ਬਿਸ਼ਕੇਕ ’ਚ 26ਵੇਂ SCO ਸਿਖਰ ਸੰਮੇਲਨ ਨੂੰ ਕੀਤਾ ਸੰਬੋਧਨ; ਕਿਹਾ—ਜੰਗ ਦੇ ਮੈਦਾਨ ’ਚ ਨਹੀਂ, ਗੱਲਬਾਤ ਤੇ ਕੂਟਨੀਤੀ ਰਾਹੀਂ ਨਿਕਲੇਗਾ ਸੰਘਰਸ਼ਾਂ ਦਾ ਹੱਲ
ਬਿਸ਼ਕੇਕ, 1 ਸਤੰਬਰ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਹੋਏ 26ਵੇਂ ਸ਼ੰਘਾਈ ਸਹਿਯੋਗ ਸੰਗਠਨ (SCO) ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਅੱਤਵਾਦ ਖ਼ਿਲਾਫ਼ ਸਖ਼ਤ ਅਤੇ ਇਕਜੁੱਟ ਕਾਰਵਾਈ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਤਵਾਦ ਦੀ ਫੰਡਿੰਗ, ਭਰਤੀ, ਕੱਟੜਪੰਥ ਅਤੇ ਸੁਰੱਖਿਅਤ ਟਿਕਾਣਿਆਂ ਸਮੇਤ ਇਸ ਦੇ ਪੂਰੇ ਈਕੋਸਿਸਟਮ ਨੂੰ ਖ਼ਤਮ ਕਰਨ ਦੀ ਲੋੜ ਹੈ ਅਤੇ ਇਸ ਗੰਭੀਰ ਮੁੱਦੇ ’ਤੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।
ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਸਾਦਿਰ ਜਾਪਾਰੋਵ ਦੀ ਮੇਜ਼ਬਾਨੀ ਹੇਠ ਹੋਇਆ ਇਹ ਸੰਮੇਲਨ SCO ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ। ਇਸ ਦਾ ਵਿਸ਼ਾ ‘25 Years of the SCO: Together for Sustainable Peace, Development and Prosperity’ ਰੱਖਿਆ ਗਿਆ।
ਸੰਮੇਲਨ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਮੇਤ ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤਾਜਿਕਿਸਤਾਨ, ਬੇਲਾਰੂਸ ਅਤੇ ਹੋਰ ਮੈਂਬਰ ਦੇਸ਼ਾਂ ਦੇ ਆਗੂਆਂ ਨੇ ਹਿੱਸਾ ਲਿਆ।
Security, Connectivity ਅਤੇ Opportunity—ਮੋਦੀ ਨੇ ਦੱਸੇ ਤਿੰਨ ਮੁੱਖ ਥੰਮ੍ਹ
ਪ੍ਰਧਾਨ ਮੰਤਰੀ ਮੋਦੀ ਨੇ SCO ਲਈ ਭਾਰਤ ਦੇ ਨਜ਼ਰੀਏ ਨੂੰ ਤਿੰਨ ਮੁੱਖ ਥੰਮ੍ਹਾਂ—Security, Connectivity ਅਤੇ Opportunity—’ਤੇ ਆਧਾਰਿਤ ਦੱਸਿਆ। ਉਨ੍ਹਾਂ ਕਿਹਾ ਕਿ ਮੈਂਬਰ ਦੇਸ਼ਾਂ ਨੂੰ ਆਪਣੀ ਸਾਂਝੀ ਭੂਗੋਲਿਕ ਸਥਿਤੀ ਨੂੰ ਸਾਂਝੇ ਮੌਕਿਆਂ ਵਿੱਚ ਬਦਲਣਾ ਚਾਹੀਦਾ ਹੈ ਅਤੇ ਆਉਣ ਵਾਲੇ 25 ਸਾਲਾਂ ਵਿੱਚ ਵਿਚਾਰਾਂ ਨੂੰ ਠੋਸ ਨਤੀਜਿਆਂ ਵਿੱਚ ਤਬਦੀਲ ਕਰਨ ਵੱਲ ਵਧਣਾ ਚਾਹੀਦਾ ਹੈ।
‘ਅੱਤਵਾਦ ਕਿਸੇ ਲਈ ਰਣਨੀਤਕ ਹਥਿਆਰ ਨਹੀਂ ਹੋ ਸਕਦਾ’
ਅੱਤਵਾਦ ਦੇ ਮੁੱਦੇ ’ਤੇ ਮੋਦੀ ਨੇ ਕਿਹਾ ਕਿ ਇਸ ਦੇ ਪੂਰੇ ਤੰਤਰ ਨੂੰ ਤੋੜਨ ਲਈ ਸਾਰੇ ਦੇਸ਼ਾਂ ਨੂੰ ਇੱਕ ਆਵਾਜ਼ ਵਿੱਚ ਬੋਲਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਨੀਤੀ ਦੇ ਸਾਧਨ ਵਜੋਂ ਵਰਤਣ ਜਾਂ ਅੱਤਵਾਦੀਆਂ ਨੂੰ ਪਨਾਹ ਅਤੇ ਸਹਾਇਤਾ ਦੇਣ ਵਾਲਿਆਂ ਨੂੰ ਸਪੱਸ਼ਟ ਸੰਦੇਸ਼ ਮਿਲਣਾ ਚਾਹੀਦਾ ਹੈ ਕਿ ਅੱਤਵਾਦ ਕਿਸੇ ਵੀ ਦੇਸ਼ ਲਈ ਰਣਨੀਤਕ ਸੰਪਤੀ ਨਹੀਂ ਹੋ ਸਕਦਾ।
ਮੋਦੀ ਨੇ ਇਹ ਟਿੱਪਣੀਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਸਮੇਤ ਹੋਰ SCO ਆਗੂਆਂ ਦੀ ਮੌਜੂਦਗੀ ਵਿੱਚ ਕੀਤੀਆਂ।
ਅਫ਼ਗਾਨਿਸਤਾਨ ’ਚ ਸ਼ਾਂਤੀ ਨੂੰ ਖੇਤਰੀ ਸਥਿਰਤਾ ਲਈ ਦੱਸਿਆ ਅਹਿਮ
ਪ੍ਰਧਾਨ ਮੰਤਰੀ ਨੇ ਯੂਰੇਸ਼ੀਆਈ ਖੇਤਰ ਦੀ ਸਥਿਰਤਾ ਨੂੰ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਨਾਲ ਜੋੜਦਿਆਂ ਉੱਥੇ ਭਾਰਤ ਵੱਲੋਂ ਦਿੱਤੀ ਜਾ ਰਹੀ ਵਿਕਾਸ ਅਤੇ ਮਨੁੱਖੀ ਸਹਾਇਤਾ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਨੌਜਵਾਨਾਂ ਅਤੇ ਖੇਤਰੀ ਸੁਰੱਖਿਆ ਲਈ ਵੱਡਾ ਖ਼ਤਰਾ ਦੱਸਿਆ। ਮੋਦੀ ਨੇ ਸੁਰੱਖਿਆ ਖ਼ਤਰਿਆਂ, ਸੰਗਠਿਤ ਅਪਰਾਧ, ਸੂਚਨਾ ਸੁਰੱਖਿਆ ਅਤੇ ਨਸ਼ਾ ਤਸਕਰੀ ਨਾਲ ਨਜਿੱਠਣ ਲਈ SCO ਦੇ ਵੱਖ-ਵੱਖ ਕੇਂਦਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਹਾਰਕ ਤਾਲਮੇਲ ਦੇ ਪ੍ਰਭਾਵਸ਼ਾਲੀ ਸਾਧਨ ਬਣਾਉਣ ’ਤੇ ਜ਼ੋਰ ਦਿੱਤਾ।
‘ਜੰਗ ਦੇ ਮੈਦਾਨ ’ਚ ਕਿਸੇ ਸਮੱਸਿਆ ਦਾ ਹੱਲ ਨਹੀਂ’
ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਸੰਘਰਸ਼ਾਂ, ਖ਼ਾਸ ਕਰਕੇ ਪੱਛਮੀ ਏਸ਼ੀਆ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਖੇਤਰ ਦੀ ਅਸਥਿਰਤਾ ਦਾ ਅਸਰ ਵਿਸ਼ਵ ਊਰਜਾ ਸੁਰੱਖਿਆ, ਸਮੁੰਦਰੀ ਵਪਾਰ ਅਤੇ ਸਪਲਾਈ ਚੇਨ ’ਤੇ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਬੋਝ Global South ਦੇ ਦੇਸ਼ਾਂ ਨੂੰ ਝੱਲਣਾ ਪੈਂਦਾ ਹੈ। ਮੋਦੀ ਨੇ ਜ਼ੋਰ ਦਿੱਤਾ ਕਿ ਜੰਗ ਦੇ ਮੈਦਾਨ ਵਿੱਚ ਕੋਈ ਹੱਲ ਨਹੀਂ ਨਿਕਲ ਸਕਦਾ ਅਤੇ ਸਾਰੀਆਂ ਜੰਗਾਂ ਤੇ ਸੰਘਰਸ਼ਾਂ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਕੀਤਾ ਜਾਣਾ ਚਾਹੀਦਾ ਹੈ।
Connectivity ਲਈ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਜ਼ਰੂਰੀ
ਕਨੈਕਟੀਵਿਟੀ ਬਾਰੇ ਮੋਦੀ ਨੇ ਬਾਜ਼ਾਰਾਂ ਨੂੰ ਜੋੜਨ, ਵਪਾਰ ਨੂੰ ਸੁਖਾਲਾ ਬਣਾਉਣ ਅਤੇ ਵਿਕਾਸ ਦੇ ਨਵੇਂ ਰਸਤੇ ਖੋਲ੍ਹਣ ਵਾਲੀਆਂ ਪਹਿਲਕਦਮੀਆਂ ਦਾ ਸਮਰਥਨ ਕੀਤਾ।
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਪ੍ਰਾਜੈਕਟਾਂ ਵਿੱਚ ਹਰੇਕ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਪੂਰਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
Opportunity ਦੇ ਤੀਜੇ ਥੰਮ੍ਹ ਤਹਿਤ ਉਨ੍ਹਾਂ ਲੋਕਾਂ ਵਿਚਾਲੇ ਸੰਪਰਕ, ਨੌਜਵਾਨਾਂ ਦੀ ਭਾਗੀਦਾਰੀ, ਸਟਾਰਟਅੱਪਸ, ਕਿਸਾਨਾਂ ਲਈ ਤਕਨਾਲੋਜੀ ਅਤੇ ਆਮ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ’ਤੇ ਜ਼ੋਰ ਦਿੱਤਾ।
ਭਾਰਤ ਕਰੇਗਾ ਪਹਿਲੇ ‘SCO Civilisation Dialogue Forum’ ਦੀ ਮੇਜ਼ਬਾਨੀ
ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਪਹਿਲੇ SCO Civilisation Dialogue Forum ਦੀ ਮੇਜ਼ਬਾਨੀ ਕਰੇਗਾ। ਇਸ ਪਹਿਲ ਦਾ ਪ੍ਰਸਤਾਵ ਨਵੀਂ ਦਿੱਲੀ ਵੱਲੋਂ ਪਿਛਲੇ ਸਾਲ ਰੱਖਿਆ ਗਿਆ ਸੀ।
ਸੰਮੇਲਨ ਦੌਰਾਨ ਆਗੂਆਂ ਨੇ SCO ਦੀ 25ਵੀਂ ਵਰ੍ਹੇਗੰਢ ਨਾਲ ਸਬੰਧਤ Bishkek Declaration ਨੂੰ ਅਪਣਾਇਆ। ਸੰਗਠਨ ਦੇ ਚਾਰਟਰ ਵਿੱਚ ਸੋਧ ਨਾਲ ਸਬੰਧਤ ਪ੍ਰੋਟੋਕੋਲ ਅਤੇ SCO ਮੈਂਬਰ ਦੇਸ਼ਾਂ ਦੀ ਸੁਰੱਖਿਆ ਨੂੰ ਦਰਪੇਸ਼ ਚੁਣੌਤੀਆਂ ਤੇ ਖ਼ਤਰਿਆਂ ਨਾਲ ਨਜਿੱਠਣ ਲਈ Universal Centre ਸਬੰਧੀ ਨਿਯਮਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਇਸ ਤੋਂ ਇਲਾਵਾ ਨਸ਼ਾ ਵਿਰੋਧੀ ਕਾਰਵਾਈ, ਬੰਦਰਗਾਹ ਅਤੇ ਲੌਜਿਸਟਿਕਸ ਵਿਕਾਸ, ਗ੍ਰੀਨ ਟੈਕਨਾਲੋਜੀ, ਜੈਵ ਵਿਭਿੰਨਤਾ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡਾਟਾ ਸੈਂਟਰਾਂ ਸਮੇਤ ਕਈ ਖੇਤਰਾਂ ਨਾਲ ਸਬੰਧਤ ਫ਼ੈਸਲੇ ਵੀ ਕੀਤੇ ਗਏ। ਭਾਰਤ ਵੱਲੋਂ ਸੰਮੇਲਨ ਦੇ ਕਰੀਬ 13 ਪ੍ਰਮੁੱਖ ਨਤੀਜਿਆਂ ਨੂੰ ਉਜਾਗਰ ਕੀਤਾ ਗਿਆ।
ਪਾਕਿਸਤਾਨ ਸੰਭਾਲੇਗਾ SCO ਦੀ ਅਗਲੀ ਪ੍ਰਧਾਨਗੀ
ਸੰਮੇਲਨ ਦੇ ਅੰਤ ਵਿੱਚ ਘੋਸ਼ਣਾ ਪੱਤਰ ਅਤੇ ਹੋਰ ਸਬੰਧਤ ਦਸਤਾਵੇਜ਼ਾਂ ’ਤੇ ਸਹਿਮਤੀ ਬਣੀ। 2026-27 ਲਈ SCO ਦੀ ਪ੍ਰਧਾਨਗੀ ਪਾਕਿਸਤਾਨ ਵੱਲੋਂ ਸੰਭਾਲੀ ਜਾਣੀ ਹੈ, ਜਦਕਿ ਲਾਹੌਰ ਨੂੰ ਇਸ ਮਿਆਦ ਲਈ SCO Tourism and Cultural Capital ਵਜੋਂ ਨਾਮਜ਼ਦ ਕੀਤਾ ਗਿਆ ਹੈ।