ਸੂਬੇ ਦੇ 23 ਵਿੱਚੋਂ 21 ਜ਼ਿਲ੍ਹਿਆਂ ਤੱਕ ਪਹੁੰਚਿਆ CSR ਪ੍ਰੋਗਰਾਮ, ਪੇਂਡੂ ਵਿਕਾਸ, ਸਿੱਖਿਆ, ਰੁਜ਼ਗਾਰ, ਸਿਹਤ ਅਤੇ ਕੁਦਰਤੀ ਸਰੋਤ ਪ੍ਰਬੰਧਨ ’ਤੇ ਵਿਸ਼ੇਸ਼ ਧਿਆਨ
ਜਲੰਧਰ, 25 ਅਗਸਤ: HDFC ਬੈਂਕ ਨੇ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਪ੍ਰੋਗਰਾਮ ‘ਪਰਿਵਰਤਨ’ ਰਾਹੀਂ ਪੰਜਾਬ ਵਿੱਚ ਹੁਣ ਤੱਕ 37 ਲੱਖ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਸਕਾਰਾਤਮਕ ਤੌਰ ’ਤੇ ਪ੍ਰਭਾਵਿਤ ਕਰਨ ਦਾ ਦਾਅਵਾ ਕੀਤਾ ਹੈ। ਬੈਂਕ ਮੁਤਾਬਕ 2015 ਤੋਂ ਪੰਜਾਬ ਵਿੱਚ ਚੱਲ ਰਹੀਆਂ ਇਨ੍ਹਾਂ ਪਹਿਲਕਦਮੀਆਂ ਦੀ ਪਹੁੰਚ ਸੂਬੇ ਦੇ 23 ਵਿੱਚੋਂ 21 ਜ਼ਿਲ੍ਹਿਆਂ ਤੱਕ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਦੋ ਖਾਹਿਸ਼ੀ (Aspirational) ਜ਼ਿਲ੍ਹੇ ਅਤੇ ਦੋ ਖਾਹਿਸ਼ੀ ਬਲਾਕ ਵੀ ਸ਼ਾਮਲ ਹਨ।
ਬੈਂਕ ਦੇ ‘ਪਰਿਵਰਤਨ’ ਪ੍ਰੋਗਰਾਮ ਤਹਿਤ ਮੁੱਖ ਤੌਰ ’ਤੇ ਪੇਂਡੂ ਵਿਕਾਸ, ਸਿੱਖਿਆ, ਹੁਨਰ ਵਿਕਾਸ ਤੇ ਰੁਜ਼ਗਾਰ, ਸਿਹਤ ਅਤੇ ਸਫਾਈ, ਵਿੱਤੀ ਸਾਖਰਤਾ ਤੇ ਸਮਾਵੇਸ਼ ਅਤੇ ਕੁਦਰਤੀ ਸਰੋਤ ਪ੍ਰਬੰਧਨ ’ਤੇ ਕੰਮ ਕੀਤਾ ਜਾ ਰਿਹਾ ਹੈ।
ਪੰਜਾਬ ਦੀਆਂ ਸਥਾਨਕ ਚੁਣੌਤੀਆਂ ’ਤੇ ਕੇਂਦਰਿਤ ਪ੍ਰੋਗਰਾਮ
ਬੈਂਕ ਮੁਤਾਬਕ ਪੰਜਾਬ ਵਿੱਚ ‘ਪਰਿਵਰਤਨ’ ਦੀਆਂ ਪਹਿਲਕਦਮੀਆਂ ਨੂੰ ਸੂਬੇ ਦੀਆਂ ਖਾਸ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਰਾਲੀ ਪ੍ਰਬੰਧਨ, ਨੌਜਵਾਨਾਂ ਲਈ ਸਥਾਨਕ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ, ਮਹਿਲਾਵਾਂ ਦੀ ਆਰਥਿਕ ਭਾਗੀਦਾਰੀ ਵਧਾਉਣਾ ਅਤੇ ਧਰਤੀ ਹੇਠਲੇ ਪਾਣੀ ’ਤੇ ਵਧ ਰਹੇ ਦਬਾਅ ਨੂੰ ਘਟਾਉਣ ਲਈ ਕਿਸਾਨਾਂ ਦੀ ਸਹਾਇਤਾ ਵਰਗੇ ਖੇਤਰ ਸ਼ਾਮਲ ਹਨ।
ਫਿਰੋਜ਼ਪੁਰ ਅਤੇ ਮੋਗਾ ਸਮੇਤ ਦੋ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਵੀ ਪ੍ਰੋਜੈਕਟ ਲਾਗੂ ਕੀਤੇ ਗਏ ਹਨ। ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੋਗਾ, ਮੋਹਾਲੀ, ਮੁਕਤਸਰ, ਪਠਾਨਕੋਟ, ਪਟਿਆਲਾ, ਸੰਗਰੂਰ ਅਤੇ ਤਰਨਤਾਰਨ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਪ੍ਰੋਗਰਾਮ ਚੱਲ ਰਹੇ ਹਨ।
ਕਿਸਾਨਾਂ ਲਈ ਸੂਖਮ ਸਿੰਚਾਈ ਤੋਂ ਮਸ਼ੀਨਰੀ ਬੈਂਕ ਤੱਕ
ਪੇਂਡੂ ਵਿਕਾਸ ਤਹਿਤ ਮੋਗਾ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਟਿਆਲਾ ਵਿੱਚ ਖੇਤੀਬਾੜੀ ਅਤੇ ਪੇਂਡੂ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰੋਗਰਾਮ ਚਲਾਏ ਜਾ ਰਹੇ ਹਨ।
ਕਿਸਾਨਾਂ ਨੂੰ ਸੂਖਮ ਸਿੰਚਾਈ ਪ੍ਰਣਾਲੀਆਂ, ਮਿੱਟੀ ਦੀ ਸਿਹਤ ਸਬੰਧੀ ਸਿਖਲਾਈ, ਮਸ਼ੀਨਰੀ ਬੈਂਕ, ਸਮੂਹਿਕ ਸਿੰਚਾਈ ਪ੍ਰਬੰਧ, ਕਸਟਮ ਹਾਇਰਿੰਗ ਸੈਂਟਰ ਅਤੇ ਤਕਨੀਕੀ ਸਿਖਲਾਈ ਨਾਲ ਜੋੜਿਆ ਜਾ ਰਿਹਾ ਹੈ। ਇਸ ਦੇ ਨਾਲ ਸੂਰਜੀ ਊਰਜਾ ਨਾਲ ਚੱਲਣ ਵਾਲੇ ਪਾਣੀ ਸ਼ੁੱਧੀਕਰਨ ਸਿਸਟਮ, ਸੋਲਰ ਸਟਰੀਟ ਲਾਈਟਾਂ, ਕੋਲਡ ਸਟੋਰੇਜ ਅਤੇ ਰਹਿੰਦ-ਖੂੰਹਦ ਪ੍ਰਬੰਧਨ ਵਰਗੀਆਂ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਹਨ।
10,500 ਦੇ ਕਰੀਬ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਦਾ ਲਾਭ
ਸਿੱਖਿਆ ਖੇਤਰ ਵਿੱਚ ਅੰਮ੍ਰਿਤਸਰ, ਫਰੀਦਕੋਟ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਆਧੁਨਿਕੀਕਰਨ ਦੇ ਕੰਮ ਕੀਤੇ ਗਏ ਹਨ।
ਬੈਂਕ ਮੁਤਾਬਕ 13 ਤੋਂ ਵੱਧ ਜ਼ਿਲ੍ਹਿਆਂ ਵਿੱਚ ICT ਲੈਬਾਂ, ਸਮਾਰਟ ਕਲਾਸਰੂਮ ਅਤੇ STEM ਸਿੱਖਣ ਸਾਧਨਾਂ ਰਾਹੀਂ ਲਗਭਗ 10,500 ਵਿਦਿਆਰਥੀਆਂ ਨੂੰ ਲਾਭ ਪਹੁੰਚਿਆ ਹੈ। ਸੋਲਰ ਪਾਵਰ ਨਾਲ ਚੱਲਣ ਵਾਲੀਆਂ ਕੰਪਿਊਟਰ ਲੈਬਾਂ, ਸਾਇੰਸ ਸੈਂਟਰ ਅਤੇ ਡਿਜੀਟਲ ਕਲਾਸਰੂਮ ਵੀ ਵਿਕਸਤ ਕੀਤੇ ਗਏ ਹਨ।
ਨੌਜਵਾਨਾਂ ਨੂੰ ਹੁਨਰ, ਮਹਿਲਾਵਾਂ ਨੂੰ ਆਰਥਿਕ ਮੌਕੇ
ਮੋਹਾਲੀ ਅਤੇ ਲੁਧਿਆਣਾ ਵਿੱਚ ਨੌਜਵਾਨਾਂ ਨੂੰ ਬੈਂਕਿੰਗ, IT, ਸਿਹਤ ਸੰਭਾਲ, ਰਿਟੇਲ ਅਤੇ ਮੀਡੀਆ ਨਾਲ ਸਬੰਧਤ ਰੁਜ਼ਗਾਰਮੁਖੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਕਾਊਂਸਲਿੰਗ, ਮੁਲਾਂਕਣ ਅਤੇ ਪਲੇਸਮੈਂਟ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਬਰਨਾਲਾ ਅਤੇ ਮੋਗਾ ਵਿੱਚ ‘STREE’ ਪ੍ਰੋਜੈਕਟ ਰਾਹੀਂ ਮਹਿਲਾ ਕਿਸਾਨਾਂ ਨੂੰ ਕਿਸਾਨ ਉਤਪਾਦਕ ਕੰਪਨੀਆਂ ਨਾਲ ਜੋੜਨ ਦੇ ਨਾਲ ਕਾਮਨ ਫੈਸਿਲਿਟੀ ਸੈਂਟਰ, ਡਿਜੀਟਲ ਸੇਵਾ ਕੇਂਦਰ ਅਤੇ ਮਾਰਕੀਟ ਲਿੰਕੇਜ ਮੁਹੱਈਆ ਕਰਵਾਏ ਜਾ ਰਹੇ ਹਨ।
ਮੋਗਾ, ਫਾਜ਼ਿਲਕਾ ਅਤੇ ਪਟਿਆਲਾ ਵਿੱਚ ਕਾਰੀਗਰਾਂ ਲਈ ਚੱਲ ਰਹੇ ਪ੍ਰੋਗਰਾਮਾਂ ਤਹਿਤ ਫੁਲਕਾਰੀ, ਕਰੋਸ਼ੀਆ ਅਤੇ ਹੋਰ ਰਵਾਇਤੀ ਕਲਾ-ਕਾਰੀਗਰੀ ਨੂੰ ਬਾਜ਼ਾਰ ਨਾਲ ਜੋੜਨ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।
ਸਿਹਤ ਸੇਵਾਵਾਂ ਅਤੇ ਕੈਂਸਰ ਇਲਾਜ ਲਈ ਸਹਾਇਤਾ
ਅੰਮ੍ਰਿਤਸਰ ਵਿੱਚ ਕੈਂਸਰ ਦੇ ਇਲਾਜ ਲਈ ਰੇਡੀਓਥੈਰੇਪੀ, ਟੈਲੀਥੈਰੇਪੀ, ਬ੍ਰੈਕੀਥੈਰੇਪੀ ਅਤੇ ਕੀਮੋਥੈਰੇਪੀ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਹਾਇਤਾ ਦਿੱਤੀ ਗਈ ਹੈ।
ਮੋਗਾ ਵਿੱਚ ਮੋਬਾਈਲ ਮੈਡੀਕਲ ਯੂਨਿਟ ਰਾਹੀਂ ਘੱਟ ਸਿਹਤ ਸਹੂਲਤਾਂ ਵਾਲੇ ਇਲਾਕਿਆਂ ਵਿੱਚ ਜਾਂਚ, ਦਵਾਈਆਂ, ਮਾਂ ਅਤੇ ਬੱਚੇ ਦੀ ਸਿਹਤ ਸੰਭਾਲ, ਅਨੀਮੀਆ ਸਕ੍ਰੀਨਿੰਗ ਅਤੇ ਗੈਰ-ਸੰਚਾਰੀ ਬਿਮਾਰੀਆਂ ਨਾਲ ਸਬੰਧਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਪਠਾਨਕੋਟ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਇੱਕ ਥੈਰੇਪੀ ਸੈਂਟਰ ਵਿੱਚ ਫਿਜ਼ੀਓਥੈਰੇਪੀ, ਆਕਿਊਪੇਸ਼ਨਲ ਥੈਰੇਪੀ ਅਤੇ ਹਾਈਡ੍ਰੋਥੈਰੇਪੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਪਰਾਲੀ ਪ੍ਰਬੰਧਨ ਅਤੇ ਸਾਫ਼ ਊਰਜਾ ’ਤੇ ਵੀ ਜ਼ੋਰ
ਸੰਗਰੂਰ ਅਤੇ ਲੁਧਿਆਣਾ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਬਾਇਓਮਾਸ ਪੈਲੇਟ, ਕੰਪੋਸਟਿੰਗ, ਪਰਾਲੀ ਆਧਾਰਿਤ ਬਾਇਓਗੈਸ ਪਲਾਂਟ ਅਤੇ ਕਿਸਾਨ ਸਿਖਲਾਈ ਵਰਗੇ ਪ੍ਰੋਗਰਾਮ ਚਲਾਏ ਜਾ ਰਹੇ ਹਨ।
ਮੋਗਾ, ਮੁਕਤਸਰ, ਮੋਹਾਲੀ, ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਪਠਾਨਕੋਟ ਅਤੇ ਜਲੰਧਰ ਵਿੱਚ ਸਰਕਾਰੀ ਅਤੇ ਜਨਤਕ ਸੰਸਥਾਵਾਂ ਵਿੱਚ ਰੂਫਟਾਪ ਸੋਲਰ ਸਿਸਟਮ, ਸਕੂਲਾਂ ਅਤੇ ਖੇਡ ਸਹੂਲਤਾਂ ਦਾ ਸੋਲਰਾਈਜ਼ੇਸ਼ਨ ਅਤੇ ਸੋਲਰ ਸਟਰੀਟ ਲਾਈਟਾਂ ਲਗਾਉਣ ਵਰਗੇ ਕੰਮ ਕੀਤੇ ਗਏ ਹਨ।
‘ਹਰ ਖੇਤਰ ਦੀ ਲੋੜ ਮੁਤਾਬਕ ਤਿਆਰ ਹੁੰਦੇ ਹਨ ਪ੍ਰੋਗਰਾਮ’
HDFC ਬੈਂਕ ਦੀ CSR ਮੁਖੀ ਨੁਸਰਤ ਪਠਾਨ ਨੇ ਕਿਹਾ ਕਿ CSR ਲਈ ਇੱਕੋ ਜਿਹਾ ਮਾਡਲ ਹਰ ਖੇਤਰ ਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੁਤਾਬਕ ‘ਪਰਿਵਰਤਨ’ ਤਹਿਤ ਸਥਾਨਕ ਲੋੜਾਂ ਅਤੇ ਚੁਣੌਤੀਆਂ ਦੇ ਆਧਾਰ ’ਤੇ ਪ੍ਰੋਗਰਾਮ ਤਿਆਰ ਅਤੇ ਲਾਗੂ ਕੀਤੇ ਜਾਂਦੇ ਹਨ।
HDFC ਬੈਂਕ ਦੇ ਬ੍ਰਾਂਚ ਬੈਂਕਿੰਗ ਹੈੱਡ, ਪੰਜਾਬ ਦਿਨੇਸ਼ ਲੁਥਰਾ ਨੇ ਕਿਹਾ ਕਿ ਬੈਂਕ ਪੰਜਾਬ ਵਿੱਚ ਵਿਆਪਕ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ ਇੱਕ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਕਾਰਪੋਰੇਟ ਸੰਸਥਾ ਵਜੋਂ ਲੋਕਾਂ ਅਤੇ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਅਰਥਪੂਰਨ ਬਦਲਾਅ ਲਿਆਉਣ ’ਤੇ ਵੀ ਧਿਆਨ ਦੇ ਰਿਹਾ ਹੈ।
ਬੈਂਕ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 31 ਮਾਰਚ 2026 ਤੱਕ ਦੇਸ਼ ਭਰ ਵਿੱਚ CSR ਪਹਿਲਕਦਮੀਆਂ ’ਤੇ 1,316 ਕਰੋੜ ਰੁਪਏ ਖਰਚ ਕੀਤੇ ਗਏ, ਜਦਕਿ ‘ਪਰਿਵਰਤਨ’ ਪ੍ਰੋਗਰਾਮ ਰਾਹੀਂ ਦੇਸ਼ ਭਰ ਵਿੱਚ 10.77 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚ ਬਣਾਈ ਗਈ ਹੈ।