Monday, 24 August 2026
ਅੰਮ੍ਰਿਤਸਰ ਪੁਲਿਸ ਵੱਲੋਂ ਹਥਿਆਰਾਂ ਤੇ ਨਸ਼ਾ ਤਸਕਰੀ ਦੇ 3 ਨੈੱਟਵਰਕਾਂ ਦਾ ਪਰਦਾਫਾਸ਼, 9 ਪਿਸਤੌਲ ਤੇ 6.311 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਪੁਲਿਸ ਵੱਲੋਂ ਹਥਿਆਰਾਂ ਤੇ ਨਸ਼ਾ ਤਸਕਰੀ ਦੇ 3 ਨੈੱਟਵਰਕਾਂ ਦਾ ਪਰਦਾਫਾਸ਼, 9 ਪਿਸਤੌਲ ਤੇ 6.311 ਕਿਲੋ ਹੈਰੋਇਨ ਬਰਾਮਦ

ਨਾਬਾਲਗ ਸਮੇਤ 5 ਕਾਬੂ; ਤੁਰਕੀ, ਚੀਨ, ਆਸਟਰੀਆ ਅਤੇ ਇਟਲੀ ਦੇ ਬਣੇ ਹਥਿਆਰ ਬਰਾਮਦ, ਵਿਦੇਸ਼ੀ ਹੈਂਡਲਰਾਂ ਨਾਲ ਸੰਪਰਕ ਹੋਣ ਦਾ ਸ਼ੱਕ

ਅੰਮ੍ਰਿਤਸਰ, 24 ਅਗਸਤ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਤਿੰਨ ਵੱਖ-ਵੱਖ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇੱਕ ਨਾਬਾਲਗ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 9 ਗੈਰ-ਕਾਨੂੰਨੀ ਪਿਸਤੌਲ ਅਤੇ 6.311 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਮਵਾਰ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਨਾਲ ਕਥਿਤ ਸੰਪਰਕ ਸਾਹਮਣੇ ਆਏ ਹਨ। ਪੁਲਿਸ ਮੁਤਾਬਕ ਇਨ੍ਹਾਂ ਹੈਂਡਲਰਾਂ ਤੋਂ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਹਾਸਲ ਕਰਨ ਤੋਂ ਬਾਅਦ ਅੱਗੇ ਦੱਸੇ ਗਏ ਵਿਅਕਤੀਆਂ ਤੱਕ ਪਹੁੰਚਾਈਆਂ ਜਾਂਦੀਆਂ ਸਨ।

ਨਾਬਾਲਗ ਸਮੇਤ ਪੰਜ ਕਾਬੂ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰਮਾਨਦੀਪ ਸਿੰਘ (20) ਅਤੇ ਤੀਰਥ ਸਿੰਘ (20), ਦੋਵੇਂ ਵਾਸੀ ਪਿੰਡ ਸ਼ੇਖਮਾਂਗਾ, ਸੁਲਤਾਨਪੁਰ ਲੋਧੀ, ਕਪੂਰਥਲਾ; ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ (21) ਵਾਸੀ ਪਿੰਡ ਹੇਤਮਪੁਰਾ, ਅੰਮ੍ਰਿਤਸਰ ਦਿਹਾਤੀ ਅਤੇ ਕਮਲੇਸ਼ ਰਾਣੀ (65) ਵਾਸੀ ਇੰਦਰਾ ਕਾਲੋਨੀ, ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਇੱਕ ਨਾਬਾਲਗ ਨੂੰ ਵੀ ਕਾਬੂ ਕੀਤਾ ਗਿਆ ਹੈ।

ਵਿਦੇਸ਼ੀ ਬਣਾਵਟ ਦੇ 9 ਪਿਸਤੌਲ ਬਰਾਮਦ

ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਬਣੇ ਪਿਸਤੌਲ ਸ਼ਾਮਲ ਹਨ। ਇਨ੍ਹਾਂ ਵਿੱਚ ਤੁਰਕੀ ਦੇ ਬਣੇ ਤਿੰਨ .30 ਬੋਰ Zigana ਅਤੇ ਇੱਕ 9mm Zigana, ਚੀਨ ਦੇ ਬਣੇ ਤਿੰਨ .30 ਬੋਰ ਪਿਸਤੌਲ, ਆਸਟਰੀਆ ਦਾ ਬਣਿਆ ਇੱਕ 9mm Glock ਅਤੇ ਇਟਲੀ ਦਾ ਬਣਿਆ ਇੱਕ 9mm Beretta ਪਿਸਤੌਲ ਸ਼ਾਮਲ ਹੈ।

ਇਸ ਤੋਂ ਇਲਾਵਾ ਪੁਲਿਸ ਨੇ ਤਸਕਰੀ ਲਈ ਵਰਤੇ ਜਾਣ ਦੇ ਸ਼ੱਕ ਹੇਠ ਤਿੰਨ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ।

ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀਆਂ ਕਾਰਵਾਈਆਂ

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਮੁਤਾਬਕ ਇਹ ਕਾਰਵਾਈਆਂ ਖਾਸ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀਆਂ ਗਈਆਂ।

ਇੱਕ ਕਾਰਵਾਈ ਦੌਰਾਨ ਅਰਮਾਨਦੀਪ ਸਿੰਘ ਅਤੇ ਤੀਰਥ ਸਿੰਘ ਨੂੰ ਛੇ ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ।

ਇੱਕ ਹੋਰ ਕਾਰਵਾਈ ਵਿੱਚ ਨਾਬਾਲਗ ਨੂੰ ਕਰੀਬ 6.090 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਜਾਂਚ ਅੱਗੇ ਵਧਾਉਂਦਿਆਂ ਕਮਲੇਸ਼ ਰਾਣੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ 211 ਗ੍ਰਾਮ ਹੋਰ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ।

ਤਿੰਨ FIR ਦਰਜ, ਪੂਰੇ ਨੈੱਟਵਰਕ ਦੀ ਜਾਂਚ ਜਾਰੀ

ਪੁਲਿਸ ਨੇ ਇਸ ਸਬੰਧੀ ਅੰਮ੍ਰਿਤਸਰ ਦੇ ਕੈਂਟੋਨਮੈਂਟ ਅਤੇ ਛੇਹਰਟਾ ਪੁਲਿਸ ਥਾਣਿਆਂ ਵਿੱਚ ਤਿੰਨ ਵੱਖ-ਵੱਖ FIRs ਦਰਜ ਕੀਤੀਆਂ ਹਨ।

ਜਾਂਚ ਏਜੰਸੀਆਂ ਹੁਣ ਇਨ੍ਹਾਂ ਨੈੱਟਵਰਕਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕੇਜ ਦਾ ਪਤਾ ਲਗਾ ਰਹੀਆਂ ਹਨ। ਨਾਲ ਹੀ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਕਿਹੜੇ ਹੈਂਡਲਰ ਇਨ੍ਹਾਂ ਨਾਲ ਜੁੜੇ ਹੋਏ ਸਨ ਅਤੇ ਹਥਿਆਰਾਂ ਤੇ ਨਸ਼ਿਆਂ ਦੀਆਂ ਖੇਪਾਂ ਕਿਹੜੇ ਰਸਤੇ ਪੰਜਾਬ ਤੱਕ ਪਹੁੰਚ ਰਹੀਆਂ ਸਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਸਰਹੱਦ ਪਾਰ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਨੈੱਟਵਰਕਾਂ ਨੂੰ ਤੋੜਨ ਲਈ ਵਚਨਬੱਧ ਹੈ। ਮਾਮਲੇ ਵਿੱਚ ਹੋਰ ਮੁਲਜ਼ਮਾਂ ਦੀ ਪਛਾਣ ਅਤੇ ਪੂਰੇ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।

Published on: 24 Aug 2026

Editor Info

Pushpinder Kaur
publictimes@gmail.com
+91 84278 93668