Saturday, 15 August 2026
ਨੌਜਵਾਨਾਂ ਲਈ PM ਮੋਦੀ ਦੇ ਦੋ ਵੱਡੇ ਐਲਾਨ: ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ, 1 ਕਰੋੜ ਯੁਵਾਂ ਨੂੰ ਮਿਲੇਗੀ AI ਟ੍ਰੇਨਿੰਗ

ਨੌਜਵਾਨਾਂ ਲਈ PM ਮੋਦੀ ਦੇ ਦੋ ਵੱਡੇ ਐਲਾਨ: ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ, 1 ਕਰੋੜ ਯੁਵਾਂ ਨੂੰ ਮਿਲੇਗੀ AI ਟ੍ਰੇਨਿੰਗ

ਪ੍ਰਾਈਵੇਟ ਕੋਚਿੰਗ ’ਤੇ ਹੋਣ ਵਾਲਾ ਭਾਰੀ ਖਰਚ ਘਟਾਉਣ ਦੀ ਤਿਆਰੀ; ਇੱਕ ਸਾਲ ਵਿੱਚ ਇੱਕ ਕਰੋੜ ਨੌਜਵਾਨਾਂ ਨੂੰ AI ਹੁਨਰਾਂ ਨਾਲ ਲੈਸ ਕਰਨ ਦਾ ਟੀਚਾ

ਨਵੀਂ ਦਿੱਲੀ, 15 ਅਗਸਤ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਦੇਸ਼ ਦੇ ਨੌਜਵਾਨਾਂ ਲਈ ਦੋ ਵੱਡੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ। ਇਸ ਤਹਿਤ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ, ਜਦਕਿ ਅਗਲੇ ਇੱਕ ਸਾਲ ਦੌਰਾਨ ਇੱਕ ਕਰੋੜ ਨੌਜਵਾਨਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਸਕਿੱਲ ਟ੍ਰੇਨਿੰਗ ਦੇਣ ਦਾ ਟੀਚਾ ਰੱਖਿਆ ਗਿਆ ਹੈ।

ਘਰ ਬੈਠੇ ਮਿਲੇਗੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪ੍ਰਾਈਵੇਟ ਕੋਚਿੰਗ ਕਲਾਸਾਂ ਦਾ ਖਰਚ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ’ਤੇ ਵੱਡਾ ਆਰਥਿਕ ਬੋਝ ਪਾਉਂਦਾ ਹੈ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਖ-ਵੱਖ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਦੀ ਵਿਵਸਥਾ ਕਰਨ ਜਾ ਰਹੀ ਹੈ।

ਮੋਦੀ ਨੇ ਕਿਹਾ ਕਿ ਕਈ ਮਾਪੇ ਆਪਣੇ ਬੱਚਿਆਂ ਨੂੰ ਮਹਿੰਗੇ ਕੋਚਿੰਗ ਸੈਂਟਰਾਂ ਵਿੱਚ ਭੇਜਣ ਲਈ ਮਜਬੂਰ ਮਹਿਸੂਸ ਕਰਦੇ ਹਨ। ਇਸ ਕਾਰਨ ਪਰਿਵਾਰਾਂ ਨੂੰ ਆਪਣੀ ਆਮਦਨ ਦਾ ਵੱਡਾ ਹਿੱਸਾ ਕੋਚਿੰਗ ’ਤੇ ਖਰਚ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਨਵੀਂ ਵਿਵਸਥਾ ਨਾਲ ਵਿਦਿਆਰਥੀ ਆਪਣੇ ਘਰ ਰਹਿ ਕੇ ਹੀ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ ਅਤੇ ਪਰਿਵਾਰਾਂ ਦੇ ਕੋਚਿੰਗ ’ਤੇ ਖਰਚ ਹੋਣ ਵਾਲੇ ਹਜ਼ਾਰਾਂ ਕਰੋੜ ਰੁਪਏ ਬਚ ਸਕਣਗੇ।

ਸਰਕਾਰ ਵੱਲੋਂ ਦੇਸ਼ ਦੇ ਡਿਜੀਟਲ ਪਬਲਿਕ ਇੰਫਰਾਸਟਰਕਚਰ ਅਤੇ ਮਾਹਿਰ ਅਧਿਆਪਕਾਂ ਦੀਆਂ ਸੇਵਾਵਾਂ ਦੀ ਵਰਤੋਂ ਕਰਦਿਆਂ ਮੁਫ਼ਤ ਆਨਲਾਈਨ ਕੋਚਿੰਗ ਦਾ ਦੇਸ਼-ਵਿਆਪੀ ਨੈੱਟਵਰਕ ਤਿਆਰ ਕਰਨ ਦੀ ਯੋਜਨਾ ਹੈ।

ਇੱਕ ਸਾਲ ’ਚ 1 ਕਰੋੜ ਨੌਜਵਾਨਾਂ ਨੂੰ AI ਸਕਿੱਲ ਟ੍ਰੇਨਿੰਗ

ਪ੍ਰਧਾਨ ਮੰਤਰੀ ਨੇ ਭਵਿੱਖ ਦੀ ਤਕਨਾਲੋਜੀ ਲਈ ਭਾਰਤੀ ਨੌਜਵਾਨਾਂ ਨੂੰ ਤਿਆਰ ਕਰਨ ਵਾਸਤੇ ਇੱਕ ਹੋਰ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੇ ਅਗਲੇ ਇੱਕ ਸਾਲ ਵਿੱਚ ਇੱਕ ਕਰੋੜ ਨੌਜਵਾਨਾਂ ਨੂੰ AI ਸਕਿੱਲ ਟ੍ਰੇਨਿੰਗ ਦੇਣ ਦਾ ਸੰਕਲਪ ਲਿਆ ਹੈ।

ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਭਾਰਤੀ ਨੌਜਵਾਨਾਂ ਨੂੰ ਇਸ ਕਾਬਲ ਬਣਾਉਣਾ ਹੈ ਕਿ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਦੁਨੀਆ ਦੀ ਅਗਵਾਈ ਕਰ ਸਕਣ।

AI ਦੇ ਨਾਲ-ਨਾਲ ਭਾਰਤ ਉੱਭਰ ਰਹੀਆਂ ਤਕਨਾਲੋਜੀਆਂ, ਰੋਬੋਟਿਕਸ, ਕੁਆਂਟਮ ਟੈਕਨਾਲੋਜੀ ਅਤੇ ਡਾਟਾ ਸੈਂਟਰ ਵਰਗੇ ਖੇਤਰਾਂ ਵਿੱਚ ਵੀ ਆਪਣੀ ਸਮਰੱਥਾ ਵਧਾਉਣ ’ਤੇ ਜ਼ੋਰ ਦੇ ਰਿਹਾ ਹੈ।

‘ਵਿਕਸਿਤ ਭਾਰਤ 2047’ ਵਿੱਚ ਯੁਵਾ ਸ਼ਕਤੀ ਦੀ ਅਹਿਮ ਭੂਮਿਕਾ

ਇਹ ਦੋਵੇਂ ਐਲਾਨ ਪ੍ਰਧਾਨ ਮੰਤਰੀ ਦੇ ‘ਵਿਕਸਿਤ ਭਾਰਤ 2047’ ਦੇ ਵਿਜ਼ਨ ਨਾਲ ਜੋੜ ਕੇ ਦੇਖੇ ਜਾ ਰਹੇ ਹਨ। ਮੋਦੀ ਨੇ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਦਾ ਸਭ ਤੋਂ ਵੱਡਾ ਚਾਲਕ ਦੱਸਦਿਆਂ ਤਕਨਾਲੋਜੀ ਅਤੇ ਨਵੀਨਤਾ ਨੂੰ ਭਵਿੱਖ ਦੇ ਭਾਰਤ ਲਈ ਅਹਿਮ ਖੇਤਰ ਕਰਾਰ ਦਿੱਤਾ।

ਮੁਫ਼ਤ ਆਨਲਾਈਨ ਕੋਚਿੰਗ ਪਹਿਲ ਦਾ ਸਭ ਤੋਂ ਵੱਧ ਲਾਭ ਉਨ੍ਹਾਂ ਵਿਦਿਆਰਥੀਆਂ ਨੂੰ ਮਿਲਣ ਦੀ ਉਮੀਦ ਹੈ, ਜੋ ਆਰਥਿਕ ਕਾਰਨਾਂ ਕਰਕੇ ਮਹਿੰਗੇ ਕੋਚਿੰਗ ਸੈਂਟਰਾਂ ਦੀਆਂ ਸੇਵਾਵਾਂ ਨਹੀਂ ਲੈ ਸਕਦੇ। ਇਸ ਨਾਲ ਛੋਟੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਵੀ ਬਿਹਤਰ ਸਿੱਖਿਆ ਸਰੋਤਾਂ ਤੱਕ ਪਹੁੰਚ ਮਿਲ ਸਕੇਗੀ।

ਇਸੇ ਤਰ੍ਹਾਂ ਇੱਕ ਕਰੋੜ ਨੌਜਵਾਨਾਂ ਨੂੰ AI ਟ੍ਰੇਨਿੰਗ ਦੇਣ ਦੀ ਯੋਜਨਾ ਭਾਰਤ ਵਿੱਚ ਵੱਡੀ AI-skilled workforce ਤਿਆਰ ਕਰਨ ਵੱਲ ਅਹਿਮ ਕਦਮ ਮੰਨੀ ਜਾ ਰਹੀ ਹੈ।

ਹਾਲਾਂਕਿ ਮੁਫ਼ਤ ਕੋਚਿੰਗ ਲਈ ਕਿਹੜੀਆਂ ਪ੍ਰੀਖਿਆਵਾਂ ਸ਼ਾਮਲ ਕੀਤੀਆਂ ਜਾਣਗੀਆਂ, ਵਿਦਿਆਰਥੀਆਂ ਦੀ ਯੋਗਤਾ ਕੀ ਹੋਵੇਗੀ, ਰਜਿਸਟ੍ਰੇਸ਼ਨ ਕਿਵੇਂ ਹੋਵੇਗੀ ਅਤੇ AI ਟ੍ਰੇਨਿੰਗ ਕਿਹੜੇ ਪਲੇਟਫਾਰਮਾਂ ਰਾਹੀਂ ਦਿੱਤੀ ਜਾਵੇਗੀ, ਇਸ ਬਾਰੇ ਵਿਸਥਾਰਤ ਜਾਣਕਾਰੀ ਸਬੰਧਤ ਮੰਤਰਾਲਿਆਂ ਵੱਲੋਂ ਜਾਰੀ ਕੀਤੀ ਜਾਣੀ ਬਾਕੀ ਹੈ।

 
 

Published on: 15 Aug 2026

Editor Info

Pushpinder Kaur
publictimes@gmail.com
+91 84278 93668