ਜਲੰਧਰ, 9 ਜੂਨ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਪ੍ਰਤੀਨਿਧਤਾ ਐਕਟ 1950 ਅਤੇ ਸੰਵਿਧਾਨ ਦੇ ਆਰਟੀਕਲ 324 ਤਹਿਤ ਵੋਟਰ ਸੂਚੀਆਂ ਨੂੰ ਹੋਰ ਵੱਧ ਸਹੀ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣ ਲਈ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਮੁਹਿੰਮ ਸਬੰਧੀ ਅੱਜ ਜਲੰਧਰ ਦੇ ਲਾਇਨਜ਼ ਕਲੱਬ ਵਿੱਚ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਦੀ ਅਗਵਾਈ ਭਾਜਪਾ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਰਾਸ਼ਟਰੀ ਸਕੱਤਰ ਓ.ਪੀ. ਧਨਖੜ ਨੇ ਕੀਤੀ। ਇਸ ਮੌਕੇ ਓ.ਪੀ. ਅਰੋੜਾ ਨੇ ਹਾਜ਼ਰ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਐੱਸ.ਆਈ.ਆਰ. ਮੁਹਿੰਮ ਦੇ ਉਦੇਸ਼ਾਂ ਅਤੇ ਇਸ ਦੀ ਲੋੜ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਯਤਨ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਹੈ ਕਿ ਹਰ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੋਵੇ ਅਤੇ ਕਿਸੇ ਵੀ ਅਯੋਗ ਵਿਅਕਤੀ ਨੂੰ ਸੂਚੀ ਵਿੱਚ ਥਾਂ ਨਾ ਮਿਲੇ।
ਉਨ੍ਹਾਂ ਦੱਸਿਆ ਕਿ ਹਰ ਭਾਰਤੀ ਨਾਗਰਿਕ, ਜਿਸ ਨੇ ਨਿਰਧਾਰਿਤ ਤਾਰੀਖ ਤੱਕ 18 ਸਾਲ ਦੀ ਉਮਰ ਪੂਰੀ ਕਰ ਲਈ ਹੈ ਅਤੇ ਜੋ ਕਿਸੇ ਕਾਨੂੰਨੀ ਰੋਕ ਦੇ ਅਧੀਨ ਨਹੀਂ ਆਉਂਦਾ, ਨੂੰ ਵੋਟ ਬਣਵਾਉਣ ਦਾ ਪੂਰਾ ਅਧਿਕਾਰ ਹੈ। ਚੋਣ ਕਮਿਸ਼ਨ ਦੀ ਇਹ ਪਹਿਲ ਲੋਕਤੰਤਰਿਕ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੰਗਠਨ ਮੰਤਰੀ ਸ਼੍ਰੀ ਮੰਤਰੀ ਸ੍ਰੀਨਿਵਾਸਲੂ ਨੇ ਕਿਹਾ ਕਿ ਪਾਰਟੀ ਹਮੇਸ਼ਾ ਲੋਕਤੰਤਰੀ ਮੂਲਿਆਂ ਅਤੇ ਰਾਸ਼ਟਰੀ ਹਿੱਤਾਂ ਨੂੰ ਪ੍ਰਮੁੱਖਤਾ ਦਿੰਦੀ ਆਈ ਹੈ। ਉਨ੍ਹਾਂ ਬੂਥ ਪੱਧਰ ਦੇ ਵਰਕਰਾਂ ਅਤੇ ਬੀ.ਐੱਲ.ਏ.-1 ਅਤੇ ਬੀ.ਐੱਲ.ਏ.-2 ਨੂੰ ਆਪਣੇ ਖੇਤਰਾਂ ਵਿੱਚ ਵੋਟਰ ਸੂਚੀਆਂ ਦੀ ਗਹਿਰਾਈ ਨਾਲ ਜਾਂਚ ਕਰਨ ਅਤੇ ਯੋਗ ਨਾਗਰਿਕਾਂ ਦੇ ਨਾਮ ਦਰਜ ਕਰਵਾਉਣ ਲਈ ਸਰਗਰਮੀ ਨਾਲ ਕੰਮ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਕਾਰਕੁਨ ਚੋਣ ਕਮਿਸ਼ਨ ਦੀ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪੂਰੇ ਸਮਰਪਣ ਨਾਲ ਕੰਮ ਕਰੇਗਾ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਏਗਾ।
ਓ.ਪੀ. ਧਨਖੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਹੀ ਅਤੇ ਅਪਡੇਟ ਵੋਟਰ ਸੂਚੀ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਦੀ ਬੁਨਿਆਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰ ਇਸ ਜਾਗਰੂਕਤਾ ਮੁਹਿੰਮ ਨੂੰ ਹਰ ਘਰ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਇਸ ਮੌਕੇ ਪ੍ਰਦੇਸ਼ ਮਹਾਮੰਤਰੀ ਅਨਿਲ ਸਰੀਨ, ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਅਵਿਨਾਸ਼ ਚੰਦਰ, ਸਰਬਜੀਤ ਸਿੰਘ ਮੱਕੜ, ਜਗਬੀਰ ਸਿੰਘ ਬਰਾੜ, ਜ਼ਿਲ੍ਹਾ ਜਲੰਧਰ ਦਿਹਾਤੀ ਸਾਊਥ ਦੇ ਪ੍ਰਧਾਨ ਮਨੀਸ਼ ਧੀਰ, ਜ਼ਿਲ੍ਹਾ ਉਪ ਪ੍ਰਧਾਨ ਭੂਪੇਂਦਰ ਕੁਮਾਰ ਅਤੇ ਜਲੰਧਰ ਦਿਹਾਤੀ ਉੱਤਰੀ ਦੇ ਪ੍ਰਧਾਨ ਰਣਜੀਤ ਸਿੰਘ ਪਵਾਰ ਸਮੇਤ ਵੱਡੀ ਗਿਣਤੀ ਵਿੱਚ ਮੰਡਲ ਪ੍ਰਧਾਨ, ਸ਼ਕਤੀ ਕੇਂਦਰ