ਸਤੰਬਰ ’ਚ ਜਲੰਧਰ ਜ਼ਿਲ੍ਹੇ ਦੇ 6 ਖੇਤਰਾਂ ’ਚ ਹੋਣਗੇ ਸ਼ਾਨਦਾਰ ਸ਼ੋਅ; ਗੁਰੂ ਜੀ ਦੇ ਜੀਵਨ, ਫ਼ਲਸਫੇ ਤੇ ਸਿੱਖਿਆਵਾਂ ਨੂੰ ਡ੍ਰੋਨ ਰਾਹੀਂ ਕੀਤਾ ਜਾਵੇਗਾ ਪੇਸ਼
ਜਲੰਧਰ, 30 ਅਗਸਤ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਭਰ ਵਿੱਚ ਡ੍ਰੋਨ ਸ਼ੋਅ ਕਰਵਾਏ ਜਾਣਗੇ। ਇਸ ਲੜੀ ਤਹਿਤ ਸਤੰਬਰ ਮਹੀਨੇ ਦੌਰਾਨ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ 6 ਸ਼ਾਨਦਾਰ ਡ੍ਰੋਨ ਸ਼ੋਅ ਕਰਵਾਉਣ ਦੀ ਯੋਜਨਾ ਹੈ।
ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਅਤੇ ਪੰਜਾਬ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਅਤੇ ਸੰਤ ਸਮਾਜ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਡ੍ਰੋਨ ਸ਼ੋਅ ਦੌਰਾਨ ਆਕਾਸ਼ ਵਿੱਚ ਬਣਾਏ ਜਾਣ ਵਾਲੇ ਸ਼ਾਨਦਾਰ ਦ੍ਰਿਸ਼ਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਫ਼ਲਸਫੇ ਅਤੇ ਸਿੱਖਿਆਵਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ।
ਜਲੰਧਰ ਦੇ ਇਨ੍ਹਾਂ 6 ਖੇਤਰਾਂ ’ਚ ਹੋਣਗੇ ਡ੍ਰੋਨ ਸ਼ੋਅ
ਜਲੰਧਰ ਜ਼ਿਲ੍ਹੇ ਵਿੱਚ ਹੋਣ ਵਾਲੇ ਛੇ ਡ੍ਰੋਨ ਸ਼ੋਅ ਜਲੰਧਰ ਸ਼ਹਿਰ, ਨਕੋਦਰ, ਸ਼ਾਹਕੋਟ, ਫਿਲੌਰ, ਆਦਮਪੁਰ ਅਤੇ ਕਰਤਾਰਪੁਰ ਖੇਤਰਾਂ ਨੂੰ ਕਵਰ ਕਰਨਗੇ।
ਮੰਤਰੀ ਮੋਹਿੰਦਰ ਭਗਤ ਅਤੇ ਦੀਪਕ ਬਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ।
ਇਸ ਲੜੀ ਤਹਿਤ ਦਸਤਾਵੇਜ਼ੀ ਫਿਲਮਾਂ ਦਾ ਪ੍ਰਦਰਸ਼ਨ, ਬੂਟੇ ਲਗਾਉਣ ਦੀਆਂ ਮੁਹਿੰਮਾਂ, ਕੀਰਤਨ ਦਰਬਾਰ, ਸੈਮੀਨਾਰ ਅਤੇ ਮੈਰਾਥਨ ਵਰਗੇ ਪ੍ਰੋਗਰਾਮ ਪਹਿਲਾਂ ਹੀ ਕਰਵਾਏ ਜਾ ਚੁੱਕੇ ਹਨ।
ਸਾਲ ਦੇ ਅਖੀਰ ਤੱਕ ਜਾਰੀ ਰਹਿਣਗੇ ਸਮਾਗਮ
ਅਧਿਕਾਰੀਆਂ ਮੁਤਾਬਕ ਅਗਲੇ ਪੜਾਅ ਵਿੱਚ ਡ੍ਰੋਨ ਸ਼ੋਅ, ਸਾਈਕਲੋਥੋਨ, ਸ਼ੋਭਾ ਯਾਤਰਾਵਾਂ ਅਤੇ ਹੋਰ ਸਮਾਗਮ ਕਰਵਾਏ ਜਾਣਗੇ। ਇਹ ਪ੍ਰੋਗਰਾਮ ਸਾਲ 2026 ਦੇ ਅਖੀਰ ਤੱਕ ਜਾਰੀ ਰਹਿਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਮਕਸਦ ਸ੍ਰੀ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਅਤੇ ਵਿਸ਼ਵ ਭਾਈਚਾਰੇ, ਸਮਾਜਿਕ ਬਰਾਬਰੀ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨਾ ਹੈ।
ਸੰਤ ਸਮਾਜ ਨੇ ਦਿੱਤਾ ਸਹਿਯੋਗ ਦਾ ਭਰੋਸਾ
ਮੀਟਿੰਗ ਦੌਰਾਨ ਸੰਤ ਸਮਾਜ ਦੇ ਪ੍ਰਮੁੱਖ ਮੈਂਬਰਾਂ ਸੰਤ ਨਿਰਮਲ ਦਾਸ ਜੀ ਜੌੜੇ ਵਾਲੇ, ਭੈਣ ਸੰਤੋਸ਼ ਜੀ ਅਤੇ ਖੁਰਾਲਗੜ੍ਹ ਸਾਹਿਬ ਤੋਂ ਸੰਤ ਸਤਵਿੰਦਰ ਹੀਰਾ ਜੀ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮਾਗਮਾਂ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਅਤੇ ਇੰਦਰਜੀਤ ਕੌਰ ਮਾਨ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ, ਪੰਜਾਬ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾਰੀ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੋਂ ਇਲਾਵਾ ਸੀਨੀਅਰ ‘ਆਪ’ ਆਗੂ ਪਿੰਦਰ ਪੰਡੋਰੀ, ਸੱਜਣ ਸਿੰਘ ਚੀਮਾ, ਰਾਜਵਿੰਦਰ ਕੌਰ ਥਿਆੜਾ ਅਤੇ ਹਰਜੋਤ ਕੌਰ ਵੀ ਮੌਜੂਦ ਸਨ।