ਮੁੰਬਈ, 3 ਜੁਲਾਈ: ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਭਾਰੀ ਮੀਂਹ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਮੁੰਬਈ, ਠਾਣੇ, ਪਾਲਘਰ ਅਤੇ ਰਾਇਗੜ੍ਹ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕਰਦਿਆਂ ਭਾਰੀ ਤੋਂ ਬਹੁਤ ਭਾਰੀ ਮੀਂਹ ਅਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਖੇਤਰ ਵਿੱਚ ਤੇਜ਼ ਮੀਂਹ ਦਾ ਸਿਲਸਿਲਾ ਅਜੇ ਕੁਝ ਦਿਨ ਹੋਰ ਜਾਰੀ ਰਹਿ ਸਕਦਾ ਹੈ।
ਪਿਛਲੇ 24 ਘੰਟਿਆਂ (2 ਜੁਲਾਈ ਸਵੇਰੇ 8 ਵਜੇ ਤੋਂ 3 ਜੁਲਾਈ ਸਵੇਰੇ 8 ਵਜੇ ਤੱਕ) ਦੌਰਾਨ ਸ਼ਹਿਰ ਵਿੱਚ ਕਾਫ਼ੀ ਭਾਰੀ ਵਰਖਾ ਦਰਜ ਕੀਤੀ ਗਈ। ਸਭ ਤੋਂ ਵੱਧ 150.2 ਮਿਲੀਮੀਟਰ ਮੀਂਹ ਮਾਂਡਵੀ ਫਾਇਰ ਸਟੇਸ਼ਨ ਖੇਤਰ ਵਿੱਚ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਮੁੰਬਈ ਦੇ ਵੱਖ-ਵੱਖ ਹਿੱਸਿਆਂ ਵਿੱਚ ਔਸਤ 114 ਤੋਂ 126 ਮਿਲੀਮੀਟਰ ਤੱਕ ਵਰਖਾ ਹੋਈ।
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅੰਧੇਰੀ, ਵਡਾਲਾ, ਕਿੰਗਜ਼ ਸਰਕਲ ਅਤੇ ਕਈ ਉਪਨਗਰੀ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਲੋਕਲ ਰੇਲ ਸੇਵਾਵਾਂ ਵਿੱਚ ਦੇਰੀ ਦਰਜ ਕੀਤੀ ਗਈ, ਜਦਕਿ ਕਈ ਮੁੱਖ ਸੜਕਾਂ 'ਤੇ ਟ੍ਰੈਫਿਕ ਦੀ ਰਫ਼ਤਾਰ ਬਹੁਤ ਹੌਲੀ ਰਹੀ। ਪ੍ਰਸ਼ਾਸਨ ਨੇ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ।
ਇਸ ਦੌਰਾਨ ਕਰੀਬ 4.28 ਮੀਟਰ ਉੱਚੀਆਂ ਸਮੁੰਦਰੀ ਲਹਿਰਾਂ (ਹਾਈ ਟਾਈਡ) ਨੇ ਸਮੁੰਦਰੀ ਤੱਟਾਂ ਅਤੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਦੇ ਖਤਰੇ ਨੂੰ ਹੋਰ ਵਧਾ ਦਿੱਤਾ ਹੈ।
ਬ੍ਰਿਹਨਮੁੰਬਈ ਮਹਾਨਗਰ ਪਾਲਿਕਾ (BMC) ਮੁਤਾਬਕ ਮੀਂਹ ਕਾਰਨ ਸ਼ਹਿਰ ਵਿੱਚ ਦਰੱਖਤ ਡਿੱਗਣ, ਬਿਜਲੀ ਦੇ ਸ਼ਾਰਟ ਸਰਕਿਟ ਅਤੇ ਕੁਝ ਇਮਾਰਤਾਂ ਦੇ ਹਿੱਸੇ ਢਹਿ ਜਾਣ ਵਰਗੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਨਗਰ ਨਿਗਮ ਦੀਆਂ ਐਮਰਜੈਂਸੀ ਟੀਮਾਂ ਹਾਲਾਤਾਂ 'ਤੇ ਨਜ਼ਰ ਰੱਖਦਿਆਂ ਪ੍ਰਭਾਵਿਤ ਥਾਵਾਂ 'ਤੇ ਬਹਾਲੀ ਦੇ ਕੰਮ ਵਿੱਚ ਜੁਟੀਆਂ ਹੋਈਆਂ ਹਨ।
ਉੱਧਰ, ਸਕੂਲਾਂ ਅਤੇ ਕਾਲਜਾਂ ਵੱਲੋਂ ਵੀ ਮੌਸਮ ਦੀ ਸਥਿਤੀ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਜੇਕਰ ਭਾਰੀ ਮੀਂਹ ਦਾ ਦੌਰ ਜਾਰੀ ਰਿਹਾ ਤਾਂ ਕੁਝ ਸਿੱਖਿਆ ਸੰਸਥਾਵਾਂ ਵੱਲੋਂ ਛੁੱਟੀਆਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮਹਾਰਾਸ਼ਟਰ, ਗੁਜਰਾਤ ਅਤੇ ਕੋਕਣ ਖੇਤਰ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਮੌਸਮ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।