ਪ੍ਰਾਜੈਕਟ ‘ਜੀਵਨਜੋਤ 2.0’ ਤਹਿਤ ਟਾਸਕ ਫੋਰਸ ਦੀ ਛਾਪੇਮਾਰੀ, ਬੱਚੀਆਂ ਨੂੰ ਨਾਰੀ ਨਿਕੇਤਨ ਭੇਜਿਆ ਗਿਆ
ਜਲੰਧਰ, 28 ਜੁਲਾਈ: ਜ਼ਿਲ੍ਹਾ ਪੱਧਰੀ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਨੇ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕਰਦਿਆਂ ਭੀਖ ਮੰਗ ਰਹੀਆਂ ਦੋ ਮਾਸੂਮ ਬੱਚੀਆਂ ਨੂੰ ਰੈਸਕਿਊ ਕੀਤਾ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੇ ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਨਿਰਦੇਸ਼ਾਂ ਅਨੁਸਾਰ ਪ੍ਰਾਜੈਕਟ ‘ਜੀਵਨਜੋਤ 2.0’ ਤਹਿਤ ਭੀਖ ਮੰਗਦੇ ਬੱਚਿਆਂ ਨੂੰ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ।
ਇਸ ਦੌਰਾਨ ਮਾਡਲ ਟਾਊਨ ਸਥਿਤ ਗੀਤਾ ਮੰਦਰ ਨੇੜੇ ਕਰੀਬ 5 ਅਤੇ 6 ਸਾਲ ਉਮਰ ਦੀਆਂ ਦੋ ਬੱਚੀਆਂ ਭੀਖ ਮੰਗਦੀਆਂ ਮਿਲੀਆਂ, ਜਿਨ੍ਹਾਂ ਨੂੰ ਟਾਸਕ ਫੋਰਸ ਨੇ ਸੁਰੱਖਿਅਤ ਢੰਗ ਨਾਲ ਰੈਸਕਿਊ ਕੀਤਾ।
ਬਾਲ ਭਲਾਈ ਕਮੇਟੀ ਦੇ ਹੁਕਮਾਂ 'ਤੇ ਨਾਰੀ ਨਿਕੇਤਨ ਭੇਜੀਆਂ ਗਈਆਂ
ਅਧਿਕਾਰੀਆਂ ਨੇ ਦੱਸਿਆ ਕਿ ਬੱਚੀਆਂ ਨੂੰ ਥਾਣਾ ਡਿਵੀਜ਼ਨ ਨੰਬਰ-6 ਵਿੱਚ ਡੀ.ਡੀ.ਆਰ. ਦਰਜ ਕਰਵਾਉਣ ਤੋਂ ਬਾਅਦ ਬਾਲ ਭਲਾਈ ਕਮੇਟੀ, ਜਲੰਧਰ ਅੱਗੇ ਪੇਸ਼ ਕੀਤਾ ਗਿਆ। ਕਮੇਟੀ ਦੇ ਹੁਕਮਾਂ ਅਨੁਸਾਰ ਦੋਵਾਂ ਬੱਚੀਆਂ ਨੂੰ ਨਾਰੀ ਨਿਕੇਤਨ, ਜਲੰਧਰ ਵਿੱਚ ਆਸਰਾ ਮੁਹੱਈਆ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਬੱਚੀਆਂ ਦੇ ਮੁੜ ਵਸੇਬੇ, ਸਿੱਖਿਆ ਅਤੇ ਬਿਹਤਰ ਭਵਿੱਖ ਲਈ ਲੋੜੀਂਦੇ ਉਪਰਾਲੇ ਕੀਤੇ ਜਾਣਗੇ।
ਬਾਲ ਅਧਿਕਾਰਾਂ ਬਾਰੇ ਜਾਗਰੂਕਤਾ ਮੁਹਿੰਮ ਵੀ ਜਾਰੀ
ਅਜੇ ਭਾਰਤੀ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਸਮੇਂ-ਸਮੇਂ 'ਤੇ ਲੋਕਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਦੀ ਮਹੱਤਤਾ, ਬਾਲ ਮਜ਼ਦੂਰੀ, ਬਾਲ ਭਿੱਖਿਆ, ਬੱਚਿਆਂ ਨਾਲ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਵਰਗੇ ਸੰਵੇਦਨਸ਼ੀਲ ਮੁੱਦਿਆਂ ਬਾਰੇ ਵੀ ਜਾਗਰੂਕ ਕਰਦੀਆਂ ਰਹਿੰਦੀਆਂ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਬੱਚਾ ਭੀਖ ਮੰਗਦਾ ਹੋਇਆ ਨਜ਼ਰ ਆਵੇ ਜਾਂ ਕੋਈ ਬੱਚਾ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਵਿੱਚ ਫਸਿਆ ਹੋਵੇ, ਤਾਂ ਤੁਰੰਤ ਚਾਈਲਡ ਹੈਲਪਲਾਈਨ 1098 'ਤੇ ਸੰਪਰਕ ਕੀਤਾ ਜਾਵੇ ਜਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਗਾਂਧੀ ਵਨੀਤਾ ਆਸ਼ਰਮ, ਜਲੰਧਰ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਇਹ ਅਧਿਕਾਰੀ ਰਹੇ ਮੌਜੂਦ
ਰੈਸਕਿਊ ਮੁਹਿੰਮ ਵਿੱਚ ਲੀਗਲ ਕਮ ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ, ਸੋਸ਼ਲ ਵਰਕਰ ਰੈਨੂੰ ਬਾਲਾ ਅਤੇ ਕਮਲਪ੍ਰੀਤ ਕੌਰ, ਆਊਟਰੀਚ ਵਰਕਰ ਗੌਰਵ ਕੁਮਾਰ ਅਤੇ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਮਹਿਲਾ ਥਾਣੇ ਦੀ ਟੀਮ ਨੇ ਵੀ ਅਹਿਮ ਭੂਮਿਕਾ ਨਿਭਾਈ।