Tuesday, 9 June 2026
ਪੰਜਾਬ ਵਿੱਚ 20 ਤੋਂ 25 ਜੂਨ ਦਰਮਿਆਨ ਮਾਨਸੂਨ ਦੀ ਐਂਟਰੀ ਦੇ ਆਸਾਰ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਪੰਜਾਬ ਵਿੱਚ 20 ਤੋਂ 25 ਜੂਨ ਦਰਮਿਆਨ ਮਾਨਸੂਨ ਦੀ ਐਂਟਰੀ ਦੇ ਆਸਾਰ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਚੰਡੀਗੜ੍ਹ, ਪਬਲਿਕ ਟਾਈਮਜ਼ : ਪੰਜਾਬ ਵਿੱਚ ਤਪਦੀ ਗਰਮੀ ਤੋਂ ਰਾਹਤ ਦੀ ਉਮੀਦ ਕਰ ਰਹੇ ਲੋਕਾਂ ਲਈ ਮੌਸਮ ਵਿਭਾਗ ਵੱਲੋਂ ਅਹਿਮ ਅਪਡੇਟ ਸਾਹਮਣੇ ਆਈ ਹੈ। ਵਿਭਾਗ ਦੇ ਅਨੁਸਾਰ ਜੇਕਰ ਮਾਨਸੂਨ ਦੀ ਮੌਜੂਦਾ ਗਤੀ ਜਾਰੀ ਰਹਿੰਦੀ ਹੈ ਅਤੇ ਮੌਸਮੀ ਹਾਲਾਤ ਅਨੁਕੂਲ ਰਹੇ ਤਾਂ 20 ਤੋਂ 25 ਜੂਨ ਦੇ ਵਿਚਕਾਰ ਮਾਨਸੂਨ ਪੰਜਾਬ ਵਿੱਚ ਪਹੁੰਚ ਸਕਦਾ ਹੈ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਾਲ ਸੂਬੇ ਵਿੱਚ ਮਾਨਸੂਨੀ ਬਾਰਿਸ਼ ਆਮ ਦੇ ਮੁਕਾਬਲੇ 8 ਤੋਂ 10 ਫ਼ੀਸਦੀ ਘੱਟ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਦੇ ਮੱਧ ਤੋਂ ਪ੍ਰੀ-ਮਾਨਸੂਨ ਗਤੀਵਿਧੀਆਂ ਸਰਗਰਮ ਹੋ ਸਕਦੀਆਂ ਹਨ, ਜਿਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਗਰਜ-ਚਮਕ ਦੇ ਨਾਲ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਬਣ ਸਕਦੀ ਹੈ।

ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਈ ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 2.2 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਇਸ ਨਾਲ ਪੰਜਾਬ ਦਾ ਤਾਪਮਾਨ ਆਮ ਨਾਲੋਂ 3.4 ਡਿਗਰੀ ਸੈਲਸੀਅਸ ਘੱਟ ਰਿਹਾ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਹਿਸੂਸ ਹੋਈ ਹੈ।

ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਸੂਬੇ ਦੇ ਕਈ ਖੇਤਰਾਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਮਾਹਿਰਾਂ ਅਨੁਸਾਰ 8 ਜੂਨ ਤੋਂ ਬਾਅਦ ਮੌਸਮ ਇੱਕ ਵਾਰ ਫਿਰ ਖੁਸ਼ਕ ਹੋ ਸਕਦਾ ਹੈ, ਜਿਸ ਕਾਰਨ ਗਰਮੀ ਅਤੇ ਧੁੱਪ ਦਾ ਅਸਰ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਸਥਿਤੀ ਲੰਬੇ ਸਮੇਂ ਤੱਕ ਨਹੀਂ ਰਹੇਗੀ ਕਿਉਂਕਿ 11 ਜੂਨ ਤੋਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਦੀ ਉਮੀਦ ਹੈ, ਜਿਸ ਦੇ ਪ੍ਰਭਾਵ ਹੇਠ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੁੜ ਬਾਰਿਸ਼ ਹੋ ਸਕਦੀ ਹੈ।

ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਚੇਤਾਵਨੀਆਂ ਅਤੇ ਅਪਡੇਟਾਂ 'ਤੇ ਨਜ਼ਰ ਬਣਾਈ ਰੱਖਣ।

Published on: 08 Jun 2026

Editor Info

Pushpinder Kaur
publictimes@gmail.com
+91 84278 93668