ਿਕਾਇਤ ਅਨੁਸਾਰ ਮੈਡੀਕਲ ਜਾਂਚ ਵਿੱਚ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਮਿਲੇ ਹਨ ਅਤੇ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ (ਟੇਲਬੋਨ) ਵਿੱਚ ਫਰੈਕਚਰ ਹੋਣ ਦਾ ਵੀ ਸ਼ੱਕ ਜਤਾਇਆ ਗਿਆ ਹੈ।

ਸੈਕਟਰ-7 ਥਾਣੇ ਦੇ ਐਸ.ਐਚ.ਓ. ਇੰਸਪੈਕਟਰ ਰਾਜਬੀਰ ਯਾਦਵ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਸੱਟਾਂ ਮਾਰਨ, ਗੰਭੀਰ ਸੱਟ ਪਹੁੰਚਾਉਣ, ਅਪਰਾਧਿਕ ਧਮਕੀਆਂ ਦੇਣ ਅਤੇ ਦੰਗਾ ਕਰਨ ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਅਦਾਲਤ ਕੰਪਲੈਕਸ ਦੇ ਸੀਸੀਟੀਵੀ ਫੁਟੇਜ ਅਤੇ ਮੈਡੀਕਲ ਰਿਪੋਰਟ ਦੀ ਜਾਂਚ ਕੀਤੀ ਜਾ ਰਹੀ ਹੈ। ਸਬੂਤਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

Published on: 11 Jul 2026

Editor Info

Pushpinder Kaur
publictimes@gmail.com
+91 84278 93668