Wednesday, 29 July 2026
ਪਿੰਡ ਟੁਰਨਾ ਵਿੱਚ ‘ਮੇਰਾ ਪਿੰਡ 360 ਸੈਂਟਰ’ ਦੀ ਸ਼ੁਰੂਆਤ, ਸਮਾਜ ਸੇਵੀ ਸੰਸਥਾਵਾਂ ਲੋਕ ਭਲਾਈ ਵਿੱਚ ਨਿਭਾ ਰਹੀਆਂ ਅਹਿਮ ਭੂਮਿਕਾ: ਬਾਲ ਮੁਕੰਦ ਸ਼ਰਮਾ

ਪਿੰਡ ਟੁਰਨਾ ਵਿੱਚ ‘ਮੇਰਾ ਪਿੰਡ 360 ਸੈਂਟਰ’ ਦੀ ਸ਼ੁਰੂਆਤ, ਸਮਾਜ ਸੇਵੀ ਸੰਸਥਾਵਾਂ ਲੋਕ ਭਲਾਈ ਵਿੱਚ ਨਿਭਾ ਰਹੀਆਂ ਅਹਿਮ ਭੂਮਿਕਾ: ਬਾਲ ਮੁਕੰਦ ਸ਼ਰਮਾ

ਨੌਜਵਾਨਾਂ ਨੂੰ ਪੜ੍ਹਾਈ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਨ ਲਈ ਖੁੱਲ੍ਹੇਗੀ ਲਾਇਬ੍ਰੇਰੀ

ਲੋਹੀਆਂ (ਜਲੰਧਰ), 28 ਜੁਲਾਈ: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਹੈ ਕਿ ਸਮਾਜ ਸੇਵੀ ਸੰਸਥਾਵਾਂ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕ ਭਲਾਈ ਦੇ ਕਾਰਜਾਂ ਵਿੱਚ ਸ਼ਲਾਘਾਯੋਗ ਯੋਗਦਾਨ ਪਾ ਰਹੀਆਂ ਹਨ। ਉਹ ਅੱਜ ਪਿੰਡ ਟੁਰਨਾ ਵਿਖੇ ‘ਮੇਰਾ ਪਿੰਡ 360 ਸੈਂਟਰ’ ਦੀ ਸ਼ੁਰੂਆਤ ਮੌਕੇ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਾਂਝੇ ਉਪਰਾਲਿਆਂ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿੱਖਿਆ, ਸਿਹਤ ਅਤੇ ਸਮਾਜਿਕ ਵਿਕਾਸ ਦੇ ਖੇਤਰ ਵਿੱਚ ਸਕਾਰਾਤਮਕ ਬਦਲਾਅ ਲਿਆਂਦੇ ਜਾ ਸਕਦੇ ਹਨ।

ਪਿੰਡ ਵਿੱਚ ਬਣੇਗੀ ਆਧੁਨਿਕ ਲਾਇਬ੍ਰੇਰੀ

ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਪਿੰਡ ਦੇ ਜੰਮਪਲ ਪਰਿਵਾਰ ਦੇ ਸਹਿਯੋਗ ਨਾਲ ਇਸ ਪ੍ਰਾਜੈਕਟ ਤਹਿਤ ਇੱਕ ਲਾਇਬ੍ਰੇਰੀ ਸਥਾਪਤ ਕੀਤੀ ਜਾਵੇਗੀ, ਜਿਸ ਲਈ ਕਿਤਾਬਾਂ ਪਹਿਲਾਂ ਹੀ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਨਾਲ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ ਵਧੇਗੀ ਅਤੇ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਇਸ ਵਿੱਚ ਲਾਇਬ੍ਰੇਰੀ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਇਸ ਮੌਕੇ ਸ਼ਾਹਕੋਟ ਦੇ ਐਸ.ਡੀ.ਐਮ. ਆਦਿਤਿਆ ਗੁਪਤਾ ਵੀ ਹਾਜ਼ਰ ਸਨ।

ਜੱਦੀ ਘਰ ਨੂੰ ਸਮਾਜ ਸੇਵਾ ਲਈ ਕੀਤਾ ਸਮਰਪਿਤ

ਉਨ੍ਹਾਂ ਦੱਸਿਆ ਕਿ ਪਿੰਡ ਦੇ ਹਾਂਡਾ ਪਰਿਵਾਰ ਦੀ ਸਰੂਚੀ ਹਾਂਡਾ, ਪਤਨੀ ਆਜ਼ਾਦ ਐਸ. ਹਾਂਡਾ (ਆਸਟ੍ਰੇਲੀਆ) ਦੇ ਪਰਿਵਾਰ ਵੱਲੋਂ ਆਪਣਾ ਜੱਦੀ ਘਰ ‘ਮੇਰਾ ਪਿੰਡ 360 ਫਾਊਂਡੇਸ਼ਨ’ ਨੂੰ ਸਮਾਜ ਸੇਵਾ ਦੇ ਕਾਰਜਾਂ ਲਈ ਸਮਰਪਿਤ ਕੀਤਾ ਗਿਆ ਹੈ।

ਬਾਲ ਮੁਕੰਦ ਸ਼ਰਮਾ ਨੇ ਫਾਊਂਡੇਸ਼ਨ ਦੇ ਸੰਸਥਾਪਕ ਭੁਪਿੰਦਰ ਸਿੰਘ ਹੁੰਦਲ ਵੱਲੋਂ ਪਿੰਡ ਅਤੇ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ।

ਸਾਂਝੇ ਯਤਨਾਂ ਨਾਲ ਹੋਵੇਗਾ ਸਮਾਜ ਦਾ ਵਿਕਾਸ

ਚੇਅਰਮੈਨ ਨੇ ਸਮਾਜ ਦੇ ਹੋਰਨਾਂ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਜਿਹੇ ਲੋਕ ਭਲਾਈ ਕਾਰਜਾਂ ਵਿੱਚ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਸਿੱਖਿਆ, ਸਿਹਤ, ਨੌਜਵਾਨਾਂ ਦੀ ਭਲਾਈ ਅਤੇ ਹੋਰ ਸਮਾਜਿਕ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ।

ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣ, ਸਮਾਜ ਸੇਵੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ।

Published on: 29 Jul 2026

Editor Info

Pushpinder Kaur
publictimes@gmail.com
+91 84278 93668