ਵਾਸ਼ਿੰਗਟਨ : ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਅਮਰੀਕੀ ਸੰਸਦ ਮੈਂਬਰਾਂ ਸਾਹਮਣੇ ਬੰਦ ਕਮਰੇ ਵਿੱਚ ਹੋਈ ਪੁੱਛਗਿੱਛ ਦੌਰਾਨ ਮੰਨਿਆ ਕਿ ਦਿਵੰਗਤ ਫਾਇਨੈਂਸਰ ਜੇਫਰੀ ਐਪਸਟਿਨ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ "ਗੰਭੀਰ ਭੁੱਲ" ਸੀ। ਗੇਟਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਐਪਸਟਿਨ ਨਾਲ ਕੋਈ ਸੰਪਰਕ ਨਹੀਂ ਰੱਖਣਾ ਚਾਹੀਦਾ ਸੀ।
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਸਮੇਂ ਵਿੱਚ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਐਪਸਟਿਨ ਕਿਸੇ ਗੈਰ-ਕਾਨੂੰਨੀ ਗਤੀਵਿਧੀ ਨਾਲ ਜੁੜਿਆ ਹੋ ਸਕਦਾ ਹੈ। ਪਰ ਜਦੋਂ ਉਨ੍ਹਾਂ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕੀਤੀ ਤਾਂ ਐਪਸਟਿਨ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀਆਂ ਦੇ ਆਧਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ।
ਬਿਲ ਗੇਟਸ ਦੇ ਅਨੁਸਾਰ, ਐਪਸਟਿਨ ਨੂੰ ਉਨ੍ਹਾਂ ਦੇ ਨਿੱਜੀ ਸਬੰਧਾਂ ਅਤੇ ਵਿਆਹਸ਼ੁਦਾ ਜੀਵਨ ਬਾਰੇ ਕੁਝ ਜਾਣਕਾਰੀ ਸੀ, ਜਿਸ ਵਿੱਚ ਉਸ ਸਮੇਂ ਦੀ ਪਤਨੀ ਮੇਲਿੰਡਾ ਫ੍ਰੈਂਚ ਗੇਟਸ ਨਾਲ ਵਿਆਹ ਦੌਰਾਨ ਕਥਿਤ ਸਬੰਧਾਂ ਨਾਲ ਜੁੜੀਆਂ ਗੱਲਾਂ ਵੀ ਸ਼ਾਮਲ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਐਪਸਟਿਨ ਨੇ ਇਨ੍ਹਾਂ ਗੱਲਾਂ ਦਾ ਸਹਾਰਾ ਲੈ ਕੇ ਮੁੜ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋ ਸਕਿਆ।
ਗੇਟਸ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਇਹ ਘਟਨਾ ਦਰਸਾਉਂਦੀ ਹੈ ਕਿ ਐਪਸਟਿਨ ਆਪਣੇ ਨਿੱਜੀ ਹਿੱਤਾਂ ਲਈ ਲੋਕਾਂ ਨਾਲ ਬਣੇ ਸਬੰਧਾਂ ਦਾ ਗਲਤ ਫਾਇਦਾ ਉਠਾਉਂਦਾ ਸੀ।
ਹਾਊਸ ਓਵਰਸਾਈਟ ਕਮੇਟੀ ਅੱਗੇ ਗਵਾਹੀ ਦੇਣ ਵਾਲੇ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਬਿਲ ਗੇਟਸ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਕਮੇਟੀ ਦੇ ਚੇਅਰਮੈਨ ਜੇਮਸ ਕੋਮਰ ਵੱਲੋਂ ਉਨ੍ਹਾਂ ਨੂੰ ਅਧਿਕਾਰਕ ਤੌਰ 'ਤੇ ਤਲਬ ਕੀਤਾ ਗਿਆ ਸੀ। ਇਹ ਕਦਮ ਨਿਆਂ ਵਿਭਾਗ ਦੀ ਜਾਂਚ ਦੌਰਾਨ ਸਾਹਮਣੇ ਆਏ ਦਸਤਾਵੇਜ਼ਾਂ ਵਿੱਚ ਗੇਟਸ ਦਾ ਨਾਮ ਆਉਣ ਤੋਂ ਬਾਅਦ ਚੁੱਕਿਆ ਗਿਆ।
ਕੈਪਿਟਲ ਪਹੁੰਚਣ ਮੌਕੇ ਗੇਟਸ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਗਵਾਹੀ ਦੇਣ ਆਏ ਹਨ ਅਤੇ ਉਮੀਦ ਕਰਦੇ ਹਨ ਕਿ ਉਨ੍ਹਾਂ ਦਾ ਬਿਆਨ ਜਾਂਚ ਲਈ ਲਾਭਦਾਇਕ ਸਾਬਤ ਹੋਵੇਗਾ।
ਉਨ੍ਹਾਂ ਨੇ ਦੱਸਿਆ ਕਿ ਐਪਸਟਿਨ ਨਾਲ ਉਨ੍ਹਾਂ ਦੀ ਜਾਣ-ਪਛਾਣ ਪੇਸ਼ੇਵਰ ਅਤੇ ਸਮਾਜ ਸੇਵਾ ਨਾਲ ਜੁੜੀਆਂ ਗਤੀਵਿਧੀਆਂ ਰਾਹੀਂ ਹੋਈ ਸੀ। ਐਪਸਟਿਨ ਨੇ ਵਿਸ਼ਵ ਪੱਧਰੀ ਸਿਹਤ ਪ੍ਰੋਜੈਕਟਾਂ ਲਈ ਵੱਡੀ ਰਕਮ ਇਕੱਠੀ ਕਰਨ ਵਿੱਚ ਸਹਾਇਤਾ ਕਰਨ ਦੇ ਦਾਅਵੇ ਕੀਤੇ ਸਨ, ਜਿਸ ਕਾਰਨ ਉਹ ਉਸ ਤੋਂ ਪ੍ਰਭਾਵਿਤ ਹੋਏ ਸਨ।
ਹਾਲਾਂਕਿ, ਬਾਅਦ ਵਿੱਚ ਜਦੋਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਐਪਸਟਿਨ ਆਪਣੇ ਵਾਅਦਿਆਂ 'ਤੇ ਖਰਾ ਨਹੀਂ ਉਤਰ ਸਕਦਾ, ਤਾਂ ਉਨ੍ਹਾਂ ਨੇ ਸਾਲ 2014 ਵਿੱਚ ਉਸ ਨਾਲ ਆਪਣੇ ਸਾਰੇ ਸਬੰਧ ਖਤਮ ਕਰ ਦਿੱਤੇ।
ਬਿਲ ਗੇਟਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਦੇ ਵੀ ਐਪਸਟਿਨ ਦੇ ਵਿਵਾਦਿਤ ਟਾਪੂ ਜਾਂ ਉਸ ਦੀ ਕਿਸੇ ਹੋਰ ਚਰਚਿਤ ਜਾਇਦਾਦ 'ਤੇ ਨਹੀਂ ਗਏ।
ਆਪਣੀ ਵੈੱਬਸਾਈਟ "ਗੇਟਸ ਨੋਟਸ" 'ਤੇ ਜਾਰੀ ਬਿਆਨ ਵਿੱਚ ਗੇਟਸ ਨੇ ਕਿਹਾ ਕਿ ਜਾਨਾਂ ਬਚਾਉਣ ਵਾਲੇ ਕੰਮਾਂ ਅਤੇ ਭਾਈਵਾਲੀਆਂ ਵਿੱਚ ਭਰੋਸੇ ਅਤੇ ਸਾਖ ਦੀ ਸਭ ਤੋਂ ਵੱਧ ਮਹੱਤਤਾ ਹੁੰਦੀ ਹੈ। ਉਨ੍ਹਾਂ ਮੰਨਿਆ ਕਿ ਐਪਸਟਿਨ ਨਾਲ ਹੋਈਆਂ ਮੁਲਾਕਾਤਾਂ ਨੇ ਉਨ੍ਹਾਂ ਦੀ ਛਵੀ ਅਤੇ ਕੰਮਕਾਜ 'ਤੇ ਨਕਾਰਾਤਮਕ ਪ੍ਰਭਾਵ ਪਾਇਆ।
ਉਨ੍ਹਾਂ ਕਿਹਾ, "ਜੇ ਮੇਰੇ ਨਾਲ ਜੁੜੇ ਰਹਿਣ ਕਾਰਨ ਐਪਸਟਿਨ ਨੂੰ ਕਿਸੇ ਵੀ ਤਰ੍ਹਾਂ ਦੀ ਭਰੋਸੇਯੋਗਤਾ ਮਿਲੀ ਹੋਵੇ ਤਾਂ ਮੈਨੂੰ ਇਸ ਗੱਲ ਦਾ ਡੂੰਘਾ ਅਫਸੋਸ ਹੈ। ਇਸ ਘਟਨਾ ਤੋਂ ਮੈਂ ਵੱਡਾ ਸਬਕ ਸਿੱਖਿਆ ਹੈ ਅਤੇ ਹੁਣ ਮੈਂ ਇਸ ਗੱਲ ਨੂੰ ਲੈ ਕੇ ਹੋਰ ਵੀ ਸਾਵਧਾਨ ਹਾਂ ਕਿ ਮੈਂ ਕਿਸ ਨਾਲ ਸਬੰਧ ਬਣਾਉਂਦਾ ਹਾਂ।"