ਲੁਧਿਆਣਾ ਦੇ ਆਰ.ਕੇ. ਰੋਡ ‘ਤੇ ਸਥਿਤ ਇੱਕ ਟੂਲ ਨਿਰਮਾਣ ਫੈਕਟਰੀ ਵਿੱਚ ਸੋਮਵਾਰ ਨੂੰ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਦਰਦਨਾਕ ਘਟਨਾ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਪਿਤਾ-ਪੁੱਤਰ ਵੀ ਸ਼ਾਮਲ ਹਨ। ਗੈਸ ਫੈਲਣ ਨਾਲ ਫੈਕਟਰੀ ਵਿੱਚ ਹੜਕੰਪ ਮਚ ਗਿਆ ਅਤੇ ਕਈ ਹੋਰ ਕਰਮਚਾਰੀ ਬੇਹੋਸ਼ ਹੋ ਗਏ। ਦੋ ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਕੰਮ ਰੋਜ਼ਾਨਾ ਵਾਂਗ ਚੱਲ ਰਿਹਾ ਸੀ ਕਿ ਅਚਾਨਕ ਗੈਸ ਪਾਈਪਲਾਈਨ ਜਾਂ ਸਿਲੰਡਰ ਵਿੱਚੋਂ ਰਿਸਾਅ ਹੋਣਾ ਸ਼ੁਰੂ ਹੋ ਗਿਆ। ਕੁਝ ਹੀ ਪਲਾਂ ਵਿੱਚ ਜ਼ਹਿਰੀਲੀ ਗੈਸ ਪੂਰੇ ਇਲਾਕੇ ਵਿੱਚ ਫੈਲ ਗਈ। ਗੈਸ ਦਾ ਪ੍ਰਭਾਵ ਇੰਨਾ ਤੇਜ਼ ਸੀ ਕਿ ਮਜ਼ਦੂਰਾਂ ਨੂੰ ਬਚਣ ਜਾਂ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। ਸਾਹ ਲੈਣ ਵਿੱਚ ਦਿੱਕਤ ਅਤੇ ਅੱਖਾਂ ਵਿੱਚ ਜਲਣ ਕਾਰਨ ਕਈ ਕਰਮਚਾਰੀ ਥਾਂ ‘ਤੇ ਹੀ ਡਿੱਗ ਪਏ।
ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਮਾਨਾ ਅਤੇ ਉਸ ਦੇ ਪੁੱਤਰ ਅਮਿਤ ਵਜੋਂ ਹੋਈ ਹੈ। ਤੀਜੇ ਵਿਅਕਤੀ ਦੀ ਪਛਾਣ ਕਰਨ ਲਈ ਪੁਲਿਸ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਪਿਤਾ-ਪੁੱਤਰ ਮਸ਼ੀਨ ਦੇ ਹੇਠਾਂ ਇਕੱਠੀ ਹੋ ਰਹੀ ਮਿੱਟੀ ਨੂੰ ਟ੍ਰਾਲੀ ਵਿੱਚ ਭਰ ਰਹੇ ਸਨ, ਜਿਸ ਦੌਰਾਨ ਉਹ ਸਿੱਧੇ ਤੌਰ ‘ਤੇ ਗੈਸ ਦੀ ਲਪੇਟ ਵਿੱਚ ਆ ਗਏ।
ਅਮਿਤ ਆਪਣੇ ਪਿੱਛੇ ਪਤਨੀ, ਇੱਕ ਸਾਲ ਦੀ ਧੀ, ਦੋ ਭੈਣਾਂ ਅਤੇ ਛੋਟੇ ਭਰਾ ਨੂੰ ਛੱਡ ਗਿਆ ਹੈ। ਘਰ ਦੇ ਦੋ ਕਮਾਉਂਦੇ ਮੈਂਬਰਾਂ ਦੀ ਇਕੱਠੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ, ਪ੍ਰਸ਼ਾਸਨ ਅਤੇ ਰਾਹਤ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ, ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਹਾਦਸੇ ਦਾ ਕਾਰਨ ਗੈਸ ਲੀਕ ਮੰਨਿਆ ਜਾ ਰਿਹਾ ਹੈ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਫੈਕਟਰੀ ਵਿੱਚ ਸੁਰੱਖਿਆ ਮਿਆਰਾਂ ਦੀ ਪਾਲਣਾ ਹੋ ਰਹੀ ਸੀ ਜਾਂ ਨਹੀਂ। ਥਾਣਾ ਮੋਤੀ ਨਗਰ ਦੇ ਐਸ.ਐਚ.ਓ. ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਜਾਰੀ ਹੈ ਅਤੇ ਜਲਦ ਹੀ ਹੋਰ ਤੱਥ ਸਾਹਮਣੇ ਲਿਆਂਦੇ ਜਾਣਗੇ।