ਸੰਗਠਨ ਮਹਾਮੰਤਰੀ ਸ੍ਰੀਨਿਵਾਸਲੂ ਨੇ ਵਰਕਰਾਂ ਨਾਲ ਕੀਤਾ ਸਿੱਧਾ ਸੰਵਾਦ; ਕੇ.ਡੀ. ਭੰਡਾਰੀ ਤੇ ਸ਼ੀਤਲ ਅੰਗੁਰਾਲ ਦੇ ਦਫ਼ਤਰਾਂ ’ਚ ਮੀਟਿੰਗਾਂ ਕਰਕੇ ਸੌਂਪੀਆਂ ਜ਼ਿੰਮੇਵਾਰੀਆਂ
ਜਲੰਧਰ, 27 ਸਤੰਬਰ: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੀ 30 ਸਤੰਬਰ ਨੂੰ ਜਲੰਧਰ ਵਿੱਚ ਹੋਣ ਵਾਲੀ ‘ਨਸ਼ਾ ਮੁਕਤ ਪੰਜਾਬ’ ਮਹਾਰੈਲੀ ਨੂੰ ਲੈ ਕੇ ਭਾਜਪਾ ਨੇ ਜਲੰਧਰ ਨਾਰਥ ਅਤੇ ਵੈਸਟ ਵਿਧਾਨ ਸਭਾ ਹਲਕਿਆਂ ਵਿੱਚ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਸਿਲਸਿਲੇ ਵਿੱਚ ਪੰਜਾਬ ਭਾਜਪਾ ਦੇ ਸੰਗਠਨ ਮਹਾਮੰਤਰੀ ਸ੍ਰੀਨਿਵਾਸਲੂ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਰੈਲੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਮੀਟਿੰਗਾਂ ਸਾਬਕਾ ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ ਅਤੇ ਪੰਜਾਬ ਭਾਜਪਾ ਐੱਸਸੀ ਮੋਰਚਾ ਦੇ ਪ੍ਰਧਾਨ ਸ਼ੀਤਲ ਅੰਗੁਰਾਲ ਦੇ ਦਫ਼ਤਰਾਂ ਵਿੱਚ ਹੋਈਆਂ। ਇਸ ਦੌਰਾਨ ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਸਮੇਤ ਨਾਰਥ ਅਤੇ ਵੈਸਟ ਹਲਕਿਆਂ ਦੇ ਮੰਡਲ, ਮੋਰਚਾ ਅਤੇ ਸੈੱਲ ਅਹੁਦੇਦਾਰਾਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਬੂਥ ਪੱਧਰ ਤੱਕ ਜਨ ਸੰਪਰਕ ਵਧਾਉਣ ’ਤੇ ਜ਼ੋਰ
ਮੀਟਿੰਗ ਦੌਰਾਨ ਸ੍ਰੀਨਿਵਾਸਲੂ ਨੇ ਬੂਥ ਪੱਧਰ ਤੱਕ ਜਨ ਸੰਪਰਕ, ਵਰਕਰਾਂ ਦੀ ਭਾਗੀਦਾਰੀ ਅਤੇ ਲੋਕਾਂ ਨੂੰ ਰੈਲੀ ਸਥਾਨ ਤੱਕ ਪਹੁੰਚਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ’ਤੇ ਚਰਚਾ ਕੀਤੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪਦਿਆਂ ਰੈਲੀ ਲਈ ਸੰਗਠਨਾਤਮਕ ਪੱਧਰ ’ਤੇ ਪੂਰੀ ਤਿਆਰੀ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੀ ਜਲੰਧਰ ਰੈਲੀ ਭਾਜਪਾ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਅਹਿਮ ਪੜਾਅ ਹੋਵੇਗੀ। ਪਾਰਟੀ ਦੀਆਂ ਚਾਰ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ 18 ਸਤੰਬਰ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀਆਂ ਹਨ ਅਤੇ 30 ਸਤੰਬਰ ਨੂੰ ਜਲੰਧਰ ਵਿੱਚ ਇਨ੍ਹਾਂ ਦਾ ਸਮਾਪਨ ਹੋਵੇਗਾ।
ਨਾਰਥ ਤੇ ਵੈਸਟ ਹਲਕਿਆਂ ’ਚ ਵਰਕਰਾਂ ਨਾਲ ਸੰਪਰਕ
ਕੇ.ਡੀ. ਭੰਡਾਰੀ ਅਤੇ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਦੋਵਾਂ ਵਿਧਾਨ ਸਭਾ ਹਲਕਿਆਂ ਵਿੱਚ ਮੰਡਲ, ਸ਼ਕਤੀ ਕੇਂਦਰ ਅਤੇ ਬੂਥ ਪੱਧਰ ਤੱਕ ਵਰਕਰਾਂ ਨਾਲ ਸੰਪਰਕ ਕਰਕੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਰੈਲੀ ਰਾਹੀਂ ਨਸ਼ਿਆਂ ਖ਼ਿਲਾਫ਼ ਜਨ-ਜਾਗਰੂਕਤਾ ਦਾ ਸੰਦੇਸ਼ ਦੇਣਾ ਚਾਹੁੰਦੀ ਹੈ।
ਪਰਾਗਪੁਰ ਜੀਟੀ ਰੋਡ ਨੇੜੇ ਰੈਲੀ ਲਈ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਤਾਜ਼ਾ ਰਿਪੋਰਟਾਂ ਮੁਤਾਬਕ ਰੈਲੀ ਸਥਾਨ ਦਾ ਦਾਇਰਾ ਵਧਾ ਕੇ ਕਰੀਬ 63 ਏਕੜ ਤੱਕ ਕੀਤਾ ਗਿਆ ਹੈ, ਜਿਸ ਵਿੱਚ ਪੰਡਾਲ, ਪਾਰਕਿੰਗ ਅਤੇ ਹੋਰ ਪ੍ਰਬੰਧ ਸ਼ਾਮਲ ਹਨ।
ਮੀਟਿੰਗ ਵਿੱਚ ਸੀਨੀਅਰ ਭਾਜਪਾ ਆਗੂ ਦਿਨੇਸ਼ ਢੱਲ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਰਾਜੂ ਮਾਗੋ, ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਆਰ.ਕੇ. ਮਲਹੋਤਰਾ, ਕੁਲਵੰਤ ਸ਼ਰਮਾ, ਗੁਰਪ੍ਰੀਤ ਵਿੱਕੀ, ਆਸ਼ੀਸ਼ ਸਹਿਗਲ, ਰਵੀ ਕੁਮਾਰ, ਗੁਰਦੀਪ ਫੌਜੀ, ਭਗਵੰਤ ਪ੍ਰਭਾਕਰ, ਗੋਪਾਲ ਕ੍ਰਿਸ਼ਨ ਸੋਨੀ, ਨਰੇਸ਼ ਸ਼ਰਮਾ, ਤਰਵਿੰਦਰ ਸੋਈ, ਕ੍ਰਿਸ਼ਨਾ ਮਿਨੀਆ, ਰਿਸ਼ੀ ਬਹਿਲ, ਮਨੀਸ਼ ਬਲ, ਸੋਨੂ ਚੌਹਾਨ, ਅਜੈ ਠਾਕੁਰ, ਗੋਲਡੀ ਭਗਤ, ਸੁਨੀਲ ਚੋਪੜਾ, ਕੁਮੁਦ ਸ਼ਰਮਾ, ਸੁਮਨ ਰਾਣਾ, ਰਜਨੀ ਕੁਮਾਰੀ, ਰਿੰਕੂ ਬਾਲੀ, ਗੌਰਵ ਲੂਥਰਾ, ਸੁਮਿਤ ਸ਼ਰਮਾ, ਅਜੈ ਵਰਮਾ, ਸੁਸ਼ਾਂਤ ਕੋਹਲੀ, ਪੰਕਜ ਸਾਰੰਗਲ, ਦੀਪਕ ਬਾਵਾ, ਵਰੁਣ ਤਨੇਜਾ ਅਤੇ ਹੋਰ ਪਾਰਟੀ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।