ਕਈ ਵਾਰ ਕਿਸਮਤ ਕਦੋਂ ਅਤੇ ਕਿੱਥੇ ਇਨਸਾਨ ਦੀ ਜ਼ਿੰਦਗੀ ਬਦਲ ਦੇਵੇ, ਇਸਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਸਥਾਨਾ ਪਿੰਡ ਦੇ ਰਹਿਣ ਵਾਲੇ ਕੈਬ ਡਰਾਈਵਰ ਕਲਿਆਣ ਚੰਦ ਨਾਲ ਵਾਪਰਿਆ, ਜਿਨ੍ਹਾਂ ਨੇ ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ ਲਾਟਰੀ ਦਾ 3 ਕਰੋੜ ਰੁਪਏ ਦਾ ਪਹਿਲਾ ਇਨਾਮ ਆਪਣੇ ਨਾਮ ਕਰ ਲਿਆ।
ਮਿਲੀ ਜਾਣਕਾਰੀ ਅਨੁਸਾਰ ਕਲਿਆਣ ਚੰਦ ਕੁਝ ਦਿਨ ਪਹਿਲਾਂ ਇੱਕ ਸਵਾਰੀ ਨੂੰ ਛੱਡਣ ਲਈ ਬਠਿੰਡਾ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਸ਼ੌਕ ਦੇ ਤੌਰ 'ਤੇ ਇੱਕੋ ਨੰਬਰ ਦੀਆਂ ਏ ਅਤੇ ਬੀ ਸੀਰੀਜ਼ ਦੀਆਂ ਦੋ ਲਾਟਰੀ ਟਿਕਟਾਂ ਖਰੀਦੀਆਂ। ਜਦੋਂ ਨਤੀਜੇ ਐਲਾਨੇ ਗਏ ਤਾਂ ਉਨ੍ਹਾਂ ਦੀ ਇੱਕ ਟਿਕਟ 'ਤੇ 3 ਕਰੋੜ ਰੁਪਏ ਦਾ ਵੱਡਾ ਇਨਾਮ ਨਿਕਲ ਆਇਆ।
ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਸਮੇਤ ਬਠਿੰਡਾ ਪਹੁੰਚੇ ਕਲਿਆਣ ਚੰਦ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਇੱਕ ਸਵਾਰੀ ਛੱਡਣ ਲਈ ਸ਼ਹਿਰ ਆਏ ਸਨ ਅਤੇ ਇਸੇ ਦੌਰਾਨ ਖਰੀਦੀ ਗਈ ਟਿਕਟ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਸੁਪਨਾ ਸਾਕਾਰ ਹੋਣ ਵਰਗਾ ਪਲ ਹੈ।
ਉਨ੍ਹਾਂ ਦੱਸਿਆ ਕਿ ਇਸ ਰਕਮ ਨਾਲ ਸਭ ਤੋਂ ਪਹਿਲਾਂ ਉਹ ਆਪਣੇ ਸਵਰਗਵਾਸੀ ਪਿਤਾ ਵੱਲੋਂ ਪਿੰਡ ਵਿੱਚ ਬਣਾਈ ਗਈ ਪੁਰਾਣੀ ਸਰਾਂ (ਧਰਮਸ਼ਾਲਾ) ਦਾ ਮੁੜ ਨਿਰਮਾਣ ਕਰਵਾਉਣਗੇ, ਜੋ ਹੁਣ ਖਸਤਾਹਾਲ ਹੋ ਚੁੱਕੀ ਹੈ। ਇਸ ਤਰ੍ਹਾਂ ਉਹ ਆਪਣੇ ਪਿਤਾ ਦੀ ਯਾਦ ਨੂੰ ਸੰਭਾਲਣ ਦੇ ਨਾਲ-ਨਾਲ ਲੋਕਾਂ ਦੀ ਸੇਵਾ ਵੀ ਕਰ ਸਕਣਗੇ।
ਜ਼ਿਕਰਯੋਗ ਹੈ ਕਿ 13 ਜੂਨ ਨੂੰ ਕੱਢੀ ਗਈ ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ ਲਾਟਰੀ ਦਾ ਪਹਿਲਾ ਇਨਾਮ 3 ਕਰੋੜ ਰੁਪਏ ਦਾ ਸੀ। ਜੇਤੂ ਟਿਕਟ ਦਾ ਨੰਬਰ ਬੀ-896239 ਸੀ, ਜਦਕਿ ਇਸ ਬੰਪਰ ਲਾਟਰੀ ਦੀ ਇੱਕ ਟਿਕਟ ਦੀ ਕੀਮਤ 500 ਰੁਪਏ ਰੱਖੀ ਗਈ ਸੀ।