ਊਰਜਾ, ਰੱਖਿਆ, ਵਪਾਰ, ਪੁਲਾੜ ਤੇ ਨਿਵੇਸ਼ ਸਮੇਤ ਕਈ ਮੁੱਦਿਆਂ ’ਤੇ ਚਰਚਾ; ਪੁਤਿਨ ਨੂੰ ਨਵੀਂ ਦਿੱਲੀ ’ਚ ਹੋਣ ਵਾਲੇ BRICS Summit ਲਈ ਦਿੱਤਾ ਸੱਦਾ
ਬਿਸ਼ਕੇਕ, 31 ਅਗਸਤ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਚੱਲ ਰਹੇ 26ਵੇਂ ਸ਼ੰਘਾਈ ਸਹਿਯੋਗ ਸੰਗਠਨ (SCO) ਸਿਖਰ ਸੰਮੇਲਨ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੁਵੱਲੀ ਮੁਲਾਕਾਤ ਕੀਤੀ। ਦੋਵਾਂ ਆਗੂਆਂ ਵਿਚਾਲੇ ਭਾਰਤ-ਰੂਸ ਦੀ ‘Special and Privileged Strategic Partnership’ ਦੇ ਵੱਖ-ਵੱਖ ਪਹਿਲੂਆਂ ’ਤੇ ਵਿਸਥਾਰ ਨਾਲ ਚਰਚਾ ਹੋਈ।
ਪ੍ਰਧਾਨ ਮੰਤਰੀ ਮੋਦੀ ਨੇ X ’ਤੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਖੇਤਰਾਂ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਉਤਸ਼ਾਹਜਨਕ ਹੈ। ਉਨ੍ਹਾਂ ਮੁਤਾਬਕ ਊਰਜਾ, ਇਨੋਵੇਸ਼ਨ, ਪੁਲਾੜ, ਖਾਦ ਅਤੇ ਲੋਕਾਂ ਵਿਚਾਲੇ ਸੰਪਰਕ ਭਾਰਤ-ਰੂਸ ਸਹਿਯੋਗ ਦੇ ਪ੍ਰਮੁੱਖ ਖੇਤਰ ਬਣੇ ਹੋਏ ਹਨ।
‘ਅੰਤਹੀਣ ਜੰਗ ਤੋਂ ਜੰਗ ਦੇ ਅੰਤ ਵੱਲ ਵਧਣਾ ਹੋਵੇਗਾ’
ਮੁਲਾਕਾਤ ਦੌਰਾਨ ਯੂਕਰੇਨ ਸੰਘਰਸ਼ ਦਾ ਮੁੱਦਾ ਵੀ ਚਰਚਾ ਵਿੱਚ ਰਿਹਾ। ਪ੍ਰਧਾਨ ਮੰਤਰੀ ਮੋਦੀ ਨੇ ਸ਼ਾਂਤੀ ਸਥਾਪਤ ਕਰਨ ਲਈ ਕੀਤੇ ਜਾ ਰਹੇ ਸਾਰੇ ਯਤਨਾਂ ਪ੍ਰਤੀ ਭਾਰਤ ਦਾ ਸਮਰਥਨ ਦੁਹਰਾਇਆ।
ਉਨ੍ਹਾਂ ਕਿਹਾ ਕਿ ਜੰਗ ਵਿੱਚ ਬੀਤਣ ਵਾਲਾ ਹਰ ਦਿਨ ਮਨੁੱਖਤਾ ਨੂੰ ਪਿੱਛੇ ਲੈ ਜਾਂਦਾ ਹੈ, ਜਦਕਿ ਸ਼ਾਂਤੀ ਵੱਲ ਚੁੱਕਿਆ ਹਰ ਕਦਮ ਨਵੀਂ ਉਮੀਦ ਪੈਦਾ ਕਰਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਹੁਣ ਅੰਤਹੀਣ ਜੰਗ ਤੋਂ ਜੰਗ ਦੇ ਅੰਤ ਵੱਲ ਵਧਣਾ ਜ਼ਰੂਰੀ ਹੈ ਅਤੇ ਮੁੱਦਿਆਂ ਦਾ ਸ਼ਾਂਤੀਪੂਰਨ ਹੱਲ ਮਨੁੱਖਤਾ ਦੀ ਲੋੜ ਹੈ।
ਮੋਦੀ ਨੇ ਮਹਾਤਮਾ ਗਾਂਧੀ ਅਤੇ ਭਗਵਾਨ ਬੁੱਧ ਦੇ ਸ਼ਾਂਤੀ ਸੰਦੇਸ਼ ਦਾ ਹਵਾਲਾ ਦਿੰਦਿਆਂ ਕੂਟਨੀਤੀ ਅਤੇ ਸ਼ਾਂਤੀਪੂਰਨ ਹੱਲ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਪੁਤਿਨ ਨੂੰ BRICS Summit ਲਈ ਭਾਰਤ ਆਉਣ ਦਾ ਸੱਦਾ
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪੁਤਿਨ ਦੇ ਦਸੰਬਰ 2025 ਦੇ ਭਾਰਤ ਦੌਰੇ ਨੂੰ ਸਫ਼ਲ ਅਤੇ ਯਾਦਗਾਰ ਦੱਸਦਿਆਂ ਕਿਹਾ ਕਿ ਉਸ ਤੋਂ ਬਾਅਦ ਵੀ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਲਗਾਤਾਰ ਅੱਗੇ ਵਧਿਆ ਹੈ।
ਉਨ੍ਹਾਂ ਨੇ ਰਾਸ਼ਟਰਪਤੀ ਪੁਤਿਨ ਅਤੇ ਉਨ੍ਹਾਂ ਦੇ ਵਫ਼ਦ ਨੂੰ ਸਤੰਬਰ ਵਿੱਚ ਨਵੀਂ ਦਿੱਲੀ ਵਿੱਚ ਹੋਣ ਵਾਲੇ BRICS Summit ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਮੋਦੀ ਨੇ ਕਿਹਾ ਕਿ ਇਹ ਦੌਰਾ ਦੁਵੱਲੇ ਸਬੰਧਾਂ ਦੇ ਨਾਲ BRICS ਦੇ ਅੰਦਰ ਆਪਸੀ ਸਹਿਯੋਗ ਨੂੰ ਵੀ ਹੋਰ ਮਜ਼ਬੂਤ ਕਰੇਗਾ।
ਵਪਾਰ ਅਤੇ ਸੈਰ-ਸਪਾਟੇ ’ਚ ਵਾਧੇ ਦਾ ਪੁਤਿਨ ਨੇ ਕੀਤਾ ਜ਼ਿਕਰ
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਰਥਿਕ ਸਹਿਯੋਗ ਵਿੱਚ ਸਕਾਰਾਤਮਕ ਪ੍ਰਗਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਕਾਰੋਬਾਰ ਵਿੱਚ 2 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ।
ਉਨ੍ਹਾਂ ਨੇ ਭਾਰਤ ਅਤੇ ਰੂਸ ਵਿਚਾਲੇ ਸੈਰ-ਸਪਾਟੇ ਵਿੱਚ 16 ਫੀਸਦੀ ਵਾਧੇ ਅਤੇ ਰੂਸ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧਣ ਦਾ ਵੀ ਜ਼ਿਕਰ ਕੀਤਾ। ਪੁਤਿਨ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਦਿਲਚਸਪੀ ਦੀ ਵੀ ਸ਼ਲਾਘਾ ਕੀਤੀ।
ਗਰਮਜੋਸ਼ੀ ਨਾਲ ਮਿਲੇ ਮੋਦੀ-ਪੁਤਿਨ
ਦੋਵਾਂ ਆਗੂਆਂ ਦੀ ਮੁਲਾਕਾਤ Aksakal Meeting Room ਵਿੱਚ ਹੋਈ, ਜਿੱਥੇ ਮੋਦੀ ਅਤੇ ਪੁਤਿਨ ਨੇ ਹੱਥ ਮਿਲਾ ਕੇ ਅਤੇ ਗਲੇ ਮਿਲ ਕੇ ਇੱਕ-ਦੂਜੇ ਦਾ ਨਿੱਘਾ ਸਵਾਗਤ ਕੀਤਾ।
ਗੱਲਬਾਤ ਦੌਰਾਨ ਰੱਖਿਆ, ਊਰਜਾ, ਵਪਾਰ, ਅਰਥਵਿਵਸਥਾ, ਨਿਵੇਸ਼, ਪੁਲਾੜ ਅਤੇ ਹੋਰ ਆਪਸੀ ਹਿੱਤਾਂ ਵਾਲੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਅੱਗੇ ਵਧਾਉਣ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਬਿਸ਼ਕੇਕ ਵਿੱਚ ਹੋ ਰਹੇ SCO ਸਿਖਰ ਸੰਮੇਲਨ ਦਾ ਵਿਸ਼ਾ ‘Together for Sustainable Peace, Development and Prosperity’ ਰੱਖਿਆ ਗਿਆ ਹੈ। ਇਹ ਸੰਮੇਲਨ ਸੰਗਠਨ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਕਰਵਾਇਆ ਜਾ ਰਿਹਾ ਹੈ। ਮੋਦੀ-ਪੁਤਿਨ ਮੁਲਾਕਾਤ ਨੇ ਬਹੁਪੱਖੀ ਮੰਚਾਂ ਦੇ ਨਾਲ-ਨਾਲ ਭਾਰਤ ਅਤੇ ਰੂਸ ਵਿਚਾਲੇ ਉੱਚ ਪੱਧਰੀ ਸੰਵਾਦ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।