ਪ੍ਰਾਜੈਕਟ ‘ਜੀਵਨਜੋਤ-2: ਸੇਵ ਦ ਚਾਈਲਡਹੁੱਡ’ ਤਹਿਤ ਕਾਰਵਾਈ; ਬੱਚੀ ਨੂੰ ਚਿਲਡਰਨ ਹੋਮ ਫਾਰ ਗਰਲਜ਼ ਭੇਜਿਆ, ਪੜ੍ਹਾਈ ਤੇ ਮੁੜ ਵਸੇਬੇ ਲਈ ਕੀਤੇ ਜਾਣਗੇ ਉਪਰਾਲੇ
ਜਲੰਧਰ, 8 ਸਤੰਬਰ: ਬੱਚਿਆਂ ਨੂੰ ਭਿੱਖ ਮੰਗਣ ਤੋਂ ਬਚਾਉਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਚਲਾਏ ਜਾ ਰਹੇ ਪ੍ਰਾਜੈਕਟ ਜੀਵਨਜੋਤ-2 ‘ਸੇਵ ਦ ਚਾਈਲਡਹੁੱਡ’ ਤਹਿਤ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਸੋਮਵਾਰ ਨੂੰ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਪੂਰਥਲਾ ਚੌਕ ਤੋਂ ਭੀਖ ਮੰਗਦੀ ਇੱਕ ਬੱਚੀ ਨੂੰ ਰੈਸਕਿਊ ਕੀਤਾ ਗਿਆ।
ਕਾਰਵਾਈ ਕਰਨ ਵਾਲੀ ਟੀਮ ਵਿੱਚ ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ, ਸੋਸ਼ਲ ਵਰਕਰ ਰੇਨੂੰ ਬਾਲਾ, ਆਊਟਰੀਚ ਵਰਕਰ ਗੌਰਵ ਅਤੇ ਚਾਈਲਡਲਾਈਨ ਸੁਪਰਵਾਈਜ਼ਰ ਬੱਬਲਜੀਤ ਸ਼ਾਮਲ ਸਨ।
ਬਾਲ ਭਲਾਈ ਕਮੇਟੀ ਸਾਹਮਣੇ ਕੀਤਾ ਪੇਸ਼
ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੈ ਭਾਰਤੀ ਦੀਆਂ ਹਦਾਇਤਾਂ ’ਤੇ ਕੀਤੀ ਗਈ।
ਰੈਸਕਿਊ ਤੋਂ ਬਾਅਦ ਲੋੜੀਂਦੀ ਕਾਨੂੰਨੀ ਕਾਰਵਾਈ ਤਹਿਤ DDR ਦਰਜ ਕਰਵਾ ਕੇ ਬੱਚੀ ਨੂੰ ਬਾਲ ਭਲਾਈ ਕਮੇਟੀ, ਜਲੰਧਰ ਸਾਹਮਣੇ ਪੇਸ਼ ਕੀਤਾ ਗਿਆ। ਕਮੇਟੀ ਦੇ ਹੁਕਮਾਂ ਤੋਂ ਬਾਅਦ ਉਸ ਨੂੰ ਚਿਲਡਰਨ ਹੋਮ ਫਾਰ ਗਰਲਜ਼ ਭੇਜ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਬੱਚੀ ਦੀ ਪੜ੍ਹਾਈ ਅਤੇ ਮੁੜ ਵਸੇਬੇ ਲਈ ਵੀ ਲੋੜੀਂਦੇ ਉਪਰਾਲੇ ਕੀਤੇ ਜਾਣਗੇ।
ਬਾਲ ਭਿੱਖਿਆ ਬਾਰੇ ਜਾਣਕਾਰੀ ਮਿਲੇ ਤਾਂ 1098 ’ਤੇ ਕਰੋ ਸੰਪਰਕ
ਸੰਦੀਪ ਕੁਮਾਰ ਨੇ ਦੱਸਿਆ ਕਿ ਟਾਸਕ ਫੋਰਸ ਵੱਲੋਂ ਰੈਸਕਿਊ ਕਾਰਵਾਈਆਂ ਦੇ ਨਾਲ-ਨਾਲ ਲੋਕਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਦੀ ਮਹੱਤਤਾ, ਬਾਲ ਮਜ਼ਦੂਰੀ, ਬਾਲ ਭਿੱਖਿਆ, ਬੱਚਿਆਂ ਨਾਲ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਵਰਗੇ ਮਾਮਲਿਆਂ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਕੋਈ ਬੱਚਾ ਭੀਖ ਮੰਗਦਾ ਦਿਖਾਈ ਦੇਵੇ ਜਾਂ ਕਿਸੇ ਬੱਚੇ ਦੇ ਮੁਸੀਬਤ ਵਿੱਚ ਹੋਣ ਦੀ ਜਾਣਕਾਰੀ ਮਿਲੇ ਤਾਂ ਤੁਰੰਤ ਚਾਈਲਡ ਹੈਲਪਲਾਈਨ 1098 ’ਤੇ ਸੂਚਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਾਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ, ਗਾਂਧੀ ਵਨੀਤਾ ਆਸ਼ਰਮ, ਜਲੰਧਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।