Sunday, 30 August 2026
ਤਾਸ਼ਕੰਦ ’ਚ PM ਮੋਦੀ ਦਾ ਭਾਰਤੀ ਭਾਈਚਾਰੇ ਵੱਲੋਂ ਸ਼ਾਨਦਾਰ ਸਵਾਗਤ, ਭਾਰਤ-ਉਜ਼ਬੇਕਿਸਤਾਨ ਸੱਭਿਆਚਾਰ ਦੀ ਦਿਖੀ ਖੂਬਸੂਰਤ ਝਲਕ

ਤਾਸ਼ਕੰਦ ’ਚ PM ਮੋਦੀ ਦਾ ਭਾਰਤੀ ਭਾਈਚਾਰੇ ਵੱਲੋਂ ਸ਼ਾਨਦਾਰ ਸਵਾਗਤ, ਭਾਰਤ-ਉਜ਼ਬੇਕਿਸਤਾਨ ਸੱਭਿਆਚਾਰ ਦੀ ਦਿਖੀ ਖੂਬਸੂਰਤ ਝਲਕ

ਕਥਕ ਤੋਂ ਲੈ ਕੇ ਬਾਲੀਵੁੱਡ ਗੀਤਾਂ ਤੱਕ ਰੰਗਾਰੰਗ ਪੇਸ਼ਕਾਰੀਆਂ; ਦੋ ਦਿਨਾਂ ਦੌਰੇ ’ਤੇ ਉਜ਼ਬੇਕਿਸਤਾਨ ਪਹੁੰਚੇ ਪ੍ਰਧਾਨ ਮੰਤਰੀ

ਤਾਸ਼ਕੰਦ, 29 ਅਗਸਤ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਨੀਵਾਰ ਸ਼ਾਮ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਪਹੁੰਚਣ ’ਤੇ ਭਾਰਤੀ ਭਾਈਚਾਰੇ ਵੱਲੋਂ ਨਿੱਘਾ ਅਤੇ ਰੰਗਾਰੰਗ ਸਵਾਗਤ ਕੀਤਾ ਗਿਆ। ਇਸ ਮੌਕੇ ਹੋਈਆਂ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਭਾਰਤ ਅਤੇ ਉਜ਼ਬੇਕਿਸਤਾਨ ਦੀਆਂ ਸਾਂਝੀਆਂ ਸੱਭਿਆਚਾਰਕ ਰਵਾਇਤਾਂ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੀ।

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਸਮਾਗਮ ਦੀਆਂ ਝਲਕੀਆਂ ਸਾਂਝੀਆਂ ਕਰਦਿਆਂ ਇਸ ਨੂੰ ਭਾਰਤ-ਉਜ਼ਬੇਕਿਸਤਾਨ ਸੱਭਿਆਚਾਰਕ ਸਬੰਧਾਂ ਦਾ ਖੁਸ਼ਨੁਮਾ ਜਸ਼ਨ ਦੱਸਿਆ।

‘ਉੜੇ ਜਬ ਜਬ ਜ਼ੁਲਫੇਂ ਤੇਰੀ’ ’ਤੇ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ

ਸੱਭਿਆਚਾਰਕ ਸਮਾਗਮ ਦੌਰਾਨ ਭਾਰਤੀ ਅਤੇ ਉਜ਼ਬੇਕ ਕਲਾ ਰੂਪਾਂ ਦਾ ਸੁਮੇਲ ਦੇਖਣ ਨੂੰ ਮਿਲਿਆ। ਬਾਲੀਵੁੱਡ ਬੈਟਲ ਗਰੁੱਪ ਵੱਲੋਂ ਮਸ਼ਹੂਰ ਹਿੰਦੀ ਫਿਲਮੀ ਗੀਤ ‘ਉੜੇ ਜਬ ਜਬ ਜ਼ੁਲਫੇਂ ਤੇਰੀ’ ’ਤੇ ਪੇਸ਼ਕਾਰੀ ਕੀਤੀ ਗਈ।

ਇਸ ਤੋਂ ਇਲਾਵਾ ਭਾਰਤੀ ਸ਼ਾਸਤਰੀ ਨਾਚ ਕਥਕ ਅਤੇ ਉਜ਼ਬੇਕਿਸਤਾਨ ਦੇ ਅੰਦਿਜਾਨ ਪੋਲਕਾ ਦਾ ਫਿਊਜ਼ਨ ਵੀ ਪੇਸ਼ ਕੀਤਾ ਗਿਆ। ਲਾਲ ਬਹਾਦੁਰ ਸ਼ਾਸਤਰੀ ਸੈਂਟਰ ਫਾਰ ਇੰਡੀਅਨ ਕਲਚਰ ਦੇ ਵਿਦਿਆਰਥੀਆਂ ਵੱਲੋਂ ਕਥਕ ਦੀ ਪੇਸ਼ਕਾਰੀ ਨੇ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ।

ਰਾਸ਼ਟਰਪਤੀ ਮਿਰਜ਼ਿਯੋਯੇਵ ਨੇ ਕੀਤਾ ਸਵਾਗਤ

ਪ੍ਰਧਾਨ ਮੰਤਰੀ ਮੋਦੀ 29 ਤੋਂ 30 ਅਗਸਤ ਤੱਕ ਦੋ ਦਿਨਾਂ ਦੇ ਸਰਕਾਰੀ ਦੌਰੇ ’ਤੇ ਉਜ਼ਬੇਕਿਸਤਾਨ ਪਹੁੰਚੇ ਹਨ। ਉਨ੍ਹਾਂ ਦਾ ਇਹ ਉਜ਼ਬੇਕਿਸਤਾਨ ਦਾ ਚੌਥਾ ਦੌਰਾ ਹੈ, ਜੋ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਯੇਵ ਦੇ ਸੱਦੇ ’ਤੇ ਹੋ ਰਿਹਾ ਹੈ।

ਤਾਸ਼ਕੰਦ ਪਹੁੰਚਣ ’ਤੇ ਰਾਸ਼ਟਰਪਤੀ ਮਿਰਜ਼ਿਯੋਯੇਵ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਮੋਦੀ ਨੇ ਯਾਂਗੀ ਉਜ਼ਬੇਕਿਸਤਾਨ ਪਾਰਕ ਦਾ ਦੌਰਾ ਕਰਕੇ ਇੰਡੀਪੈਂਡੈਂਸ ਮੋਨਿਊਮੈਂਟ ’ਤੇ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਦੀ ਯਾਤਰਾ ਦੇ ਸਨਮਾਨ ਵਿੱਚ ਤਾਸ਼ਕੰਦ ਦੀਆਂ ਕਈ ਪ੍ਰਮੁੱਖ ਇਮਾਰਤਾਂ ਅਤੇ ਥਾਵਾਂ ਨੂੰ ਭਾਰਤੀ ਤਿਰੰਗੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ।

ਭਾਰਤੀ ਭਾਈਚਾਰਾ ਦੋਵਾਂ ਦੇਸ਼ਾਂ ਵਿਚਾਲੇ ‘ਜੀਵੰਤ ਪੁਲ’

ਉਜ਼ਬੇਕਿਸਤਾਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਵਿਦਿਆਰਥੀ ਵੀ ਸ਼ਾਮਲ ਹਨ। ਦੋਵਾਂ ਦੇਸ਼ਾਂ ਵਿਚਾਲੇ ਲੋਕ-ਪੱਧਰੀ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਇਸ ਭਾਈਚਾਰੇ ਨੂੰ ਇੱਕ ‘ਜੀਵੰਤ ਪੁਲ’ ਵਜੋਂ ਦੇਖਿਆ ਜਾਂਦਾ ਹੈ।

ਦੌਰੇ ਦੌਰਾਨ ਯੋਗਾ ਫੈਡਰੇਸ਼ਨ ਆਫ ਉਜ਼ਬੇਕਿਸਤਾਨ ਵੱਲੋਂ ਯੋਗ ਸੈਸ਼ਨ ਵੀ ਕਰਵਾਇਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਤਾਸ਼ਕੰਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਯਾਦਗਾਰ ’ਤੇ ਵੀ ਸ਼ਰਧਾਂਜਲੀ ਭੇਟ ਕੀਤੀ।

ਭਾਰਤ-ਉਜ਼ਬੇਕਿਸਤਾਨ ਸਬੰਧ ਹੋਣਗੇ ਹੋਰ ਮਜ਼ਬੂਤ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮਿਰਜ਼ਿਯੋਯੇਵ ਵਿਚਾਲੇ ਵਫ਼ਦ ਪੱਧਰੀ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਨੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਦੋਵਾਂ ਪੱਖਾਂ ਵੱਲੋਂ ਵਪਾਰ ਅਤੇ ਨਿਵੇਸ਼, ਰੱਖਿਆ, ਡਿਜੀਟਲ ਕਨੈਕਟੀਵਿਟੀ, ਊਰਜਾ, ਕ੍ਰਿਟੀਕਲ ਮਿਨਰਲਜ਼, ਬੁਨਿਆਦੀ ਢਾਂਚਾ, ਸਿੱਖਿਆ ਅਤੇ ਸੱਭਿਆਚਾਰ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਬਣੀ।

ਦੋਵਾਂ ਦੇਸ਼ਾਂ ਨੇ ਦੁਵੱਲੇ ਵਪਾਰ ਨੂੰ 2030 ਤੱਕ 5 ਅਰਬ ਡਾਲਰ ਤੋਂ ਵੱਧ ਕਰਨ ਦਾ ਟੀਚਾ ਵੀ ਰੱਖਿਆ। ਦੌਰੇ ਦੌਰਾਨ ਸੱਭਿਆਚਾਰ, ਸਿੱਖਿਆ, ਸੈਰ-ਸਪਾਟਾ ਅਤੇ ਵਾਤਾਵਰਣ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਤ ਕਈ ਸਮਝੌਤਿਆਂ ਅਤੇ MoUs ’ਤੇ ਵੀ ਦਸਤਖ਼ਤ ਕੀਤੇ ਗਏ।

ਪ੍ਰਧਾਨ ਮੰਤਰੀ ਮੋਦੀ ਨੂੰ ਉਜ਼ਬੇਕਿਸਤਾਨ ਦੇ ਉੱਚ ਰਾਜ ਸਨਮਾਨ ‘ਆਰਡਰ ਆਫ ਸੁਪਰੀਮ ਫ੍ਰੈਂਡਸ਼ਿਪ’ ਨਾਲ ਵੀ ਸਨਮਾਨਿਤ ਕੀਤਾ ਗਿਆ।

ਉਜ਼ਬੇਕਿਸਤਾਨ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਕਿਰਗਿਜ਼ ਗਣਰਾਜ ਦੇ ਬਿਸ਼ਕੇਕ ਜਾਣ ਦਾ ਪ੍ਰੋਗਰਾਮ ਹੈ, ਜਿੱਥੇ ਉਹ 26ਵੇਂ ਸ਼ੰਘਾਈ ਸਹਿਯੋਗ ਸੰਗਠਨ (SCO) ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।

1/2

Published on: 30 Aug 2026

Editor Info

Pushpinder Kaur
publictimes@gmail.com
+91 84278 93668