Wednesday, 9 September 2026
ਸਿਵਲ ਵੈਟਰਨਰੀ ਹਸਪਤਾਲ ਤਲ੍ਹਣ ਵਿਖੇ ਪਸ਼ੂ ਭਲਾਈ ਤੇ ਕਿਸਾਨ ਜਾਗਰੂਕਤਾ ਕੈਂਪ

ਸਿਵਲ ਵੈਟਰਨਰੀ ਹਸਪਤਾਲ ਤਲ੍ਹਣ ਵਿਖੇ ਪਸ਼ੂ ਭਲਾਈ ਤੇ ਕਿਸਾਨ ਜਾਗਰੂਕਤਾ ਕੈਂਪ

ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ, ਸਮੇਂ ਸਿਰ ਟੀਕਾਕਰਨ, ਸੰਤੁਲਿਤ ਖੁਰਾਕ ਤੇ ਵਿਗਿਆਨਕ ਪਸ਼ੂ ਪਾਲਣ ਬਾਰੇ ਦਿੱਤੀ ਜਾਣਕਾਰੀ

ਜਲੰਧਰ, 8 ਸਤੰਬਰ: ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਿਹਤ ਸੰਭਾਲ, ਰੋਗਾਂ ਦੀ ਰੋਕਥਾਮ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਸਿਵਲ ਵੈਟਰਨਰੀ ਹਸਪਤਾਲ ਤਲ੍ਹਣ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।

ਕੈਂਪ ਦੌਰਾਨ ਵੈਟਰਨਰੀ ਮਾਹਿਰਾਂ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਵਿੱਚ ਹੋਣ ਵਾਲੀਆਂ ਵੱਖ-ਵੱਖ ਬਿਮਾਰੀਆਂ ਦੀ ਪਛਾਣ ਅਤੇ ਰੋਕਥਾਮ, ਸਮੇਂ ਸਿਰ ਟੀਕਾਕਰਨ, ਸਫ਼ਾਈ ਤੇ ਸਹੀ ਸੰਭਾਲ ਦੇ ਨਾਲ-ਨਾਲ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪਸ਼ੂਆਂ ਦੀ ਉਤਪਾਦਕਤਾ ਵਧਾਉਣ ਲਈ ਵਿਗਿਆਨਕ ਢੰਗ ਨਾਲ ਪਸ਼ੂ ਪਾਲਣ ਦੀਆਂ ਤਕਨੀਕਾਂ ਅਪਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ।

ਬਿਮਾਰੀ ਦੇ ਲੱਛਣ ਦਿਖਣ ’ਤੇ ਖੁਦ ਇਲਾਜ ਨਾ ਕਰਨ ਦੀ ਸਲਾਹ

ਵੈਟਰਨਰੀ ਅਧਿਕਾਰੀਆਂ ਨੇ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਕਿ ਪਸ਼ੂ ਵਿੱਚ ਕਿਸੇ ਬਿਮਾਰੀ ਦੇ ਲੱਛਣ ਦਿਖਾਈ ਦੇਣ ’ਤੇ ਆਪਣੇ ਪੱਧਰ ’ਤੇ ਦਵਾਈ ਜਾਂ ਇਲਾਜ ਕਰਨ ਦੀ ਬਜਾਏ ਤੁਰੰਤ ਨਜ਼ਦੀਕੀ ਸਰਕਾਰੀ ਵੈਟਰਨਰੀ ਹਸਪਤਾਲ ਜਾਂ ਵੈਟਰਨਰੀ ਅਧਿਕਾਰੀ ਨਾਲ ਸੰਪਰਕ ਕੀਤਾ ਜਾਵੇ।

ਇਸ ਦੌਰਾਨ ਪਸ਼ੂ ਪਾਲਕਾਂ ਨੂੰ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਵੈਟਰਨਰੀ ਸਿਹਤ ਸੇਵਾਵਾਂ, ਟੀਕਾਕਰਨ ਅਤੇ ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।

ਪਸ਼ੂਆਂ ਦੀ ਚੰਗੀ ਸਿਹਤ ਨਾਲ ਜੁੜੀ ਹੈ ਪਸ਼ੂ ਪਾਲਕਾਂ ਦੀ ਆਮਦਨ: ਡਾ. ਰਾਮ ਮੂਰਤੀ

ਡਿਪਟੀ ਡਾਇਰੈਕਟਰ ਡਾ. ਰਾਮ ਮੂਰਤੀ ਨੇ ਕਿਹਾ ਕਿ ਪਸ਼ੂਆਂ ਦੀ ਸਿਹਤ ਸਿੱਧੇ ਤੌਰ ’ਤੇ ਪਸ਼ੂ ਪਾਲਕਾਂ ਦੀ ਆਮਦਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਨਾਲ ਜੁੜੀ ਹੋਈ ਹੈ। ਇਸ ਲਈ ਪਸ਼ੂ ਪਾਲਕਾਂ ਨੂੰ ਬਿਮਾਰੀਆਂ ਦੀ ਰੋਕਥਾਮ, ਸਮੇਂ ਸਿਰ ਟੀਕਾਕਰਨ ਅਤੇ ਸਹੀ ਇਲਾਜ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂਪਾਲਣ ਨੂੰ ਆਮਦਨ ਦਾ ਮਜ਼ਬੂਤ ਸਰੋਤ ਬਣਾਉਣ ਲਈ ਆਧੁਨਿਕ ਅਤੇ ਵਿਗਿਆਨਕ ਤਕਨੀਕਾਂ ਅਪਣਾਉਣ ਅਤੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਪੂਰਾ ਲਾਭ ਲੈਣ।

ਕੈਂਪ ਵਿੱਚ ਸਹਾਇਕ ਡਾਇਰੈਕਟਰ ਡਾ. ਕੁਲਵਿੰਦਰ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਜਸਬੀਰ, ਸਿਵਲ ਵੈਟਰਨਰੀ ਹਸਪਤਾਲ ਤਲ੍ਹਣ ਦੇ ਵੈਟਰਨਰੀ ਅਫ਼ਸਰ ਡਾ. ਭਾਰਤੀ ਰਾਜ, ਵੈਟਰਨਰੀ ਅਫ਼ਸਰ ਡਾ. ਸੁਮਿਤ ਅਤੇ ਗ੍ਰਾਮ ਪੰਚਾਇਤ ਤਲ੍ਹਣ ਦੇ ਸਰਪੰਚ ਹੰਸ ਰਾਜ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

Published on: 08 Sep 2026

Editor Info

Pushpinder Kaur
publictimes@gmail.com
+91 84278 93668