17 ਸਤੰਬਰ ਤੋਂ 17 ਅਕਤੂਬਰ ਤੱਕ ਚੱਲੇਗੀ ਮੁਹਿੰਮ; ਖੂਨਦਾਨ, ਸਿਹਤ ਜਾਂਚ, ਸਫ਼ਾਈ ਤੇ ਪੌਧਾਰੋਪਣ ਸਮੇਤ ਹੋਣਗੇ ਵੱਖ-ਵੱਖ ਪ੍ਰੋਗਰਾਮ
ਜਲੰਧਰ, 1 ਸਤੰਬਰ: ਪੰਜਾਬ ਭਾਰਤੀ ਜਨਤਾ ਪਾਰਟੀ ਵੱਲੋਂ ‘ਸੇਵਾ ਸੰਕਲਪ ਅਭਿਆਨ’ ਨੂੰ ਸੂਬੇ ਵਿੱਚ ਜ਼ਮੀਨੀ ਪੱਧਰ ’ਤੇ ਸਫ਼ਲ ਬਣਾਉਣ ਲਈ ਜਲੰਧਰ ਵਿਖੇ ਸੂਬਾ ਅਤੇ ਜ਼ਿਲ੍ਹਾ ਅਹੁਦੇਦਾਰਾਂ ਦੀ ਵਿਸ਼ੇਸ਼ ਬੈਠਕ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤੀ, ਜਦਕਿ ਪੰਜਾਬ ਭਾਜਪਾ ਦੇ ਨਵ-ਨਿਯੁਕਤ ਇੰਚਾਰਜ ਡਾ. ਸਤੀਸ਼ ਪੂਨੀਆ ਅਤੇ ਸੀਨੀਅਰ ਆਗੂ ਓ.ਪੀ. ਧਨਖੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਕੇਵਲ ਸਿੰਘ ਢਿੱਲੋਂ ਨੇ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਦੇਸ਼ ਨੇ ਆਰਥਿਕ, ਸਮਾਜਿਕ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਸੇਵਾ ਸੰਕਲਪ ਅਭਿਆਨ’ ਰਾਹੀਂ ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਪੰਜਾਬ ਦੇ ਹਰ ਇਲਾਕੇ ਤੱਕ ਲੈ ਕੇ ਜਾਣ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ।
17 ਸਤੰਬਰ ਤੋਂ ਸ਼ੁਰੂ ਹੋਵੇਗਾ ਅਭਿਆਨ
ਸੀਨੀਅਰ ਭਾਜਪਾ ਆਗੂ ਓ.ਪੀ. ਧਨਖੜ ਨੇ ਅਭਿਆਨ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੁਹਿੰਮ 17 ਸਤੰਬਰ ਤੋਂ 17 ਅਕਤੂਬਰ ਤੱਕ ਇੱਕ ਮਹੀਨੇ ਲਈ ਚਲਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਖੂਨਦਾਨ ਕੈਂਪ, ਮੁਫ਼ਤ ਸਿਹਤ ਜਾਂਚ ਕੈਂਪ, ਸਫ਼ਾਈ ਮੁਹਿੰਮਾਂ ਅਤੇ ਪੌਧਾਰੋਪਣ ਵਰਗੀਆਂ ਸਮਾਜਿਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ‘ਯੂਥ ਕਨੈਕਟ’ ਵਰਗੇ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਸਮਾਜਿਕ ਸੇਵਾ ਨਾਲ ਜੋੜਨ ਦੀ ਯੋਜਨਾ ਵੀ ਹੈ।
ਧਨਖੜ ਨੇ ਕਿਹਾ ਕਿ ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਕੈਂਪ ਲਗਾ ਕੇ ਉਨ੍ਹਾਂ ਯੋਗ ਲੋਕਾਂ ਤੱਕ ਸਰਕਾਰੀ ਯੋਜਨਾਵਾਂ ਅਤੇ ਸਹੂਲਤਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜੋ ਅਜੇ ਤੱਕ ਇਨ੍ਹਾਂ ਤੋਂ ਵਾਂਝੇ ਰਹਿ ਗਏ ਹਨ।
ਬੂਥ ਪੱਧਰ ਤੱਕ ਲਿਜਾਈ ਜਾਵੇਗੀ ਮੁਹਿੰਮ
ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਜ਼ਿਲ੍ਹਾ ਅਤੇ ਸੂਬਾ ਅਹੁਦੇਦਾਰਾਂ ਨੂੰ ਅਭਿਆਨ ਸਬੰਧੀ ਰਣਨੀਤਕ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁਹਿੰਮ ਦੀ ਸ਼ੁਰੂਆਤ 17 ਸਤੰਬਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੋਂ ਕੀਤੀ ਜਾਵੇਗੀ ਅਤੇ ਇਸਨੂੰ ਹਰ ਬੂਥ ਪੱਧਰ ਤੱਕ ਲਿਜਾਣ ਦਾ ਟੀਚਾ ਹੈ।
ਉਨ੍ਹਾਂ ਪਾਰਟੀ ਟੀਮਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸੰਪਰਕ ਵਧਾਉਣ ਲਈ ਕਿਹਾ।
ਬੈਠਕ ਦੌਰਾਨ ਪੰਜਾਬ ਭਾਜਪਾ ਨੇ ਆਉਣ ਵਾਲੇ ਇੱਕ ਮਹੀਨੇ ਲਈ ਸਮਾਜਿਕ ਅਤੇ ਸੰਗਠਨਾਤਮਕ ਗਤੀਵਿਧੀਆਂ ਦੀ ਰੂਪ-ਰੇਖਾ ਤਿਆਰ ਕੀਤੀ ਅਤੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ।