Sunday, 2 August 2026
ਕੇਰਲ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 8 ਲੋਕਾਂ ਦੀ ਮੌਤ, ਤਿੰਨ ਬੱਚੇ ਵੀ ਸ਼ਾਮਲ

ਕੇਰਲ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 8 ਲੋਕਾਂ ਦੀ ਮੌਤ, ਤਿੰਨ ਬੱਚੇ ਵੀ ਸ਼ਾਮਲ

ਜ਼ਮੀਨ ਖਿਸਕਣ, ਹੜ੍ਹ ਅਤੇ ਮਕਾਨ ਢਹਿਣ ਨਾਲ ਵੱਡਾ ਨੁਕਸਾਨ, ਹਜ਼ਾਰਾਂ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਗਿਆ

ਤਿਰੂਵਨੰਤਪੁਰਮ, 2 ਅਗਸਤ: ਕੇਰਲ ਵਿੱਚ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਤੱਕ ਪਏ ਭਾਰੀ ਮੀਂਹ ਨੇ ਵਿਆਪਕ ਤਬਾਹੀ ਮਚਾ ਦਿੱਤੀ। ਜ਼ਮੀਨ ਖਿਸਕਣ, ਅਚਾਨਕ ਹੜ੍ਹ ਅਤੇ ਹੋਰ ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ ਤਿੰਨ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ 13 ਲੋਕ ਜ਼ਖ਼ਮੀ ਹੋਏ ਹਨ ਅਤੇ ਅੱਠ ਹੋਰ ਲਾਪਤਾ ਦੱਸੇ ਜਾ ਰਹੇ ਹਨ।

ਮੁੱਖ ਮੰਤਰੀ ਦਫ਼ਤਰ ਅਨੁਸਾਰ ਹੁਣ ਤੱਕ 5,792 ਲੋਕਾਂ ਨੂੰ 209 ਰਾਹਤ ਕੈਂਪਾਂ ਵਿੱਚ ਸੁਰੱਖਿਅਤ ਪਹੁੰਚਾਇਆ ਗਿਆ ਹੈ। ਭਾਰੀ ਮੀਂਹ ਕਾਰਨ 27 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਦਕਿ 196 ਘਰਾਂ ਨੂੰ ਅੰਸ਼ਕ ਨੁਕਸਾਨ ਪਹੁੰਚਿਆ ਹੈ।

ਮੁੱਖ ਮੰਤਰੀ ਵੀ. ਡੀ. ਸਤੀਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜਿਨ੍ਹਾਂ ਦੇ ਘਰ ਜਾਂ ਰੋਜ਼ੀ-ਰੋਟੀ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਸਰਕਾਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਮਿਲ ਕੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਮੀਂਹ ਦੀ ਤੀਬਰਤਾ ਘਟਣ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿੱਚ ਸਫ਼ਾਈ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।

ਤਿੰਨ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ

ਮ੍ਰਿਤਕਾਂ ਵਿੱਚ ਤਿੰਨ ਸਾਲਾ ਅਬਦੁਲ ਮੁਹੈਨੀ ਅਤੇ ਚਾਰ ਸਾਲਾ ਆਦਮ ਅਯਮਨ ਸ਼ਾਮਲ ਹਨ, ਜੋ ਮਲੱਪੁਰਮ ਜ਼ਿਲ੍ਹੇ ਵਿੱਚ ਮੀਂਹ ਕਾਰਨ ਚੜ੍ਹੇ ਪਾਣੀ ਵਾਲੇ ਨਾਲ਼ੇ ਵਿੱਚ ਡਿੱਗਣ ਨਾਲ ਡੁੱਬ ਗਏ।

ਕੋਟਾਯਮ ਜ਼ਿਲ੍ਹੇ ਦੇ ਵਕਾਥਾਨਮ ਵਿੱਚ 11 ਸਾਲਾ ਮਿਲਨ ਕੇ. ਸ਼ਿਨੂ ਜਲ ਜੀਵਨ ਮਿਸ਼ਨ ਤਹਿਤ ਖੋਦੇ ਗਏ ਪਾਣੀ ਨਾਲ ਭਰੇ ਖੱਡੇ ਵਿੱਚ ਡਿੱਗਣ ਕਾਰਨ ਜਾਨ ਗੁਆ ਬੈਠਾ।

ਜ਼ਮੀਨ ਖਿਸਕਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਇਡੁੱਕੀ ਦੀ 69 ਸਾਲਾ ਸੁਮਤੀ, ਵਾਗਾਮੋਨ ਨੇੜੇ 72 ਸਾਲਾ ਪ੍ਰਭਾਕਰਨ ਨਾਇਰ, ਅਤੇ ਕੋਟਾਯਮ ਦੇ ਕੈਪੱਲੀ ਇਲਾਕੇ ਵਿੱਚ 28 ਸਾਲਾ ਜੋਸੇਫਿਨ ਜੋਹਨੀ ਅਤੇ ਉਨ੍ਹਾਂ ਦੀ 48 ਸਾਲਾ ਮਾਤਾ ਰੇਜੀਨਾ ਜੋਹਨੀ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ।

ਅੱਠ ਲੋਕ ਲਾਪਤਾ, ਬਚਾਅ ਕਾਰਜ ਜਾਰੀ

ਅਰਬ ਸਾਗਰ ਵਿੱਚ ਮੱਛੀ ਫੜਨ ਗਏ ਛੇ ਮਛੇਰੇ, ਜਿਨ੍ਹਾਂ ਵਿੱਚ ਚਾਰ ਤਿਰੂਵਨੰਤਪੁਰਮ ਅਤੇ ਦੋ ਕੋੱਲਮ ਦੇ ਹਨ, ਲਾਪਤਾ ਹੋ ਗਏ ਹਨ। ਇਸ ਤੋਂ ਇਲਾਵਾ ਕੰਨੂਰ ਦੇ ਦੋ ਵਿਅਕਤੀ ਦਰਿਆ ਵਿੱਚ ਵਹਿ ਜਾਣ ਕਾਰਨ ਲਾਪਤਾ ਦੱਸੇ ਜਾ ਰਹੇ ਹਨ।

ਲਾਪਤਾ ਲੋਕਾਂ ਦੀ ਭਾਲ ਲਈ ਰਾਸ਼ਟਰੀ ਆਫ਼ਤ ਮੋਚਨ ਬਲ (ਐਨ.ਡੀ.ਆਰ.ਐਫ.), ਫਾਇਰ ਐਂਡ ਰੈਸਕਿਊ ਸਰਵਿਸਿਜ਼, ਕੋਸਟ ਗਾਰਡ ਅਤੇ ਸਥਾਨਕ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਕਹਿਰ

ਮੌਸਮ ਵਿਭਾਗ ਅਨੁਸਾਰ ਕੰਨੂਰ ਦੇ ਅੱਯਨਕੁੰਨੂ ਇਲਾਕੇ ਵਿੱਚ 320 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ, ਜਦਕਿ ਵਾਗਾਮੋਨ ਸਮੇਤ ਪਹਾੜੀ ਖੇਤਰਾਂ ਵਿੱਚ 300 ਮਿਲੀਮੀਟਰ ਤੋਂ ਵੱਧ ਵਰਖਾ ਹੋਈ।

ਇਡੁੱਕੀ, ਕੋਟਾਯਮ, ਪਠਾਨਮਥਿੱਟਾ, ਮਲੱਪੁਰਮ, ਵਾਇਨਾਡ ਅਤੇ ਕੰਨੂਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸ਼ਾਮਲ ਹਨ, ਜਿੱਥੇ ਸੜਕਾਂ, ਘਰਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ।

12 ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ

ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਐਤਵਾਰ ਲਈ 12 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕਰਦਿਆਂ ਭਾਰੀ ਮੀਂਹ, ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਵੀ ਵਾਇਨਾਡ ਵਿੱਚ ਭਾਰੀ ਮੀਂਹ ਕਾਰਨ ਇੱਕ ਸੁਰੰਗ ਨਿਰਮਾਣ ਸਥਾਨ 'ਤੇ ਮਲਬਾ ਡਿੱਗਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ ਸੀ।

ਪ੍ਰਸ਼ਾਸਨ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

Published on: 02 Aug 2026

Editor Info

Pushpinder Kaur
publictimes@gmail.com
+91 84278 93668