ਸਰੀ (ਬ੍ਰਿਟਿਸ਼ ਕੋਲੰਬੀਆ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਜਬਰਨ ਵਸੂਲੀ ਨਾਲ ਜੁੜੇ ਇੱਕ ਗੋਲੀਬਾਰੀ ਮਾਮਲੇ ਵਿੱਚ ਸ਼ਾਮਲ ਤਿੰਨ ਪੰਜਾਬੀ ਨੌਜਵਾਨਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ, ਘਟਨਾ ਸਮੇਂ 19 ਸਾਲਾ ਤਰਨਵੀਰ ਸਿੰਘ ਅਤੇ 21 ਸਾਲਾ ਹਰਜੋਤ ਸਿੰਘ ਤੇ ਦਿਆਜੀਤ ਸਿੰਘ ਬਿਲਿੰਗ ਨੇ 9 ਜੂਨ ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਆਪਣੇ ਦੋਸ਼ ਕਬੂਲ ਕਰ ਲਏ।
ਇਸ ਤੋਂ ਪਹਿਲਾਂ ਕੈਨੇਡੀਅਨ ਪੁਲਿਸ ਵੱਲੋਂ ਤਿੰਨਾਂ ਦੇ ਬਿਨਾਂ ਦਸਤਾਰ ਵਾਲੇ ਫੋਟੋ ਜਾਰੀ ਕੀਤੇ ਗਏ ਸਨ। ਉਨ੍ਹਾਂ ਦੇ ਚਿਹਰਿਆਂ 'ਤੇ ਸੱਟਾਂ ਦੇ ਨਿਸ਼ਾਨ ਵੀ ਨਜ਼ਰ ਆਏ ਸਨ, ਜਿਸ ਕਾਰਨ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਪਛਾਣ ਦੇ ਸਨਮਾਨ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ, ਤਰਨਵੀਰ ਸਿੰਘ ਨੇ ਲਾਪਰਵਾਹੀ ਨਾਲ ਗੋਲੀ ਚਲਾਉਣ ਦੇ ਦੋਸ਼ ਨੂੰ ਸਵੀਕਾਰ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਪਹਿਲਾਂ ਕੱਟੇ ਸਮੇਂ ਦੀ ਛੂਟ ਮਿਲਣ ਤੋਂ ਬਾਅਦ ਉਸ ਨੂੰ ਹੁਣ ਕਰੀਬ ਸਾਢੇ ਚਾਰ ਸਾਲ ਹੋਰ ਜੇਲ੍ਹ ਵਿੱਚ ਬਿਤਾਉਣੇ ਪੈਣਗੇ।
ਉੱਥੇ ਹੀ ਦਿਆਜੀਤ ਸਿੰਘ ਬਿਲਿੰਗ ਅਤੇ ਹਰਜੋਤ ਸਿੰਘ ਨੇ ਧਮਾਕੇਖੇਜ਼ ਪਦਾਰਥ ਸੁੱਟਣ ਦੇ ਦੋਸ਼ ਮੰਨ ਲਏ। ਦੋਵਾਂ ਨੂੰ ਦੋ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਪਹਿਲਾਂ ਕੱਟੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿਆਜੀਤ ਨੂੰ ਹੋਰ 20 ਮਹੀਨੇ ਅਤੇ ਹਰਜੋਤ ਸਿੰਘ ਨੂੰ 18 ਮਹੀਨੇ ਜੇਲ੍ਹ ਵਿੱਚ ਰਹਿਣਾ ਪਵੇਗਾ। ਇਸ ਤੋਂ ਬਾਅਦ ਦੋਵਾਂ ਨੂੰ ਦੋ ਸਾਲ ਦੀ ਨਿਗਰਾਨੀ ਅਧੀਨ ਪ੍ਰੋਬੇਸ਼ਨ ਵੀ ਭੁਗਤਣੀ ਹੋਵੇਗੀ।
ਇਹ ਘਟਨਾ 1 ਫਰਵਰੀ 2026 ਦੀ ਸਵੇਰ ਵਾਪਰੀ ਸੀ, ਜਦੋਂ ਸਰੀ ਦੇ ਕ੍ਰੇਸੈਂਟ ਬੀਚ ਇਲਾਕੇ ਵਿੱਚ ਕ੍ਰੇਸੈਂਟ ਰੋਡ ਅਤੇ 132 ਸਟਰੀਟ ਨੇੜੇ ਸਥਿਤ ਇੱਕ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਘਰ ਦੇ ਬਾਹਰ ਇੱਕ ਛੋਟੀ ਅੱਗ ਲੱਗਣ ਦੀ ਵੀ ਸੂਚਨਾ ਮਿਲੀ ਸੀ। ਹਾਲਾਂਕਿ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸਰੀ ਪੁਲਿਸ ਸਰਵਿਸ ਨੇ ਇਸ ਹਮਲੇ ਨੂੰ ਇਲਾਕੇ ਵਿੱਚ ਚੱਲ ਰਹੀਆਂ ਜਬਰਨ ਵਸੂਲੀ ਦੀਆਂ ਧਮਕੀਆਂ ਨਾਲ ਜੋੜਿਆ ਸੀ। ਰਿਪੋਰਟਾਂ ਅਨੁਸਾਰ, ਘਟਨਾ ਤੋਂ ਬਾਅਦ ਤਿੰਨੇ ਮੁਲਜ਼ਮ ਪੈਦਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਬਾਅਦ ਵਿੱਚ ਇੱਕ ਰਾਈਡ-ਸ਼ੇਅਰ ਵਾਹਨ ਵਿੱਚ ਸਵਾਰ ਹੋ ਗਏ, ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਸਰੀ ਪੁਲਿਸ ਦੀ ਪ੍ਰੋਜੈਕਟ ਅਸ਼ੋਰੈਂਸ ਐਂਟੀ-ਐਕਸਟੋਰਸ਼ਨ ਟੀਮ ਅਤੇ ਮੇਜਰ ਕਰਾਈਮ ਸੈਕਸ਼ਨ ਨੇ ਤਿੰਨਾਂ ਨੂੰ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਨੇ ਉਨ੍ਹਾਂ ਨੂੰ ਵਿਦੇਸ਼ੀ ਨਾਗਰਿਕ ਦੱਸਦਿਆਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵੀ ਮਾਮਲੇ ਵਿੱਚ ਸ਼ਾਮਲ ਕੀਤਾ ਸੀ।
ਤਿੰਨੇ ਦੋਸ਼ੀ ਆਪਣੀ ਸਜ਼ਾ ਕੈਨੇਡਾ ਵਿੱਚ ਹੀ ਕੱਟਣਗੇ। ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਦੇਸ਼ ਨਿਕਾਲੇ ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾ ਸਕਦੀ ਹੈ।