Thursday, 2 July 2026
ਆਸਟ੍ਰੇਲੀਆ ਭੇਜਣ ਦੇ ਨਾਂ 'ਤੇ 12.20 ਲੱਖ ਰੁਪਏ ਦੀ ਠੱਗੀ, ਏਜੰਟ ਦੰਪਤੀ ਖ਼ਿਲਾਫ਼ ਕੇਸ ਦਰਜ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ 12.20 ਲੱਖ ਰੁਪਏ ਦੀ ਠੱਗੀ, ਏਜੰਟ ਦੰਪਤੀ ਖ਼ਿਲਾਫ਼ ਕੇਸ ਦਰਜ

ਗੁਰਦਾਸਪੁਰ, 2 ਜੁਲਾਈ: ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਲੋਕਾਂ ਨਾਲ ਠੱਗੀ ਕਰਨ ਵਾਲੇ ਫਰਜ਼ੀ ਟਰੈਵਲ ਏਜੰਟਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਭੈਣੀ ਮੀਆਂ ਖਾਂ ਪੁਲਿਸ ਨੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 12 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਏਜੰਟ ਦੰਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਮਾਮਲੇ ਸਬੰਧੀ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਖੈਰਾ ਕੋਟਲੀ ਦੇ ਰਹਿਣ ਵਾਲੇ ਗੁਰਮੁਖ ਸਿੰਘ ਪੁੱਤਰ ਚਰਨ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਪਿੰਡ ਫੇਰੋਚੇਚੀ ਦੇ ਰਹਿਣ ਵਾਲੇ ਮੰਗਲ ਸਿੰਘ ਪੁੱਤਰ ਸੱਜਣ ਸਿੰਘ ਅਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਨੇ ਉਸ ਦੇ ਪੁੱਤਰ ਜਰਮਨਜੀਤ ਸਿੰਘ ਅਤੇ ਨੂੰਹ ਜੋਬਨਪ੍ਰੀਤ ਕੌਰ ਨੂੰ ਵਰਕ ਪਰਮਿਟ 'ਤੇ ਆਸਟ੍ਰੇਲੀਆ ਭੇਜਣ ਦਾ ਭਰੋਸਾ ਦੇ ਕੇ ਉਨ੍ਹਾਂ ਤੋਂ 12 ਲੱਖ 20 ਹਜ਼ਾਰ ਰੁਪਏ ਲੈ ਲਏ।

ਸ਼ਿਕਾਇਤ ਮੁਤਾਬਕ ਪੈਸੇ ਲੈਣ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਆਸਟ੍ਰੇਲੀਆ ਭੇਜਿਆ ਗਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਕੋਲ ਇਨਸਾਫ਼ ਲਈ ਪਹੁੰਚ ਕੀਤੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਡੀਐੱਸਪੀ (ਦਿਹਾਤੀ) ਵੱਲੋਂ ਕੀਤੀ ਗਈ, ਜਿਸ ਵਿੱਚ ਦੋਸ਼ਾਂ ਨੂੰ ਪਹਿਲੀ ਨਜ਼ਰ ਵਿੱਚ ਸਹੀ ਪਾਏ ਜਾਣ ਤੋਂ ਬਾਅਦ ਮੰਗਲ ਸਿੰਘ ਅਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਖ਼ਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Published on: 02 Jul 2026

Editor Info

Pushpinder Kaur
publictimes@gmail.com
+91 84278 93668