ਆਕਲੈਂਡ (ਨਿਊਜ਼ੀਲੈਂਡ), 10 ਜੁਲਾਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਕਰਵਾਏ ਗਏ ਉੱਚ ਪੱਧਰੀ ਭਾਰਤ-ਨਿਊਜ਼ੀਲੈਂਡ ਬਿਜ਼ਨਸ ਸਮਾਗਮ ਦੌਰਾਨ ਭਾਰਤ ਦੀਆਂ ਵਧ ਰਹੀਆਂ ਆਰਥਿਕ ਸੰਭਾਵਨਾਵਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਭਾਰਤ ਨੂੰ ਹੁਣ ਸਿਰਫ਼ ਇੱਕ ਵੱਡੇ ਖਪਤਕਾਰ ਬਾਜ਼ਾਰ ਵਜੋਂ ਨਹੀਂ, ਸਗੋਂ ਵਿਸ਼ਵ ਵਿਕਾਸ ਲਈ ਇੱਕ ਮਜ਼ਬੂਤ ਲਾਂਚਪੈਡ ਵਜੋਂ ਦੇਖਿਆ ਜਾ ਰਿਹਾ ਹੈ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ (ਕ੍ਰਿਸ) ਲਕਸਨ ਦੀ ਮੌਜੂਦਗੀ ਵਿੱਚ ਕਾਰੋਬਾਰੀ ਆਗੂਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਦੋਵੇਂ ਦੇਸ਼ਾਂ ਵਿਚਾਲੇ ਆਰਥਿਕ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਪੱਧਰ 'ਤੇ ਨਿਵੇਸ਼, ਨਿਰਮਾਣ ਅਤੇ ਨਵੀਨਤਾ ਲਈ ਤੇਜ਼ੀ ਨਾਲ ਉਭਰਦਾ ਕੇਂਦਰ ਬਣ ਰਿਹਾ ਹੈ।
ਆਪਣੇ ਸੰਬੋਧਨ ਦੌਰਾਨ ਮੋਦੀ ਨੇ ਭਾਰਤ ਵਿੱਚ ਸੇਵਾ ਖੇਤਰ, ਤਕਨਾਲੋਜੀ, ਹੁਨਰਮੰਦ ਮਨੁੱਖੀ ਸੰਸਾਧਨ ਅਤੇ ਨਿਰਮਾਣ ਖੇਤਰ ਵਿੱਚ ਹੋ ਰਹੀ ਤੇਜ਼ ਤਰੱਕੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀ.ਐਲ.ਆਈ.) ਯੋਜਨਾਵਾਂ ਨੇ ਦੇਸ਼ ਦੇ ਨਿਰਮਾਣ ਖੇਤਰ ਨੂੰ ਨਵੀਂ ਰਫ਼ਤਾਰ ਦਿੱਤੀ ਹੈ, ਜਦਕਿ ਹਵਾਈ ਅੱਡਿਆਂ, ਖੇਤਰੀ ਸੰਪਰਕ, ਕਾਰਗੋ ਅਤੇ ਲੌਜਿਸਟਿਕਸ ਦੇ ਬੁਨਿਆਦੀ ਢਾਂਚੇ ਵਿੱਚ ਵੀ ਵੱਡੇ ਪੱਧਰ 'ਤੇ ਸੁਧਾਰ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫੂਡ ਪ੍ਰੋਸੈਸਿੰਗ, ਫਿਨਟੈਕ, ਪੁਲਾੜ ਤਕਨਾਲੋਜੀ, ਖੇਤੀਬਾੜੀ, ਸਾਫ਼ ਊਰਜਾ ਅਤੇ ਸੈਰ-ਸਪਾਟਾ ਵਰਗੇ ਖੇਤਰਾਂ ਵਿੱਚ ਸਾਂਝੇ ਨਿਵੇਸ਼ ਅਤੇ ਸਹਿਯੋਗ ਦੀਆਂ ਬੇਅੰਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇੱਕ-ਦੂਜੇ ਦੀਆਂ ਖੂਬੀਆਂ ਦਾ ਲਾਭ ਉਠਾ ਕੇ ਆਪਸੀ ਵਪਾਰ ਅਤੇ ਨਿਵੇਸ਼ ਨੂੰ ਹੋਰ ਮਜ਼ਬੂਤ ਬਣਾ ਸਕਦੇ ਹਨ।
ਸਮਾਗਮ ਦੌਰਾਨ ਦੋਵੇਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਆਪਸੀ ਵਪਾਰਕ ਸਬੰਧਾਂ ਨੂੰ ਹੋਰ ਗਹਿਰਾ ਕਰਨ 'ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ, ਪ੍ਰਧਾਨ ਮੰਤਰੀ ਲਕਸਨ ਅਤੇ ਹੋਰ ਪ੍ਰਤੀਨਿਧੀਆਂ ਦੀ ਸਾਂਝੀ ਤਸਵੀਰ ਵੀ ਖਿੱਚੀ ਗਈ। ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ ਨਿਊਜ਼ੀਲੈਂਡ ਦੇ ਫਲਾਂ ਨਾਲ ਤਿਆਰ ਕੀਤਾ ਗਿਆ ਭਾਰਤੀ ਤਿਰੰਗੇ ਦਾ ਰੂਪ ਸੀ, ਜਿਸ 'ਤੇ "A Taste of New Zealand" ਲਿਖਿਆ ਹੋਇਆ ਸੀ। ਇਹ ਸਜਾਵਟ ਦੋਵੇਂ ਦੇਸ਼ਾਂ ਦੀ ਸੱਭਿਆਚਾਰਕ ਅਤੇ ਆਰਥਿਕ ਦੋਸਤੀ ਦਾ ਪ੍ਰਤੀਕ ਬਣੀ।
ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਪਾਰ, ਨਿਵੇਸ਼, ਹੁਨਰ ਵਿਕਾਸ ਅਤੇ ਉਭਰਦੀਆਂ ਤਕਨਾਲੋਜੀਆਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਲਗਾਤਾਰ ਵੱਧ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਮੁਕਤ ਵਪਾਰ, ਸਾਂਝੇ ਪ੍ਰੋਜੈਕਟਾਂ ਅਤੇ ਤੀਜੇ ਦੇਸ਼ਾਂ ਵਿੱਚ ਨਿਵੇਸ਼ ਸਬੰਧੀ ਸਹਿਯੋਗ ਨੂੰ ਹੋਰ ਗਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।